ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਪਾਰਟੀ ਸ਼ਸ਼ੋਪੰਜ ''ਚ

Sunday, Jul 07, 2019 - 06:22 PM (IST)

ਜਲੰਧਰ/ਨਵੀਂ ਦਿੱਲੀ (ਚੋਪੜਾ)— ਰਾਹੁਲ ਗਾਂਧੀ ਦੇ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕਾਂਗਰਸ ਪਾਰਟੀ ਸ਼ਸ਼ੋਪੰਜ 'ਚ ਹੈ। ਕਾਂਗਰਸ 'ਚ ਹਰੇਕ ਵੱਡਾ ਅਤੇ ਹੰਢਿਆ ਨੇਤਾ ਆਪਣੀ ਡਫਲੀ-ਆਪਣਾ ਰਾਗ ਦੀ ਤਰਜ਼ 'ਤੇ ਸੁਝਾਅ ਦਿੰਦਾ ਜਾ ਰਿਹਾ ਹੈ। ਜ਼ਿਆਦਾਤਰ ਨੇਤਾ ਸੰਕਟ ਨਾਲ ਨਿਪਟਣ ਦੇ ਯਤਨਾਂ ਦੀ ਬਜਾਏ ਗਾਂਧੀ ਪਰਿਵਾਰ ਦਾ ਗੁਣਗਾਨ ਕਰਕੇ ਆਪਣੀਆਂ ਵਫਾਦਾਰੀਆਂ ਨੂੰ ਸਾਬਤ ਕਰਨ 'ਚ ਜੁਟੇ ਹੋਏ ਹਨ ਪਰ ਰਾਹੁਲ ਦੇ ਅਹੁਦਾ ਛੱਡਣ ਨੂੰ ਲੈ ਕੇ ਦਿੱਤੇ ਸਖਤ ਬਿਆਨ ਤੋਂ ਬਾਅਦ ਕਾਂਗਰਸ ਨੇਤਾਵਾਂ ਨੂੰ ਹੈਰਾਨ ਕਰ ਦਿੱਤਾ ਹੈ ਇਕ ਪਾਸੇ ਕਈ ਕਾਂਗਰਸੀ ਆਗੂ ਪਾਰਟੀ 'ਚ ਤਬਦੀਲੀ ਦੇਖਣਾ ਚਾਹੁੰਦੇ ਹਨ ਤਾਂ ਦੂਜੇ ਪਾਸੇ ਕੁਝ ਨੇਤਾ ਰਾਹੁਲ ਗਾਂਧੀ ਦੇ ਸੰਭਾਵਿਤ ਉੱਤਰਾਧਿਕਾਰੀ ਦੀ ਚੋਣ ਨੂੰ ਲੈ ਕੇ ਪਰੇਸ਼ਾਨ ਦਿਸ ਰਹੇ ਹਨ। ਪਾਰਟੀ ਦੇ ਇਕ ਪ੍ਰਮੁੱਖ ਨੇਤਾ ਨੇ ਕਿਹਾ ਕਿ ਕਾਂਗਰਸ ਦਾ ਪਹਿਲਾ ਪਰਿਵਾਰ ਵੀ ਮੌਜੂਦਾ ਸਮੇਂ 'ਚ ਪਾਰਟੀ ਦੀ ਖਸਤਾ ਹਾਲਤ ਨੂੰ ਲੈ ਕੇ ਬਹੁਤ ਚਿੰਤਤ ਹੈ।

ਕਾਂਗਰਸੀ ਨੇਤਾਵਾਂ ਦਾ ਮੰਨਣਾ ਹੈ ਕਿ ਕੁਝ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਕਾਂਗਰਸ ਨੂੰ ਹੋਰ ਕਮਜ਼ੋਰ ਕੀਤੇ ਜਾਣ ਦੀਆਂ ਸਾਜ਼ਿਸ਼ਾਂ ਵੀ ਰਚੀਆਂ ਜਾ ਰਹੀਆਂ ਹਨ। ਮਹਾਰਾਸ਼ਟਰ, ਝਾਰਖੰਡ, ਹਰਿਆਣਾ ਅਤੇ ਦਿੱਲੀ ਵਰਗੇ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਅਜਿਹੇ ਹਾਲਾਤ 'ਚ ਪਾਰਟੀ 'ਚ ਬਹੁਤ ਸਾਰੇ ਨੇਤਾ ਮਹਿਸੂਸ ਕਰਦੇ ਹਨ ਕਿ ਕਾਂਗਰਸ 'ਚ ਲੀਡਰਸ਼ਿਪ ਨੂੰ ਲੈ ਕੇ ਦਿਸ ਰਹੀ ਅਸਪੱਸ਼ਟ ਸਥਿਤੀ ਘਾਤਕ ਸਾਬਤ ਹੋ ਸਕਦੀ ਹੈ। ਕੁਝ ਨੇਤਾਵਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਦੇ ਫੈਸਲੇ ਨਾਲ ਪਾਰਟੀ ਦੇ ਭਵਿੱਖ ਨੂੰ ਬਲ ਮਿਲੇਗਾ, ਜਿਸ ਦੀ ਮੌਜੂਦਾ ਸਮੇਂ 'ਚ ਕਾਫੀ ਲੋੜ ਹੈ। ਇਕ ਸਪੱਸ਼ਟ ਵਿਜ਼ਨ ਦੇ ਨਾਲ ਕਾਂਗਰਸ ਇਕ ਵਾਰ ਫਿਰ ਭਰੋਸੇਯੋਗ ਬਦਲ ਦੇ ਰੂਪ 'ਚ ਉਭਰ ਸਕਦੀ ਹੈ ਪਰ ਸਪੱਸ਼ਟ ਲੀਡਰਸ਼ਿਪ ਨਾ ਹੋਣ ਕਾਰਨ ਕਾਂਗਰਸ ਨੂੰ ਆਪਣੀ ਹੋਂਦ ਨੂੰ ਬਣਾਈ ਰੱਖਣ ਦੇ ਸੰਕਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।

