ਮੋਗਾ ਰੈਲੀ : ਰਾਹੁਲ ਨੇ ਹਰ ਮੁੱਦੇ 'ਤੇ ਘੇਰੀ ਸਰਕਾਰ, ਮੋਦੀ 'ਤੇ ਕੀਤੇ ਤਿੱਖੇ ਸ਼ਬਦੀ ਵਾਰ (ਵੀਡੀਓ)
Thursday, Mar 07, 2019 - 06:50 PM (IST)
ਮੋਗਾ — ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਲਈ ਚੋਣ ਮੁਹਿੰਮ ਦੀ ਸ਼ੁਰੂਆਤ ਅੱਜ ਪੰਜਾਬ ਦੇ ਮੋਗਾ ਜ਼ਿਲੇ 'ਚ ਕਿੱਲੀਚਾਹਲਾਂ ਪਿੰਡ ਤੋਂ 'ਵੱਧਦਾ ਪੰਜਾਬ ਬਦਲਦਾ ਪੰਜਾਬ' ਨਾਂ ਦੀ ਮਹਾਰੈਲੀ ਕਰਕੇ ਕੀਤੀ। ਇਸ ਦੌਰਾਨ ਰਾਹੁਲ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਨੂੰ ਯਾਦ ਕਰਕੇ ਕੀਤੀ। ਉਨ੍ਹਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਿਆਰ, ਭਾਈਚਾਰੇ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਸੀ ਪਰ ਅੱਜ ਦੇਸ਼ 'ਚ ਨਫਰਤ ਫੈਲਾਈ ਜਾ ਰਹੀ ਹੈ। ਕੇਂਦਰ ਦੀ ਮੋਦੀ ਸਰਕਾਰ ਬਾਬੇ ਨਾਨਕ ਦੀ ਸੋਚ ਨੂੰ ਢਾਹ ਲਗਾ ਰਹੀ ਹੈ। ਸੰਬੋਧਨ ਦੌਰਾਨ ਮੋਦੀ ਸਰਕਾਰ ਨੂੰ ਹਰ ਮੁੱਦੇ 'ਤੇ ਘੇਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਕਈ ਵਾਅਦੇ ਕੀਤੇ ਸਨ ਮੋਦੀ ਸਰਕਾਰ ਹੁਣ ਆਪਣੇ ਵਾਅਦਿਆਂ ਤੋਂ ਮੁਕਰ ਚੁੱਕੀ ਹੈ।
ਉਨ੍ਹਾਂ ਨੇ ਕਿਹਾ ਕਿ 5 ਸਾਲ ਪਹਿਲਾਂ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨੌਜਵਾਨਾਂ ਨੂੰ ਹਰ ਸਾਲ 2 ਕਰੋੜ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਵਾਅਦਾ ਕਰਨ ਦੇ ਨਾਲ-ਨਾਲ ਕਿਸਾਨਾਂ ਦੇ ਕਰਜ਼ੇ ਮੁਆਫੀ ਤੋਂ ਲੈ ਕੇ ਕਈ ਵਾਅਦੇ ਕੀਤੇ ਸਨ ਪਰ ਮੋਦੀ ਨੇ ਭਾਰਤ ਦੇ ਅਮੀਰ ਉਦਯੋਗਪਤੀਆਂ ਦੇ ਕਰਜ਼ੇ ਮੁਆਫ ਕਰ ਦਿੱਤੇ ਅਤੇ ਹਿੰਦੋਸਤਾਨ ਦੇ ਕਿਸਾਨਾਂ ਦਾ ਇਕ ਵੀ ਰੁਪਇਆ ਮੁਆਫ ਨਹੀਂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਦੇਸ਼ ਦੀਆਂ ਸਮੱਸਿਆਵਾਂ ਨਾਲ ਲੜਨ ਦੀ ਬਜਾਏ ਜਨਤਾ ਨੂੰ ਆਪਸ 'ਚ ਲੜਵਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦੋ ਹਿੰਦੋਸਸਤਾਨ ਬਣਾਉਣੀ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 5 ਸਾਲਾਂ 'ਚ ਮੋਦੀ ਸਰਕਾਰ ਨੇ ਗਰੀਬੀ ਦੀ ਗੱਲ ਤੱਕ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਅਮੀਰਾਂ ਦਾ ਕਰਜ਼ਾ ਮੁਆਫ ਹੋ ਸਕਦਾ ਹੈ ਤਾਂ ਕਿਸਾਨਾਂ ਦਾ ਵੀ ਹੋ ਸਕਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੇਸ਼ 'ਚ ਨੋਟਬੰਦੀ ਕੀਤੀ, ਜਿਸ ਦੇ ਨਾਲ ਕਰੋੜਾਂ ਲੋਕ ਬੇਰੋਜ਼ਗਾਰ ਹੋਏ। ਮੋਦੀ ਜੀ ਕਹਿੰਦੇ ਸਨ ਕਿ ਉਹ ਕਾਲੇ ਧਨ ਦੇ ਖਿਲਾਫ ਲੜਾਈ ਲੜਣਗੇ, ਜੇਕਰ ਕਾਲੇ ਧਨ ਖਿਲਾਫ ਲੜਾਈ ਲੜੀ ਗਈ ਸੀ ਤਾਂ ਲਾਈਨਾਂ 'ਚ ਆਮ ਜਨਤਾ ਦੀ ਬਜਾਏ ਕਾਲੇ ਧਨ ਦੇ ਲੋਕ ਕਿਉਂ ਨਹੀਂ ਖੜ੍ਹੇ ਸਨ। ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਦੌਰਾਨ ਬੈਂਕ 'ਚ ਲੱਗੀਆਂ ਲਾਈਨਾਂ 'ਚ ਨਾਂ ਤਾਂ ਅਨਿਲ ਅੰਬਾਨੀ ਅਤੇ ਨਾ ਹੀ ਵਿਜੇ ਮਾਲੀਆ ਅਤੇ ਨਾ ਹੀ ਨੀਰਵ ਮੋਦੀ ਖੜ੍ਹੇ ਸਨ। ਨਰਿੰਦਰ ਮੋਦੀ ਦੀ ਮਦਦ ਨਾਲ ਕਾਲੇ ਧਨ ਵਾਲਿਆਂ ਨੇ ਕਮਰੇ ਅੰਦਰ ਬੈਠ ਕੇ ਸਫੇਦ ਕਰ ਲਿਆ।
ਕਾਂਗਰਸ ਸਰਕਾਰ ਦੇ ਮਿਸ਼ਨ 2019 ਬਾਰੇ ਦੱਸਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਕੰਮ ਕਰ ਰਹੇ ਹਨ ਅਤੇ ਜਿਹੜੇ ਉਦਯੋਗ ਬੰਦ ਕੀਤੇ ਗਏ ਸਨ, ਉਨ੍ਹਾਂ ਨੂੰ ਖੋਲ੍ਹਿਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਕੈਪਟਨ ਸਰਕਾਰ ਦਾ 2019 ਦਾ ਮਕਸਦ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਉਣਾ ਹੈ। ਇਸ ਮੌਕੇ ਰਾਹੁਲ ਗਾਂਧੀ ਦੀ ਅਗਵਾਈ 'ਚ ਖੇਤੀ ਮਜ਼ਦੂਰ ਕਿਸਾਨਾਂ ਨੂੰ ਕਰਜ਼ ਮੁਆਫੀ ਦੇ ਸਰਟੀਫਿਕੇਟ ਵੀ ਦਿੱਤੇ ਗਏ।
ਡਰੱਗਜ਼ ਦੇ ਮੁੱਦੇ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਫੈਲੇ ਨਸ਼ੇ ਦੇ ਲੱਕ ਨੂੰ ਤੋੜਿਆ ਹੈ। ਇਸ ਦੇ ਨਾਲ ਅਕਾਲੀਆਂ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਮੈਂ ਨਸ਼ੇ ਖਿਲਾਫ ਬੋਲਿਆ ਸੀ ਤਾਂ ਅਕਾਲੀਆਂ ਨੇ ਮੇਰਾ ਮਜ਼ਾਕ ਉਡਾਇਆ ਸੀ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਬਰਬਾਦ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਨਸ਼ਿਆਂ ਦੇ ਕਾਰੋਬਾਰ 'ਚ ਸ਼ਾਮਲ ਪੰਜਾਬ ਦੀਆਂ ਵੱਡੀਆਂ ਮੱਛੀਆਂ ਅਤੇ ਮਗਰਮੱਛਾਂ 'ਤੇ ਕਾਰਵਾਈ ਕਿਉਂ ਨਹੀਂ ਕਰਵਾਉਂਦੀ। ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਸਰਕਾਰ ਨੇ ਨਸ਼ੇ ਦਾ ਲੱਕ ਤੋੜਿਆ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਮੋਦੀ ਸਰਕਾਰ ਨੂੰ ਅਪੀਲ ਕਰਦੇ ਹੋਇਆ ਕਿਹਾ ਕਿ ਕੇਂਦਰ ਸਰਕਾਰ ਈ. ਡੀ. ਨੂੰ ਕਹਿ ਕੇ ਪੰਜਾਬ ਦੇ ਇਨ੍ਹਾਂ ਵੱਡੇ ਮਗਰਮੱਛਾਂ ਖਿਲਾਫ ਕਰੇ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਸਾਡੀ ਸਰਕਾਰ ਦਾ ਫੋਕਸ ਛੋਟੇ ਕਿਸਾਨਾਂ ਸਮੇਤ ਛੋਟੇ ਉਦਯੋਗਾਂ 'ਤੇ ਹੈ। ਉਨ੍ਹਾਂ ਨੇ ਕਿਹਾ ਕਿ 2019 'ਚ ਜਦੋਂ ਵੀ ਸਰਕਾਰ ਬਣੇਗੀ ਤਾਂ ਘੱਟ ਤੋਂ ਘੱਟ ਤੋਂ ਆਮਦਨੀ ਹਰ ਗਰੀਬ ਨੂੰ ਦਿੱਤੀ ਜਾਵੇਗੀ ਅਤੇ ਪੈਸੇ ਗਰੀਬਾਂ ਦੇ ਅਕਾਊਂਟ 'ਚ ਜਾਵੇਗਾ। ਉਨ੍ਹਾਂ ਨੇ ਕਿਹਾ ਕਿ 2019 'ਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਜੀ. ਐੱਸ. ਟੀ. 