ਪੰਜਾਬ ਸਰਕਾਰ ਕਰਜ਼ਾ ਮੁਆਫੀ ਦਾ ਆਗਾਜ਼ ਰਾਹੁਲ ਗਾਧੀ ਹੱਥੋਂ ਕਰਵਾਉਣ ਦੀ ਇੱਛੁਕ

Wednesday, Jan 03, 2018 - 07:30 AM (IST)

ਪੰਜਾਬ ਸਰਕਾਰ ਕਰਜ਼ਾ ਮੁਆਫੀ ਦਾ ਆਗਾਜ਼ ਰਾਹੁਲ ਗਾਧੀ ਹੱਥੋਂ ਕਰਵਾਉਣ ਦੀ ਇੱਛੁਕ

ਬੁਢਲਾਡਾ(ਬਾਂਸਲ)-ਕਿਸਾਨਾਂ ਨਾਲ ਕਰਜ਼ਾ ਕੁਰਕੀ ਖਤਮ ਕਰਨ ਦੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਅਮਲੀਜਾਮਾ ਪਹਿਨਾਉਣ ਲਈ ਪ੍ਰਸ਼ਾਸਨ ਵੱਲੋਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ, ਜਿਸ ਤਹਿਤ ਪੰਜਾਬ ਦੇ ਪੰਜ ਜ਼ਿਲਿਆਂ ਦੇ ਸੂਬਾਈ ਪੱਧਰ ਦਾ ਸਮਾਗਮ 7 ਜਨਵਰੀ ਨੂੰ ਮਾਨਸਾ ਵਿਖੇ ਕੀਤਾ ਜਾ ਰਿਹਾ ਹੈ, ਜਿਸ ਵਿਚ ਕਾਂਗਰਸੀ ਸੂਤਰਾਂ ਅਨੁਸਾਰ ਇਸ ਸਮਾਗਮ ਵਿਚ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਧੀ ਦੇ ਸ਼ਾਮਲ ਹੋਣ ਦੀ ਚਰਚਾ ਹੈ ਅਤੇ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਮਲ ਹੋਣ ਦੀ ਵੀ ਸੰਭਾਵਨਾ ਹੈ। ਕਾਂਗਰਸੀ ਸੂਤਰਾਂ ਅਨੁਸਾਰ ਕਾਂਗਰਸ ਪਾਰਟੀ ਦੇ ਨੇਤਾ ਕਰਜ਼ਾ ਮੁਆਫੀ ਦਾ ਆਗਾਜ਼ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਹੱਥੋਂ ਕਰਵਾਉਣਾ ਚਾਹੁੰਦੇ ਹਨ। ਹੁਣ ਇਹ ਸਮਾਂ ਹੀ ਦੱਸੇਗਾ ਕਿ ਰਾਹੁਲ ਗਾਂਧੀ ਇਸ ਸਬੰਧੀ ਪੰਜਾਬ ਦੇ ਕਾਂਗਰਸੀਆਂ ਦੀ ਇੱਛਾ ਨੂੰ ਪੂਰਾ ਕਰਦੇ ਹਨ ਜਾਂ ਨਹੀਂ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਰਾਹੁਲ ਬ੍ਰਿਗੇਡ ਦੇ ਸੀਨੀਅਰ ਆਗੂ ਕੁਲਵੰਤ ਰਾਏ ਸਿੰਗਲਾ ਨੇ ਦੱਸਿਆ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਵੱਲੋਂ ਬੁਲਾਈ ਗਈ ਸੂਬੇ ਦੇ ਪਾਰਟੀ ਜਥੇਬੰਧਕ ਚੋਣ ਅਧਿਕਾਰੀਆਂ ਦੀ 28 ਦਸੰਬਰ ਨੂੰ ਦਿੱਲੀ ਵਿਖੇ ਪਹਿਲੀ ਮੀਟਿੰਗ ਵਿਚ ਕਰਜ਼ਾ ਮੁਆਫੀ ਸਕੀਮ ਦਾ ਆਗਾਜ਼ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਹੱਥੋਂ ਸ਼ੁਰੂ ਕਰਨ ਦੀ ਬੇਨਤੀ ਕੀਤੀ ਗਈ ਸੀ ਕਿ ਉਹ ਪੰਜਾਬ ਆਉਣ। ਇਸ ਮੀਟਿੰਗ ਵਿਚ ਸੂਬਾ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਢਿੱਲੋਂ, ਸਾਬਕਾ ਮੈਂਬਰ ਪਾਰਲੀਮੈਂਟ ਪਵਨ ਬਾਂਸਲ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਮੌਜੂਦ ਸਨ।  ਸ਼੍ਰੀ ਸਿੰਗਲਾ ਨੇ ਕੌਮੀ ਪ੍ਰਧਾਨ ਨੂੰ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਖੁਸ਼ਹਾਲੀ ਅਤੇ ਤਰੱਕੀ ਵੱਲ ਵਧ ਰਿਹਾ ਹੈ। ਮਾਨਸਾ ਜ਼ਿਲੇ ਵਿਚ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ 14 ਹਜ਼ਾਰ ਕਿਸਾਨਾਂ 'ਤੇ 34 ਕਰੋੜ ਦਾ ਕਰਜ਼ਾ ਖੜ੍ਹਾ ਹੈ, ਜਿਸ ਅਧੀਨ ਬੁਢਲਾਡਾ ਸਬ ਡਵੀਜ਼ਨ ਦੇ 2486 ਕਿਸਾਨਾਂ ਦੀ ਸਹਿਕਾਰੀ ਬੈਂਕਾਂ ਰਾਹੀਂ ਸਹਿਕਾਰੀ ਸਭਾਵਾਂ ਤੋਂ ਕਰਜ਼ੇ ਤੋਂ ਰਾਹਤ ਦੇਣ ਲਈ ਚੋਣ ਕੀਤੀ ਗਈ ਹੈ, ਜਦੋਂਕਿ 19 ਦੇ ਕਰੀਬ ਕਿਸਾਨਾਂ ਦੇ ਕਰਜ਼ਾ ਮੁਆਫੀ ਚੋਣ ਦਾਅਵਿਆਂ 'ਤੇ ਇਤਰਾਜ਼ ਲਾਏ ਗਏ ਹਨ। ਐੱਸ. ਡੀ. ਐੱਮ. ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ 2420 ਕਿਸਾਨਾਂ ਨੇ ਕਰਜ਼ਾ ਮੁਆਫੀ ਸਬੰਧੀ ਨਵੇਂ ਦਾਅਵੇ ਪੇਸ਼ ਕੀਤੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਕਿਸਾਨ ਕਰਜ਼ਾ ਮੁਆਫੀ ਸਬੰਧੀ ਦਾਅਵਾ ਜਾਂ ਇਤਰਾਜ਼ ਕਿਸੇ ਵੀ ਸਮੇਂ ਪੇਸ਼ ਕਰ ਸਕਦਾ ਹੈ।


Related News