ਪਾਰਟੀ ਦੇ ਇਕ ਨੇਤਾ ਨੇ ਕਿਹਾ ਕਿ ਰਾਹੁਲ ਦੇ ਉੱਤਰਾਧਿਕਾਰੀ ਨੂੰ ਚੁਣਦੇ ਸਮੇਂ ਦੂਰਦਰਸ਼ੀ ਦੀ ਲੋੜ ਹੈ। ਉਸ ਦਾ ਮੰਨਣਾ ਹੈ ਕਿ ਗੁੱਟਬਾਜ਼ੀ ਅਤੇ ਭਾਈ-ਭਤੀਜਾਵਾਦ ਤੋਂ ਉੱਪਰ ਉੱਠ ਕੇ ਰਾਹੁਲ ਦਾ ਅਜਿਹਾ ਉੱਤਰਾਧਿਕਾਰੀ ਬਣਾਇਆ ਜਾਵੇ, ਜੋ ਜ਼ਮੀਨੀ ਪੱਧਰ 'ਤੇ ਵਰਕਰਾਂ ਨੂੰ ਨਾਲ ਲੈ ਕੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਸਮਰੱਥਾ ਰੱਖਦਾ ਹੋਵੇ। ਪਾਰਟੀ ਲੀਡਰਸ਼ਿਪ ਦੇ ਮਾਮਲੇ ਨੂੰ ਸੁਲਝਾਉਣ ਲਈ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਅਗਲੇ ਹਫਤੇ ਹੋਵੇਗੀ, ਜਿਸ 'ਚ ਕਾਂਗਰਸ ਦੇ ਭਵਿੱਖ ਦੀ ਰਣਨੀਤੀ ਦੀ ਰੂਪ-ਰੇਖਾ ਵੀ ਤਿਆਰ ਕੀਤੀ ਜਾਵੇਗੀ। ਕਈ ਨੇਤਾਵਾਂ ਦਾ ਇਕਸੁਰ 'ਚ ਕਹਿਣਾ ਹੈ ਕਿ ''ਗਾਂਧੀ ਪਰਿਵਾਰ ਕਾਂਗਰਸ ਦਾ ਅਟੁੱਟ ਹਿੱਸਾ ਹੈ, ਦੋਵਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ।'' ਪਾਰਟੀ ਦੇ ਇਕ ਨੇਤਾ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਗਾਂਧੀ ਪਰਿਵਾਰ ਦੇ ਦਿਸ਼ਾ-ਨਿਰਦੇਸ਼ਾਂ ਵੱਲ ਦੇਖਾਂਗੇ। ਜੇਕਰ ਕੋਈ ਗੈਰ-ਗਾਂਧੀ ਨੇਤਾ ਪਾਰਟੀ ਦੇ ਉੱਚ ਅਹੁਦੇ 'ਤੇ ਹੋਵੇਗਾ ਤਾਂ ਵੀ ਪਾਰਟੀ ਦੇ ਪਹਿਲੇ ਪਰਿਵਾਰ ਦਾ ਸੰਗਠਨ 'ਚ ਮਹੱਤਵਪੂਰਨ ਸਥਾਨ ਹੋਵੇਗਾ। ਰਾਹੁਲ ਨੇ ਆਪਣੇ ਅਸਤੀਫੇ ਤੋਂ ਬਾਅਦ ਆਪਣੀ ਪਹਿਲੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਹ ਪਾਰਟੀ ਲਈ ਪਹਿਲਾਂ ਤੋਂ 10 ਗੁਣਾ ਵੱਧ ਕੰਮ ਕਰਨਗੇ। 
ਉਨ੍ਹਾਂ ਦੀ ਭੈਣ ਅਤੇ ਪਾਰਟੀ ਦਾ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਸਭ ਤੋਂ ਪੁਰਾਣੀ ਪਾਰਟੀ ਦੇ ਸਭ ਤੋਂ ਉੱਚੇ ਅਹੁਦੇ ਨੂੰ ਛੱਡਣ ਦੇ ਉਨ੍ਹਾਂ ਦੇ ਦਲੇਰੀ ਭਰੇ ਫੈਸਲੇ ਦੀ ਸ਼ਲਾਘਾ ਕੀਤੀ। ਮੁੰਬਈ 'ਚ ਰਾਹੁਲ ਗਾਂਧੀ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਉਹ ਅਹੁਦੇ ਤੋਂ ਮੁਕਤ ਹੋਣ ਤੋਂ ਬਾਅਦ ਹੁਣ ਭਾਜਪਾ ਅਤੇ ਆਰ. ਐੱਸ. ਐੱਸ. ਨਾਲ ਆਪਣੀ ਵਿਚਾਰਕ ਲੜਾਈ 'ਚ 10 ਗੁਣਾ ਵੱਧ ਤਾਕਤ ਲਾਉਣਗੇ। ਪ੍ਰਿਯੰਕਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਕੁਝ ਹੀ ਨੇਤਾਵਾਂ 'ਚ ਅਜਿਹਾ ਸਾਹਸ ਦਿਖਾਉਣ ਦੀ ਸਮਰੱਥਾ ਹੋਈ ਹੈ, ਜਿਵੇਂ ਰਾਹੁਲ ਨੇ ਕੀਤਾ ਹੈ, ਮੈਂ ਰਾਹੁਲ ਦੇ ਫੈਸਲੇ ਦਾ ਸਨਮਾਨ ਕਰਦੀ ਹਾਂ।