'ਚ ਬਦਲਾਅ ਕੀਤਾ ਜਾਵੇਗਾ ਅਤੇ ਸਿਰਫ ਸਾਧਾਰਨ ਜੀ. ਐੱਸ. ਟੀ. ਹੀ ਲਗਾਇਆ ਜਾਵੇਗਾ। ਰੈਲੀ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਜਾਖੜ, ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਪ੍ਰਤਾਪ ਸਿੰਘ ਬਾਜਵਾ ਮੈਂਬਰ ਰਾਜ ਸਭਾ, ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਭਾਰਤ ਭੂਸ਼ਣ ਆਸ਼ੂ, ਵਿਜੇਇੰਦਰ ਸਿੰਗਲਾ, ਗੁਰਪ੍ਰੀਤ ਸਿੰਘ ਕਾਂਗੜ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਅਰੁਣਾ ਚੌਧਰੀ, ਸਾਧੂ ਸਿੰਘ ਧਰਮਸੌਤ (ਸਾਰੇ ਮੰਤਰੀ ਪੰਜਾਬ ਕੈਬਨਿਟ) ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ, ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ, ਰਵਨੀਤ ਸਿੰਘ ਬਿੱਟੂ, ਗੁਰਜੀਤ ਔਜਲਾ, ਚੌਧਰੀ ਸੰਤੋਖ ਸਿੰਘ, ਸ਼ੇਰ ਸਿੰਘ ਘੁਬਾਇਆ (ਸਾਰੇ ਮੈਂਬਰ ਲੋਕ ਸਭਾ) ਦਰਸ਼ਨ ਸਿੰਘ ਬਰਾੜ, ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਵਿੰਦਰ ਸਿੰਘ ਡੈਨੀ, ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਕੁਸ਼ਲਦੀਪ ਸਿੰਘ ਢਿੱਲੋਂ, ਅਮਰੀਕ ਸਿੰਘ ਢਿੱਲੋਂ (ਸਾਰੇ ਵਿਧਾਇਕ) ਮਹੇਸ਼ਇੰਦਰ ਸਿੰਘ ਜ਼ਿਲਾ ਪ੍ਰਧਾਨ ਕਾਂਗਰਸ, ਸਾਬਕਾ ਵਿਧਾਇਕਾ ਬੀਬੀ ਰਾਜਵਿੰਦਰ ਕੌਰ ਭਾਗੀਕੇ ਹਲਕਾ ਇੰਚਾਰਜ, ਸੁਰਿੰਦਰ ਸਿੰਘ ਜੌੜਾ ਜ਼ੀਰਾ, ਕਮਲਜੀਤ ਸਿੰਘ ਬਰਾੜ ਸਪੋਕਸਮੈਨ ਕਾਂਗਰਸ, ਕੇਵਲ ਸਿੰਘ ਢਿੱਲੋਂ ਸਾਬਕਾ ਵਿਧਾਇਕ, ਮੱਖਣ ਸ਼ਰਮਾ ਸਾਬਕਾ ਪ੍ਰਧਾਨ ਨਗਰ ਕੌਂਸਲ ਬਰਨਾਲਾ, ਡਾ. ਤਾਰਾ ਸਿੰਘ ਸੰਧੂ ਜਨਰਲ ਸਕੱਤਰ, ਹਰੀ ਸਿੰਘ ਖਾਈ, ਰੁਪਿੰਦਰ ਸਿੰਘ ਦੀਨਾ, ਮਨਜੀਤ ਸਿੰਘ ਮਾਨ ਕੌਂਸਲਰ, ਸਵਰਨ ਸਿੰਘ ਆਦੀਵਾਲ, ਜਸਵੀਰ ਬਰਾੜ ਖੋਟੇ, ਸਰਪੰਚ ਗੁਰਬੀਰ ਸਿੰਘ ਗੋਗਾ ਸੰਗਲਾ, ਹਰਵਿੰਦਰ ਚਾਹਲ, ਹੈਪੀ ਢਿੱਲੋਂ, ਪ੍ਰਕਾਸ਼ ਰਾਜਪੂਤ, ਕ੍ਰਿਸ਼ਨ ਤਿਵਾੜੀ, ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਲਿਖਾਰੀ ਤੋਂ ਇਲਾਵਾ ਵੱਡੀ ਗਿਣਤੀ ਪੰਜਾਬ ਭਰ ਤੋਂ ਪਾਰਟੀ ਦੇ ਆਗੂ ਵਰਕਰ ਹਾਜ਼ਰ ਸਨ