ਮੋਗਾ ਪੁਲਸ ਦੀ ਵੱਡੀ ਕਾਰਵਾਈ, ਗੈਂਗਸਟਰਾਂ ਦੇ ਸਹਿਯੋਗੀਆਂ ਦੇ ਸ਼ੱਕੀ 96 ਠਿਕਾਣਿਆਂ ’ਤੇ ਛਾਪੇਮਾਰੀ
Saturday, Feb 04, 2023 - 04:17 PM (IST)
ਮੋਗਾ (ਆਜ਼ਾਦ) : ਜ਼ਿਲ੍ਹਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਡੀ. ਜੀ. ਪੀ. ਵੱਲੋਂ ਸਾਰੇ ਜ਼ਿਲ੍ਹਿਆਂ ਦੇ ਪੁਲਸ ਮੁਖੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਗੈਂਗਸਟਰਾਂ ਦੇ ਨਾਲ ਸਬੰਧਤ ਸਹਿਯੋਗੀ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਉਨ੍ਹਾਂ ਦੀ ਮਦਦ ਕਰਨ ਵਾਲੇ ਵਿਅਕਤੀਆਂ ’ਤੇ ਤਿੱਖੀ ਨਜ਼ਰ ਰੱਖੀ ਜਾਵੇ, ਜਿਸ ਕਾਰਣ ਸ਼ੁਕਰਵਾਰ ਨੂੰ ਮੋਗਾ ਜ਼ਿਲ੍ਹੇ ਅੰਦਰ ਗੈਂਗਸਟਰ ਲਾਰੈਂਸ ਬਿਸ਼ਨੋਈ, ਅਰਸ਼ਦੀਪ ਡਾਲਾ, ਸਰਦੂਲ ਸੁੱਖਾ, ਸੁਖਪ੍ਰੀਤ ਸਿੰਘ ਬੁੱਢਾ ਅਤੇ ਹੋਰਨਾਂ ਗੈਂਗਸਟਰਾਂ ਨਾਲ ਸਬੰਧਤ ਸ਼ੱਕੀ ਠਿਕਾਣਿਆਂ ’ਤੇ ਛਾਪਾਮਾਰੀ ਕੀਤੀ ਗਈ।
ਮੋਗਾ ਪੁਲਸ ਵੱਲੋਂ ਜਿੱਥੇ ਛਾਪੇਮਾਰੀ ਕੀਤੀ ਗਈ, ਉਥੇ ਉਨ੍ਹਾਂ ਦੇ ਬੈਂਕ ਖਾਤੇ, ਜ਼ਮੀਨ ਜ਼ਾਇਦਾਦ ਦੇ ਕਾਗਜ਼ਾਤ ਅਤੇ ਪਹਿਲਾਂ ਉਨ੍ਹਾਂ ਕੋਲ ਕਿੰਨੀ ਜ਼ਮੀਨ ਜ਼ਾਇਦਾਦ ਸੀ ਅਤੇ ਹੁਣ ਕਿੰਨੀ ਹੈ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਹ ਵੀ ਦੇਖਿਆ ਗਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਕਿਸੇ ਸ਼ੱਕੀ ਵਿਅਕਤੀਆਂ ਵੱਲੋਂ ਪੈਸਿਆਂ ਦੀ ਅਦਾਇਗੀ ਤਾਂ ਨਹੀਂ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਜਿਨ੍ਹਾਂ ਵਿਅਕਤੀਆਂ ਦੇ ਕੋਲ ਲਾਇਸੈਂਸੀ ਅਸਲੇ ਸਨ ਉਨ੍ਹਾਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਗਈ ਕਿ ਅਸਲਾ ਸਹੀ ਤਰੀਕੇ ਨਾਲ ਪ੍ਰਾਪਤ ਕੀਤਾ ਜਾਂ ਗਲਤ ਤਰੀਕੇ ਨਾਲ।
ਜ਼ਿਲ੍ਹਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੋਗਾ ਪੁਲਸ ਵੱਲੋਂ 96 ਸ਼ੱਕੀ ਠਿਕਾਣਿਆਂ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ ਕਈ ਵਿਅਕਤੀਆਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਵੀ ਕੀਤੀ ਗਈ। ਜਦੋਂ ਜ਼ਿਲ੍ਹਾ ਪੁਲਸ ਮੁਖੀ ਨੂੰ ਪੁੱਛਿਆ ਕਿ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਚੀਜ਼ ਮਿਲੀ ਹੈ ਤਾਂ ਉਨ੍ਹਾਂ ਕਿਹਾ ਨਹੀਂ। ਜ਼ਿਲ੍ਹਾ ਪੁਲਸ ਮੁਖੀ ਨੇ ਕਿਹਾ ਕਿ ਮੋਗਾ ਜ਼ਿਲ੍ਹੇ ਅੰਦਰ ਗੈਂਗਸਟਰਾਂ ਦੇ ਸਹਿਯੋਗੀਆਂ ਦੇ ਲੁਕਣ ਵਾਲੇ ਸ਼ੱਕੀ ਠਿਕਾਣਿਆਂ ’ਤੇ ਛਾਪੇਮਾਰੀ ਸਮੇਂ-ਸਮੇਂ ਸਿਰ ਕੀਤੀ ਜਾਵੇਗੀ ਤਾਂ ਕਿ ਉਨ੍ਹਾਂ ਵਿਚ ਡਰ ਬਣਿਆ ਰਹਿ ਸਕੇ।