ਆਮਦਨ ਟੈਕਸ ਵਿਭਾਗ ਦੀ ਲੁਧਿਆਣਾ ''ਚ ਵੱਡੀ ਛਾਪੇਮਾਰੀ

Friday, Dec 27, 2024 - 10:04 AM (IST)

ਆਮਦਨ ਟੈਕਸ ਵਿਭਾਗ ਦੀ ਲੁਧਿਆਣਾ ''ਚ ਵੱਡੀ ਛਾਪੇਮਾਰੀ

ਲੁਧਿਆਣਾ (ਸੇਠੀ) : ਇਨਕਮ ਟੈਕਸ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਨੇ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੀਆਂ 30 ਤੋਂ 40 ਥਾਵਾਂ ’ਤੇ ਭਾਰੀ ਫੋਰਸ ਨਾਲ ਛਾਪੇਮਾਰੀ ਕੀਤੀ। ਇਹ ਕਾਰਵਾਈ ਪੰਚਕੂਲਾ, ਇਨਵੈਸਟੀਗੇਸ਼ਨ ਟੀਮ ਵੱਲੋਂ ਡਾਇਰੈਕਟ ਕੀਤੀ ਗਈ, ਜਿਸ ਵਿਚ ਜੀਕਰਪੁਰ, ਚੰਡੀਗੜ੍ਹ, ਯਮੁਨਾ ਨਗਰ, ਪੰਚਕੂਲਾ ਅਤੇ ਲੁਧਿਆਣਾ ਦੇ ਕਈ ਥਾਵਾਂ ਅਤੇ ਕੰਪਲੈਕਸਾਂ ’ਤੇ ਸਰਚ ਮੁਹਿੰਮ ਚਲਾਈ ਗਈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰੇਡ ਸੁਸ਼ਮਾ ਗਰੁੱਪ ਦੇ ਸਬੰਧ ’ਚ ਕੀਤੀ ਗਈ।

ਉੱਥੇ ਲੁਧਿਆਣਾ ਸ਼ਹਿਰ ਵਿਚ ਵੀ 2 ਥਾਵਾਂ ’ਤੇ ਟੀਮਾਂ ਜਾਂਚ ’ਚ ਜੁੱਟੀਆਂ ਹੋਈਆਂ ਹਨ। ਇਸ ਵਿਚ ਬੀ. ਬੀ. ਆਰ. ਇੰਫਰਾਟੈੱਕ ਦੇ ਕਈ ਪਾਰਟਨਰਾਂ ਅਤੇ ਇਕ ਪ੍ਰਸਿੱਧ ਕਾਰੋਬਾਰੀ ਦੇ ਦਫ਼ਤਰ ਸਮੇਤ ਰਿਹਾਇਸ਼ ’ਤੇ ਸਰਚ ਕੀਤੀ ਗਈ, ਜਿਨ੍ਹਾਂ ’ਚ ਕੁਲਵਿੰਦਰ ਸਿੰਘ ਗਿੱਲ ਅਤੇ 3 ਤੋਂ 4 ਪਾਰਟਨਰਾਂ ’ਤੇ ਕਾਰਵਾਈ ਜਾਰੀ ਹੈ। ਉਕਤ ਕੁਲਵਿੰਦਰ ਸਿੰਘ ਗਿੱਲ ਪ੍ਰਾਪਰਟੀ ਸੇਲ-ਪਰਚੇਜ਼ ਦਾ ਕੰਮ ਕਰਦਾ ਹੈ। ਅਧਿਕਾਰੀ ਉਕਤ ਗਰੁੱਪ ਨਾਲ ਪ੍ਰਾਪਰਟੀ ਦੀ ਸੇਲ ਅਤੇ ਪਰਚੇਜ ਸਬੰਧੀ ਜਾਣਕਾਰੀ ’ਚ ਜੁੱਟੇ ਹਨ। ਸੁਸ਼ਮਾ ਗਰੁੱਪ ਨਾਲ ਸਬੰਧਿਤ ਹੋਰ ਲੋਕਾਂ ਦੇ ਕੰਪਲੈਕਸਾਂ ’ਤੇ ਅਧਿਕਾਰੀਆਂ ਦੀਆਂ ਟੀਮਾਂ ਨੇ ਸਬੂਤਾਂ ਦੇ ਆਧਾਰ ’ਤੇ ਸਰਚ ਸ਼ੁਰੂ ਕੀਤੀ।

ਸੂਤਰਾਂ ਅਨੁਸਾਰ ਵਿਭਾਗੀ ਅਧਿਕਾਰੀ ਪਿਛਲੇ ਕਈ ਦਿਨਾਂ ਤੋਂ ਸਰਚ ਦੀਆਂ ਤਿਆਰੀਆਂ ’ਚ ਜੁੱਟੇ ਸਨ ਅਤੇ ਉਨ੍ਹਾਂ ਨੇ ਪੁਖ਼ਤਾ ਸਬੂਤਾਂ ਦੇ ਆਧਾਰ ’ਤੇ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਇਸ ਦੇ ਨਾਲ ਅਧਿਕਾਰੀਆਂ ਨੇ ਉਕਤ ਪਾਰਟਨਰਾਂ ਦੇ ਮੋਬਾਇਲ ਫੋਨ ਦੀ ਕਲੋਨਿੰਗ ਅਤੇ ਫਾਰੈਂਸਿਕ ਕਰ ਕੇ ਡਾਟਾ ਚੈਕਿੰਗ ਕੀਤੀ, ਜਿਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੌਕੇ ’ਤੇ ਪ੍ਰਾਪਰਟੀ ਨਾਲ ਸਬੰਧਿਤ ਦਸਤਾਵੇਜ਼ਾਂ ਨੂੰ ਜਾਂਚਿਆ ਅਤੇ ਲਾਕਰਾਂ ਨੂੰ ਸੀਜ਼ ਕੀਤਾ ਗਿਆ। ਅਧਿਕਾਰੀ ਵੱਲੋਂ ਵਿੱਤੀ ਰਿਕਾਰਡ ਅਤੇ ਲੈਣ-ਦੇਣ ਦੀ ਜਾਂਚ ਕੀਤੀ ਗਈ ਅਤੇ ਇਤਰਾਜ਼ਯੋਗ ਦਸਤਾਵੇਜ਼ਾਂ ਨੂੰ ਜ਼ਬਤ ਕੀਤਾ ਗਿਆ।
 


author

Babita

Content Editor

Related News