ਨਾਰਦਨ ਰੇਲਵੇ ਵਿਜੀਲੈਂਸ ਟੀਮ ਦਾ ਸੀਨੀਅਰ ਸੈਕਸ਼ਨ ਇੰਜੀਨੀਅਰ ਦਫ਼ਤਰ ''ਤੇ ਛਾਪਾ
Saturday, Apr 07, 2018 - 10:47 AM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਰੇਲਵੇ ਵਿਭਾਗ 'ਚ ਉਸ ਵੇਲੇ ਹਲਚਲ ਪੈਦਾ ਹੋ ਗਈ ਜਦੋਂ ਦਿੱਲੀ ਦੀ ਨਾਰਦਨ ਰੇਲਵੇ ਵਿਜੀਲੈਂਸ ਦੀ ਟੀਮ ਨੇ ਸਥਾਨਕ ਬੂੜਾ ਗੁੱਜਰ ਰੋਡ ਸਥਿਤ ਰੇਲਵੇ ਫਾਟਕ ਨੇੜੇ ਸੀਨੀਅਰ ਸੈਕਸ਼ਨ ਇੰਜੀਨੀਅਰ ਦਫ਼ਤਰ ਵਿਖੇ ਛਾਪਾ ਮਾਰਿਆ। ਇਸ ਦੌਰਾਨ ਵਿਭਾਗ ਦੇ ਕਰਮਚਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਇਸ ਮੌਕੇ ਕਿਸੇ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਵਿਜੀਲੈਂਸ ਦਾ ਛਾਪਾ ਕਿਸ ਕਾਰਨ ਪਿਆ।
ਇਸ ਸਬੰਧੀ ਜਦ ਜਗਬਾਣੀ ਦੇ ਪੱਤਰਕਾਰ ਨੇ ਮੌਕੇ 'ਤੇ ਜਾ ਕੇ ਪਤਾ ਕੀਤਾ ਤਾਂ ਸਾਰਾ ਮਾਮਲਾ ਸਾਫ ਹੋ ਗਿਆ। ਦਰਅਸਲ ਉਥੇ ਮੌਜੂਦ ਵਿਭਾਗ ਦੇ ਕਰਮਚਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਪਿਛਲੇ ਕਰੀਬ ਚਾਰ-ਪੰਜ ਸਾਲਾਂ ਤੋਂ ਦਫ਼ਤਰ ਵਿਖੇ ਕਥਿਤ ਰੂਪ ਵਿਚ ਲੱਖਾਂ ਰੁਪਏ ਦਾ ਘਪਲਾ ਚੱਲ ਰਿਹਾ ਸੀ। ਜਿਸਦੀ ਸ਼ਿਕਾਇਤ ਟੀਮ ਨੂੰ ਕੀਤੀ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਕਰਨ ਲਈ ਟੀਮ ਨੇ ਅਚਾਨਕ ਛਾਪਾ ਮਾਰਿਆ। ਇਸ ਮੌਕੇ ਸਾਰੇ ਕਰਮਚਾਰੀ ਡਰੇ ਜਿਹੇ ਮਹਿਸੂਸ ਕਰ ਰਹੇ ਸਨ। ਨਾਰਦਨ ਰੇਲਵੇ ਵਿਜੀਲੈਂਸ ਦਿੱਲੀ ਦੇ ਚੀਫ ਇੰਸਪੈਕਟਰ ਸੁਧੀਰ ਸੈਣੀ ਤੇ ਅਸ਼ਵਨੀ ਸ਼ਾਹ ਨੇ ਦੱਸਿਆ ਕਿ ਵਿਭਾਗ ਦੀਆਂ ਹਦਾਇਤਾ ਅਨੁਸਾਰ ਜਾਂਚ ਲਈ ਇਥੇ ਪਹੁੰਚੇ ਹਨ ਪਰ ਉਹ ਇਸ ਮਾਮਲੇ ਬਾਰੇ ਕੁਝ ਨਹੀਂ ਦੱਸ ਸਕਦੇ ਕਿਉਂਕਿ ਅਜੇ ਜਾਂਚ ਚਲ ਰਹੀ ਹੈ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਇਹ ਸਾਰੀ ਰਿਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੌਂਪਣ ਤੋਂ ਬਾਅਦ ਹੀ ਵਿਭਾਗੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਜਦਕਿ ਦੂਜੇ ਪਾਸੇ ਰੇਲਵੇ ਵਿਭਾਗ ਦਾ ਕੋਈ ਅਧਿਕਾਰੀ ਕੁਝ ਨਹੀਂ ਦੱਸ ਰਿਹਾ ਸੀ ਅਤੇ ਸਾਰਿਆਂ ਦੇ ਹੀ ਚਿਹਰਿਆਂ ਤੇ ਡਰ ਸਪੱਸ਼ਟ ਝਲਕ ਰਿਹਾ ਸੀ।
ਕੀ ਕਹਿਣਾ ਹੈ ਵਿਭਾਗ ਦੇ ਦਫਤਰ ਸੁਪਰਡੈਂਟ ਦਾ
ਦਫ਼ਤਰ ਸੁਪਰਡੈਂਟ ਸੁਰਿੰਦਰਪਾਲ ਸਿੰਘ ਨੇ ਦੱਸਿਅ ਕਿ 29 ਮਈ 2017 ਨੂੰ ਇਹ ਆਹੁਦਾ ਸੰਭਾਲਿਆ ਸੀ ਅਤੇ ਇਹ ਘਪਲੇਬਾਜ਼ੀ ਉਨ੍ਹਾਂ ਦੇ ਸਮੇਂ ਤੋਂ ਪਹਿਲਾ ਦੀ ਹੈ ਅਤੇ ਅੱਜ ਆਈ ਵਿਜੀਲੈਂਸ ਟੀਮ ਵਲੋਂ ਜੋ ਪਿਛਲਾ ਰਿਕਾਰਡ ਮੰਗਿਆ ਸੀ, ਉਹ ਟੀਮ ਨੂੰ ਮੁਹੱਈਆ ਕਰਵਾ ਦਿੱਤਾ ਗਿਆ ਹੈ।
ਕੀ ਕਹਿਣਾ ਰੇਲਵੇ ਦੇ ਕਰਮਚਾਰੀ ਦਾ
ਇਸੇ ਦੌਰਾਨ ਆਪਣਾ ਨਾਮ ਨਾ ਛੱਪਣ ਦੀ ਸ਼ਰਤ ਤੇ ਰੇਲਵੇ ਵਿਭਾਗ ਦੇ ਇਕ ਕਰਮਚਾਰੀ ਨੇ ਦੱਸਿਆ ਕਿ ਇਸ ਦਫ਼ਤਰ ਦਾ ਕੰਮ ਮੌਜੂਦਾ ਸੁਪਰਡੈਂਟ ਸੁਰਿੰਦਰਪਾਲ ਦੇ ਚਾਰਜ ਸੰਭਾਲਣ ਤੋਂ ਪਹਿਲਾ ਸੁਰਿੰਦਰ ਕੁਮਾਰ ਸੀਨੀਅਰ ਸੈਕਸ਼ਨ ਇੰਜੀਨੀਅਰ ਰੇਲਵੇ ਪੱਥ ਪੀ.ਡਬਲਯੂ. ਆਈ., ਸੰਤ ਰਾਮ ਸੋਟਰ ਹੈਂਡ ਖੁਲਾਸੀ ਅਤੇ ਜੇ. ਈ. ਘਣਸ਼ਿਆਮ ਲਾਲ ਵੱਲੋਂ ਸਾਰਾ ਕੰਮਕਾਜ ਦੇਖਿਆ ਜਾਂਦਾ ਸੀ। ਕਰਮਚਾਰੀ ਅਨੁਸਾਰ ਇਸੇ ਸਮੇਂ ਦੌਰਾਨ ਯਾਤਰਾ ਭੱਤੇ 'ਚ ਲੱਖਾ ਰੁਪਏ ਦਾ ਘਪਲਾ ਹੈ ਜੋ ਵਿਜੀਲੈਂਸ ਦੀ ਜਾਂਚ ਰਿਪੋਰਟ ਵਿਚ ਸਾਹਮਣੇ ਆ ਜਾਵੇਗਾ।