ਗੁਜਰਾਤ ਦੀ ਉਪ ਚੋਣ ’ਚ ਰਾਹੁਲ ਦੀ ਇੱਜ਼ਤ ਦਾਅ ’ਤੇ : ਸਿੱਧੂ (ਵੀਡੀਓ)

Wednesday, Dec 19, 2018 - 10:56 AM (IST)

ਜਸਦਨ, (ਯੂ. ਐੱਨ. ਆਈ.)– ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਦੀ ਜਸਦਨ ਵਿਧਾਨ ਸਭਾ ਸੀਟ ’ਤੇ ਉਪ ਚੋਣ ਲਈ ਪ੍ਰਚਾਰ ਦੌਰਾਨ ਮੋਦੀ, ਪਾਰਟੀ ਪ੍ਰਧਾਨ ਅਮਿਤ ਸ਼ਾਹ ਅਤੇ ਹੋਰਨਾਂ ਸੀਨੀਅਰ ਆਗੂਆਂ ’ਤੇ ਆਪਣੇ ਖਾਸ ਅੰਦਾਜ਼ ਵਿਚ ਜ਼ਬਰਦਸਤ ਹਮਲੇ ਕੀਤੇ।

ਸਿੱਧੂ ਨੇ ਕਿਹਾ ਕਿ ਕਾਂਗਰਸ ਦਾ ਗੜ੍ਹ ਰਹੇ ਜਸਦਨ ਦੀ ਇਹ ਉਪ ਚੋਣ ਇਤਿਹਾਸਕ ਅਤੇ ਕਾਂਗਰਸ ਦੀ ਹੋਂਦ ਨੂੰ ਤੈਅ ਕਰਨ ਵਾਲੀ  ਹੈ। ਇਸ ਵਿਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਇੱਜ਼ਤ ਦਾਅ ’ਤੇ ਹੈ। 20 ਦਸੰਬਰ ਨੂੰ ਹੋਣ ਵਾਲੀ ਉਕਤ ਉਪ ਚੋਣ ਵਿਚ ਸੱਤਾਧਾਰੀ ਭਾਜਪਾ ਵਲੋਂ ਸੂਬੇ ਦੇ ਮੰਤਰੀ ਕੁੰਵਰ ਜੀ ਉਮੀਦਵਾਰ ਹਨ। ਉਨ੍ਹਾਂ ਇਸ ਸਾਲ ਜੁਲਾਈ ਵਿਚ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜਿਆ ਸੀ। ਇਸੇ ਕਾਰਨ ਇਥੇ ਉਪ ਚੋਣ ਹੋ ਰਹੀ ਹੈ। 

ਸਿੱਧੂ ਨੇ ਕਿਹਾ ਕਿ ਗੁਜਰਾਤ ਸਰਕਾਰ ਇਸ  ਉਪ ਚੋਣ ਵਿਚ ਆਪਣੇ ਉਮੀਦਵਾਰ ਦੀ ਹਾਰ ਨੂੰ ਸਾਹਮਣੇ ਵੇਖ ਕੇ 650 ਕਰੋੜ ਰੁਪਏ ਦੇ ਬਿਜਲੀ ਦੇ ਬਿੱਲਾਂ ਦਾ ਬਕਾਇਆ ਮੁਆਫ ਕਰਨ ਦਾ ਖੋਖਲਾ ਲਾਲੀਪਾਪ ਵਿਖਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੇ ਰਾਜ ਵਿਚ ਨੋਟਬੰਦੀ ਦੌਰਾਨ ਘਪਲੇ ਹੋਏ ਅਤੇ 2250 ਕਰੋੜ ਰੁਪਏ ਦੇ ਪੁਰਾਣੇ ਨੋਟ ਸਿਰਫ ਗੁਜਰਾਤ ਦੇ 3 ਸਹਿਕਾਰੀ ਬੈਂਕਾਂ ਵਿਚ ਪਾਏ ਗਏ।


Related News