ਰਾਜਸਥਾਨ ਤੇ ਮੱਧ ਪ੍ਰਦੇਸ਼ ''ਚ ਕਾਂਗਰਸ ਨੇ ਇਕਜੁੱਟਤਾ ਕਾਰਨ ਭਾਜਪਾ ਨੂੰ ਹਰਾਇਆ
Friday, Mar 02, 2018 - 07:08 AM (IST)

ਜਲੰਧਰ (ਧਵਨ) - ਪਹਿਲਾਂ ਰਾਜਸਥਾਨ 'ਚ ਲੋਕ ਸਭਾ ਅਤੇ ਵਿਧਾਨ ਸਭਾ ਸੀਟਾਂ ਦੀਆਂ ਉਪ ਚੋਣਾਂ 'ਚ ਕਾਂਗਰਸ ਵਲੋਂ ਭਾਜਪਾ ਨੂੰ ਹਰਾਉਣ ਅਤੇ ਹੁਣ ਮੱਧ ਪ੍ਰਦੇਸ਼ 'ਚ ਦੋ ਵਿਧਾਨ ਸਭਾ ਸੀਟਾਂ ਦੀਆਂ ਹੋਈਆਂ ਉਪ ਚੋਣਾਂ 'ਚ ਕਾਂਗਰਸ ਵਲੋਂ ਭਾਜਪਾ ਨੂੰ ਮੁੜ ਹਰਾਉਣ ਪਿਛੇ ਕਾਂਗਰਸ ਦੀ ਇਕਜੁੱਟਤਾ ਅਤੇ ਦੋਵੇਂ ਸੂਬਿਆਂ 'ਚ ਸਰਕਾਰ ਵਿਰੋਧੀ ਲਹਿਰ ਦਾ ਜ਼ੋਰ ਫੜਨਾ ਮੁੱਖ ਕਾਰਨ ਹੈ। ਮੱਧ ਪ੍ਰਦੇਸ਼ 'ਚ ਪਿਛਲੇ ਤਿੰਨ ਵਾਰ ਤੋਂ ਸ਼ਿਵਰਾਜ ਸਿੰਘ ਚੌਹਾਨ ਦੀ ਲੀਡਰਸ਼ਿਪ 'ਚ ਭਾਜਪਾ ਦੀ ਸਰਕਾਰ ਬਣਦੀ ਰਹੀ ਹੈ।
ਮੱਧ ਪ੍ਰਦੇਸ਼ 'ਚ ਕੋਲਾਰਸ ਅਤੇ ਮੁੰਗਾਵਲੀ ਵਿਧਾਨ ਸਭਾ ਸੀਟਾਂ 'ਤੇ ਕਾਂਗਰਸ ਭਾਜਪਾ ਨੂੰ ਹਰਾਉਣ 'ਚ ਸਫਲ ਰਹੀ ਜਦਕਿ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੋਵੇਂ ਸੀਟਾਂ ਨੂੰ ਜਿੱਤਣ ਲਈ ਆਪਣੇ ਮੰਤਰੀ ਮੰਡਲ ਦੇ ਸਾਥੀਆਂ ਨਾਲ ਪੂਰਾ ਜ਼ੋਰ ਲਾਇਆ ਹੋਇਆ ਸੀ। ਖੁਦ ਮੁੱਖ ਮੰਤਰੀ ਨੇ ਇਨ੍ਹਾਂ ਸੀਟਾਂ ਨੂੰ ਜਿੱਤਣ ਲਈ 30 ਰੈਲੀਆਂ ਅਤੇ ਰੋਡ ਸ਼ੋਅ 'ਚ ਹਿੱਸਾ ਲਿਆ। ਭਾਜਪਾ ਨੇ ਨਾਅਰਾ ਦਿੱਤਾ ਸੀ ਕਿ ਜੇਕਰ ਉਹ ਦੋਵੇਂ ਸੀਟਾਂ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਦਾ ਚੌਥੀ ਵਾਰ ਮੁੱਖ ਮੰਤਰੀ ਬਣਨ ਦਾ ਸੁਪਨਾ ਪੂਰਾ ਹੋ ਜਾਵੇਗਾ ਪਰ ਹੁਣ ਉਪ ਚੋਣਾਂ ਹਾਰਨ ਤੋਂ ਬਾਅਦ ਭਾਜਪਾ ਦੇ ਸਾਹਮਣੇ ਮੱਧ ਪ੍ਰਦੇਸ਼ 'ਚ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ।
