ਕਿਸਾਨ ਆਗੁਆਂ ਤੇ ਕਾਰਕੁਨਾਂ ਦੇ ਘਰਾਂ ''ਚ ਛਾਪੇਮਾਰੀ
Tuesday, Sep 19, 2017 - 01:00 AM (IST)
ਪਟਿਆਲਾ, (ਬਲਜਿੰਦਰ)- 7 ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਜਾਣ ਵਾਲੇ ਧਰਨੇ ਦੇ ਮੱਦੇਨਜ਼ਰ ਪਟਿਆਲਾ ਸ਼ਹਿਰ ਨੂੰ ਸੀਲ ਕਰ ਦਿੱਤਾ ਗਿਆ ਹੈ। ਸਿਟੀ ਨੂੰ ਆਉਣ ਵਾਲੇ ਸਮੁੱਚੇ ਰਸਤਿਆਂ 'ਤੇ ਪੁਲਸ ਨੇ ਨਾਕਾਬੰਦੀ ਕਰ ਦਿੱਤੀ ਹੈ। ਥਾਣਿਆਂ ਦੇ ਐੈੱਸ. ਐੈੱਚ. ਓਜ਼ ਨੂੰ ਅਲਰਟ ਕਰ ਦਿੱਤਾ ਗਿਆ ਹੈ ਕਿ ਉਹ ਧਰਨਾ ਦੇਣ ਵਾਲੀਆਂ ਜਥੇਬੰਦੀਆਂ ਦੇ ਕਿਸਾਨ ਆਗੂਆਂ 'ਤੇ ਤਿੱਖੀ ਨਜ਼ਰ ਰੱਖਣ। ਬਹੁਤ ਸਾਰੇ ਕਿਸਾਨ ਆਗੂ ਅੰਡਰਗਰਾਊਂਡ ਹੋ ਗਏ ਹਨ। ਕਈ ਦਰਜਨਾਂ ਨੂੰ ਪਟਿਆਲਾ ਜ਼ਿਲੇ ਤੋਂ ਹੀ ਰਾਊਂਡ ਅਪ ਕਰ ਲਿਆ ਗਿਆ ਹੈ। ਡੀ. ਜੀ. ਪੀ. ਵੱਲੋਂ ਅਧਿਕਾਰਤ ਅੰਕੜਾ 160 ਦਾ ਦਿੱਤਾ ਗਿਆ ਹੈ। ਜੇਕਰ ਕਿਸਾਨ ਆਗੂਆਂ ਦੀ ਗੱਲ ਮੰਨੀਏ ਤਾਂ ਇਹ ਅੰਕੜਾ ਕਿਤੇ ਜ਼ਿਆਦਾ ਹੈ।
ਇਕੱਲੇ ਪਟਿਆਲਾ ਜ਼ਿਲੇ ਵਿਚ ਸੈਂਕੜੇ ਕਿਸਾਨ ਪੁਲਸ ਨੇ ਹਿਰਾਸਤ ਵਿਚ ਲੈ ਲਏ ਹਨ। ਬੀਤੀ ਰਾਤ ਤੋਂ ਹੀ ਕਿਸਾਨ ਆਗੁਆਂ ਤੇ ਕਾਰਕੁਨਾਂ ਦੇ ਘਰਾਂ 'ਤੇ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਕਾਰਨ ਜ਼ਿਆਦਾ ਕਿਸਾਨ ਆਗੂ ਅੰਡਰਗਰਾਊਂਡ ਹੋ ਗਏ ਹਨ। ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਕੇ ਥਾਣਿਆਂ ਵਿਚ ਬਿਠਾ ਦਿੱਤਾ ਗਿਆ ਹੈ। ਕਿਸਾਨ ਧਰਨੇ ਨੂੰ ਸਫਲ ਬਣਾਉਣ ਲਈ ਅਲੱਗ-ਅਲੱਗ ਰਣਨੀਤੀਆਂ ਤਿਆਰ ਕਰ ਰਹੇ ਹਨ।
ਗ੍ਰਿਫਤਾਰ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ : ਡਾ. ਦਰਸ਼ਨ ਪਾਲ
ਕਿਸਾਨ ਆਗੂਆਂ ਦੀ ਫੜੋ-ਫੜੀ ਦੀ ਨਿਖੇਧੀ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਯੂਨੀਅਨ ਕੈਪਟਨ ਸਰਕਾਰ ਦੇ ਇਸ ਜਾਬਰ ਅਤੇ ਗੈਰ-ਜਮਹੂਰੀ ਹੁਕਮਾਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਇਸ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ਿਆਂ ਉੱਪਰ ਲੀਕ ਮਾਰਨ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਤੋਂ ਭੱਜਣ ਦੀ ਵਾਅਦਾ-ਖਿਲਾਫੀ ਦੀ ਘੋਰ ਨਿਖੇਧੀ ਕਰਦਿਆਂ ਮੰਗ ਕਰਦੀ ਹੈ ਕਿ ਗ੍ਰਿਫਤਾਰ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ।
ਪਟਿਆਲਾ ਵਿਚ ਲੱਗਣ ਵਾਲੇ ਪੁਰਅਮਨ ਧਰਨੇ 'ਤੇ ਸਖਤੀ ਖਤਮ ਕੀਤੀ ਜਾਵੇ। ਦਫਾ 144 ਵਾਪਸ ਲਈ ਜਾਵੇ। ਵੱਖ-ਵੱਖ ਥਾਵਾਂ ਉੱਤੇ ਪੁਲਸ ਨੇ ਜ਼ਿਆਦਤੀਆਂ ਵੀ ਕੀਤੀਆਂ। ਫਿਰੋਜ਼ਪੁਰ ਜ਼ਿਲੇ ਦੇ ਡਕੌਂਦਾ ਯੂਨੀਅਨ ਦੇ ਪ੍ਰਧਾਨ ਹਰਨੇਕ ਸਿੰਘ ਮਹਿਮਾ ਦੇ ਘਰ ਕੰਧਾਂ ਟੱਪ ਕੇ ਪੁਲਸ ਜਾ ਵੜੀ। ਇਸ ਨਾਲ ਬੱਚੇ ਅਤੇ ਔਰਤਾਂ ਖੌਫ਼ਜ਼ਦਾ ਹੋਏ।
ਪਾਤੜਾਂ ਦੇ ਪਿੰਡ ਧੂਹੜ ਵਿਚ ਮਰਦ ਪੁਲਸ ਪ੍ਰਧਾਨ ਹਰਭਜਨ ਧੂਹੜ ਦੀ ਬੇਟੀ ਨਾਲ ਰਾਤ ਨੂੰ ਬਹਿਸ ਕਰਦੀ ਰਹੀ। ਪਿੰਡ ਦੇ ਸਰਪੰਚ ਦੇ ਆਉਣ ਉਪਰੰਤ ਹੀ ਲੜਕੀ ਨੇ ਦਰਵਾਜ਼ਾ ਖੋਲ੍ਹਿਆ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਇਸ ਜਬਰ ਅਤੇ ਵਾਅਦਾ-ਖਿਲਾਫੀ ਦਾ ਹਿਸਾਬ-ਕਿਤਾਬ ਲੋਕਾਂ ਦੀ ਕਚਹਿਰੀ ਵਿਚ ਕੀਤਾ ਜਾਵੇਗਾ।