ਗਾਂਧੀ-ਮੁਕਤ ਕਾਂਗਰਸ ਦੀਆਂ ਸੰਭਾਵਨਾਵਾਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ : ਅਸ਼ੋਕ ਗਹਿਲੋਤ
ਇਸ ਸੰਦਰਭ 'ਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਗਾਂਧੀ-ਮੁਕਤ ਕਾਂਗਰਸ ਦੀਆਂ ਸੰਭਾਵਨਾਵਾਂ ਨੂੰ ਖਾਰਿਜ ਕਰਦਿਆਂ ਕਿਹਾ ਕਿ ਅਜਿਹਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਕਾਂਗਰਸ ਅਤੇ ਗਾਂਧੀ ਪਰਿਵਾਰ ਅਲੱਗ-ਥਲੱਗ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਕ ਵਾਰ ਫਿਰ ਤੋਂ ਇਸ ਸੰਘਰਸ਼ 'ਚੋਂ ਉਭਰ ਕੇ ਫਿਰ ਵਾਪਸ ਪਰਤਾਂਗੇ ਅਤੇ ਕਾਂਗਰਸ ਪਾਰਟੀ ਰਾਹੁਲ ਗਾਂਧੀ ਦੀ ਗਤੀਸ਼ੀਲ ਅਗਵਾਈ ਤਹਿਤ ਫਾਸ਼ੀਵਾਦੀ ਤਾਕਤਾਂ ਨੂੰ ਹਰਾਉਣ ਲਈ ਆਪਣਾ ਸੰਘਰਸ਼ ਜਾਰੀ ਰੱਖਾਂਗੇ।

ਗਾਂਧੀ ਪਰਿਵਾਰ ਤੋਂ ਬਿਨਾਂ ਕਾਂਗਰਸ ਅਤੇ ਕਾਂਗਰਸ ਤੋਂ ਬਿਨਾਂ ਦੇਸ਼ ਇਕਜੁਟ ਨਹੀਂ ਰਹਿ ਸਕਦਾ : ਡੀ. ਕੇ. ਸ਼ਿਵ ਕੁਮਾਰ
ਕਰਨਾਟਕ ਦੇ ਮੰਤਰੀ ਡੀ. ਕੇ. ਸ਼ਿਵ ਕੁਮਾਰ ਨੇ ਵੀ ਕਿਹਾ ਕਿ ਗਾਂਧੀ ਪਰਿਵਾਰ ਤੋਂ ਬਿਨਾਂ ਕਾਂਗਰਸ ਇਕਜੁਟ ਨਹੀਂ ਹੋ ਸਕਦੀ ਅਤੇ ਕਾਂਗਰਸ ਦੇ ਬਿਨਾਂ ਦੇਸ਼ ਇਕਜੁਟ ਨਹੀਂ ਰਹਿ ਸਕਦਾ। ਗਾਂਧੀ ਪਰਿਵਾਰ ਦੇ ਕੋਲ ਹੀ ਪਾਰਟੀ ਨੂੰ ਮਜ਼ਬੂਤ ਅਤੇ ਇਕਜੁਟ ਰੱਖਣ ਦੀ ਸ਼ਕਤੀ ਹੈ ਅਤੇ ਕਾਂਗਰਸ ਨੂੰ ਮੁੜ ਸੱਤਾ 'ਚ ਫਿਰ ਤੋਂ ਵਾਪਸ ਲਿਆਉਣ ਲਈ ਸੰਗਠਨ ਨੂੰ ਫਿਰ ਤੋਂ ਸਰਗਰਮ ਬਣਾਉਣਾ ਹੋਵੇਗਾ।


shivani attri

Content Editor

Related News