ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ''ਚੋਂ ਸਿੱਧੂ ਗੈਰ-ਹਾਜ਼ਰ, ਮਨਪ੍ਰੀਤ ਬਾਦਲ ਵੀ ਨਦਾਰਦ
Monday, Oct 05, 2020 - 06:35 PM (IST)
ਸੰਗਰੂਰ : ਲੰਬੇ ਸਮੇਂ ਬਾਅਦ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨਾਲ ਮੋਗਾ ਰੈਲੀ ਵਿਚ ਮੰਚ ਸਾਂਝਾ ਕਰਨ ਵਾਲੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਸੰਗਰੂਰ ਰੈਲੀ 'ਚੋਂ ਗੈਰ ਹਾਜ਼ਰ ਰਹੇ। ਇਕੱਲੇ ਸਿੱਧੂ ਹੀ ਨਹੀਂ ਸਗੋਂ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਇਸ ਰੈਲੀ 'ਚੋਂ ਨਦਾਰਦ ਰਹੇ। ਭਾਵੇਂ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਭਾਰੀ ਜੱਦੋ-ਜਹਿਦ ਤੋਂ ਬਾਅਦ 15 ਮਹੀਨਿਆਂ ਤੋਂ ਰੁੱਸੀ ਬੈਠੇ ਨਵਜੋਤ ਸਿੱਧੂ ਨੂੰ ਕਾਂਗਰਸ ਦੇ ਮੰਚ 'ਤੇ ਲਿਆਉਣ ਵਿਚ ਸਫਲ ਰਹੇ ਸਨ ਪਰ ਇਸ ਦੌਰਾਨ ਵੀ ਸਿੱਧੂ ਦੀ ਨਰਾਜ਼ਗੀ ਉਦੋਂ ਖੁੱਲ੍ਹ ਕੇ ਸਾਹਮਣੇ ਆਈ ਜਦੋਂ ਉਨ੍ਹਾਂ ਸਟੇਜ ਦੀ ਜ਼ਿੰਮੇਵਾਰੀ ਸੰਭਾਲ ਰਹੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਇਥੋਂ ਤਕ ਆਖ ਦਿੱਤਾ ਕਿ ਉਨ੍ਹਾਂ ਨੂੰ ਪਹਿਲਾਂ ਵੀ ਬਿਠਾਈ ਰੱਖਿਆ ਸੀ ਅਤੇ ਹੁਣ ਉਨ੍ਹਾਂ ਨੂੰ ਬੋਲਣ ਤੋਂ ਨਾ ਰੋਕਿਆ ਜਾਵੇ।
ਇਹ ਵੀ ਪੜ੍ਹੋ : ਰਾਹੁਲ ਦੀ ਸਕਿਓਰਿਟੀ 'ਚ ਵੱਡੀ ਲਾਪਰਵਾਹੀ, ਬਿਨਾਂ ਮਨਜ਼ੂਰੀ ਉੱਡਿਆ ਡਰੋਨ
ਉਂਝ ਖ਼ਬਰਾ ਸਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤੇਵਰ ਸਿੱਧੂ 'ਤੇ ਨਰਮ ਪੈ ਗਏ ਹਨ ਜਦਕਿ ਇਸ ਦੇ ਉਲਟ ਨਵਜੋਤ ਸਿੱਧੂ ਦਾ ਇਸ ਰੈਲੀ ਵਿਚ ਸਖ਼ਤ ਰੁਖ ਨਜ਼ਰ ਆਇਆ। ਸ਼ਾਇਦ ਇਸੇ ਦਾ ਨਤੀਜਾ ਸੀ ਕਿ ਸਿੱਧੂ ਦੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਤਕਰਾਰ ਤੱਕ ਹੋ ਗਈ। ਭਾਵੇਂ ਲੰਬੇ ਸਮੇਂ ਪਿੱਛੋਂ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਇਕੋ ਮੰਚ 'ਤੇ ਬੈਠੇ ਨਜ਼ਰ ਤਾਂ ਆਏ ਪਰ ਉਨ੍ਹਾਂ ਇਕ ਦੂਜੇ ਵੱਲ ਨਜ਼ਰ ਭਰ ਕੇ ਵੇਖਿਆ ਤਕ ਨਹੀਂ। ਹੁਣ ਜਦੋਂ ਸੰਗਰੂਰ ਰੈਲੀ ਵਿਚੋਂ ਨਵਜੋਤ ਸਿੱਧੂ ਗੈਰ ਹਾਜ਼ਰ ਰਹੇ ਹਨ ਤਾਂ ਅਜਿਹੇ ਵਿਚ ਸਿੱਧੂ ਦੇ ਗੈਰਹਾਜ਼ਰੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਭਰੇ ਮੰਚ 'ਤੇ ਸੁੱਖੀ ਰੰਧਾਵਾ ਨੂੰ ਬੋਲੇ ਸਿੱਧੂ, ਹੁਣ ਨਾ ਰੋਕ 'ਪਹਿਲਾਂ ਵੀ ਬਿਠਾਈ ਰੱਖਿਆ ਸੀ'