ਨਾਭਾ ਦੇ ਪਿੰਡ ''ਚ ਛਾਪੇਮਾਰੀ ਦੌਰਾਨ ਨਾਜਾਇਜ਼ ਸ਼ਰਾਬ ਦੀਆਂ 45 ਬੋਤਲਾਂ ਬਰਾਮਦ, ਪਤੀ-ਪਤਨੀ ਫ਼ਰਾਰ
Tuesday, Dec 14, 2021 - 02:41 PM (IST)
ਨਾਭਾ (ਰਾਹੁਲ) : ਪੰਜਾਬ ਵਿੱਚ ਨਸ਼ਾ ਤਸਕਰਾਂ ਵੱਲੋਂ ਲਗਾਤਾਰ ਨਾਜਾਇਜ਼ ਸ਼ਰਾਬ ਦਾ ਧੰਦਾ ਧੜੱਲੇ ਨਾਲ ਚਲਾਇਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਪੁਲਸ ਅਤੇ ਐਕਸਾਈਜ਼ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਤਸਕਰਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਨਾਭਾ ਵਿਖੇ ਵੇਖਣ ਨੂੰ ਮਿਲੀ। ਇੱਥੇ ਪਿੰਡ ਅਗੇਤੀ ਵਿਖੇ ਪੁਲਸ ਅਤੇ ਐਕਸਾਈਜ਼ ਵਿਭਾਗ ਵੱਲੋਂ ਇਕ ਘਰ 'ਚੋਂ ਨਾਜਾਇਜ਼ ਤੌਰ 'ਤੇ ਕਰੀਬ 45 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ।
ਇਸ ਦੇ ਨਾਲ ਹੀ ਮੌਕੇ 'ਤੇ ਪਤੀ-ਪਤਨੀ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਏ। ਪੁਲਸ ਨੇ ਘਰ 'ਚੋਂ ਇਨੋਵਾ ਕਾਰ, ਮੋਟਰਸਾਈਕਲ ਅਤੇ ਐਕਟਿਵਾ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ ਅਤੇ ਕਥਿਤ ਦੋਸ਼ੀ ਪਤੀ-ਪਤਨੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਪਿੰਡ ਅਗੇਤੀ ਦੇ ਗੁਰਸੇਵਕ ਸਿੰਘ ਵੱਲੋਂ ਵੱਡੇ ਪੱਧਰ 'ਤੇ ਆਪਣੇ ਹੀ ਘਰ ਵਿੱਚ ਨਾਜਾਇਜ਼ ਸ਼ਰਾਬ ਦੀ ਤਸਕਰੀ ਕੀਤੀ ਜਾ ਰਹੀ ਸੀ। ਪੁਲਸ ਅਤੇ ਐਕਸਾਈਜ਼ ਵਿਭਾਗ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਉਸ ਦੇ ਘਰ ਵਿਚ ਛਾਪੇਮਾਰੀ ਕੀਤੀ ਗਈ ਸੀ।
ਇਸ ਮੌਕੇ ਪਿੰਡ ਦੇ ਸਰਪੰਚ ਜਸਦੇਵ ਸਿੰਘ ਨੇ ਕਿਹਾ ਕਿ ਸਾਨੂੰ ਨਹੀਂ ਸੀ ਪਤਾ ਕਿ ਇਹ ਸ਼ਰਾਬ ਦੀ ਤਸਕਰੀ ਦਾ ਧੰਦਾ ਕਰਦਾ ਹੈ ਅਤੇ ਅਸੀਂ ਕਈ ਵਾਰ ਗੁਰਦੁਆਰਾ ਸਾਹਿਬ ਵਿਖੇ ਅਨਾਊਂਸਮੈਂਟ ਵੀ ਕਰਵਾਈ ਸੀ ਕਿ ਜੇਕਰ ਕੋਈ ਨਸ਼ਾ ਤਸਕਰੀ ਦਾ ਕੰਮ ਕਰਦਾ ਫੜ੍ਹਿਆ ਗਿਆ ਤਾਂ ਅਸੀਂ ਉਨ੍ਹਾਂ ਦੀ ਬਿਲਕੁਲ ਮਦਦ ਨਹੀਂ ਕਰਾਂਗੇ। ਨਾਭਾ ਦੇ ਡੀ. ਐੱਸ. ਪੀ. ਰਾਜੇਸ਼ ਕੁਮਾਰ ਛਿੱਬੜ ਨੇ ਕਿਹਾ ਕਿ ਅਸੀਂ ਗੁਪਤ ਸੂਚਨਾ ਦੇ ਆਧਾਰ 'ਤੇ ਐਕਸਾਈਜ਼ ਵਿਭਾਗ ਦੀ ਟੀਮ ਦੇ ਨਾਲ ਘਰ ਵਿਚ ਛਾਪੇਮਾਰੀ ਕੀਤੀ ਤਾਂ ਮੌਕੇ 'ਤੇ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਪਰ ਦੋਸ਼ੀ ਫ਼ਰਾਰ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀਆਂ ਦੀ ਭਾਲ ਜਾਰੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।