ਮੰਨਿਆ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ 'ਚ ਪਹਿਲੀ ਵਾਰ ਕਾਂਗਰਸ ਨੇ ਇਕਜੁੱਟ ਹੋ ਕੇ ਚੋਣਾਂ ਲੜੀਆਂ। ਇਸ ਤੋਂ ਪਹਿਲਾਂ ਰਾਜਸਥਾਨ 'ਚ ਵੀ ਪਾਰਟੀ ਨੇ ਇਕਜੁਟ ਹੋ ਕੇ ਵਸੁੰਧਰਾ ਰਾਜੇ ਸਿੰਧੀਆ ਨੂੰ ਝਟਕਾ ਦਿੱਤਾ ਸੀ। ਰਾਜਸਥਾਨ 'ਚ ਕਾਂਗਰਸ ਨੇ ਦੋ ਲੋਕ ਸਭਾ ਸੀਟਾਂ ਅਜਮੇਰ ਅਤੇ ਅਲਵਰ ਨੂੰ ਵੱਡੇ ਫਰਕ ਨਾਲ ਜਿੱਤਿਆ ਸੀ ਅਤੇ ਨਾਲ ਹੀ ਮੰਗਲਗੜ੍ਹ ਵਿਧਾਨ ਸਭਾ ਸੀਟ 'ਤੇ ਵੀ ਕਬਜ਼ਾ ਕਰ ਲਿਆ ਸੀ। ਕਾਂਗਰਸ ਦੀ ਕਮਾਨ ਜੋਤੀਰਾਦਿੱਤਿਆ ਸਿੰਧੀਆ ਨੇ ਸੰਭਾਲੀ ਹੋਈ ਸੀ। ਚੋਣ ਮੁਹਿੰਮ 'ਚ ਕਾਂਗਰਸ ਨੇਤਾ ਕਮਲਨਾਥ ਨੇ ਵੀ ਸਿੰਧੀਆ ਦਾ ਪੂਰਾ ਸਾਥ ਦਿੱਤਾ।
ਕਾਂਗਰਸ ਹੁਣ ਇਹ ਦਾਅਵਾ ਕਰ ਰਹੀ ਹੈ ਕਿ ਉਹ ਹੁਣ 2018 'ਚ ਹੋਣ ਵਾਲੀਆਂ ਸੂਬਾ ਵਿਧਾਨ ਸਭਾ ਚੋਣਾਂ 'ਚ ਪਾਸਾ ਪਲਟਣ 'ਚ ਸਮਰੱਥ ਹੈ। ਦੂਜੇ ਪਾਸੇ ਭਾਜਪਾ ਇਹ ਕਹਿ ਕੇ ਆਪਣਾ ਪੱਲਾ ਛੁਡਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪਹਿਲਾਂ ਵੀ ਇਹ ਦੋਵੇਂ ਸੀਟਾਂ ਕਾਂਗਰਸ ਕੋਲ ਸਨ ਪਰ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਭਾਜਪਾ ਉਪ ਚੋਣਾਂ ਨੂੰ ਲੈ ਕੇ ਗੰਭੀਰ ਨਹੀਂ ਸੀ ਤਾਂ ਫਿਰ ਮੁੱਖ ਮੰਤਰੀ ਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਾਥੀਆਂ ਨੂੰ ਉਪ ਚੋਣਾਂ 'ਚ ਪਿਛਲੇ ਇਕ ਮਹੀਨੇ 'ਚ ਇੰਨਾ ਜ਼ਿਆਦਾ ਜ਼ੋਰ ਕਿਉਂ ਲਾਉਣਾ ਪਿਆ। ਕਾਂਗਰਸ ਹੁਣ ਸੂਬੇ 'ਚ ਹਮਲਾਵਰ ਸਥਿਤੀ 'ਚ ਹੈ ਤੇ ਅਗਲੇ ਆਉਣ ਵਾਲੇ ਦਿਨਾਂ 'ਚ ਸਿਆਸੀ ਮਾਹੌਲ ਕਾਫੀ ਗਰਮਾ ਜਾਵੇਗਾ। ਦੋ ਵਿਧਾਨ ਸਭਾ ਸੀਟਾਂ ਭਾਜਪਾ ਸ਼ਾਸਿਤ ਸੂਬੇ 'ਚ ਜਿੱਤਣ ਤੋਂ ਬਾਅਦ ਰਾਹੁਲ ਗਾਂਧੀ ਦਾ ਵੀ ਦਬਦਬਾ ਰਾਸ਼ਟਰੀ ਪੱਧਰ 'ਤੇ ਵਧਿਆ ਹੈ ਕਿਉਂਕਿ ਸੂਬਿਆਂ 'ਚ ਕਾਂਗਰਸ ਦੇ ਮਜ਼ਬੂਤ ਹੋਣ 'ਤੇ ਵੀ ਪਾਰਟੀ ਲੀਡਰਸ਼ਿਪ ਮਿਸ਼ਨ 2019 ਨੂੰ ਫਤਿਹ ਕਰਨ ਵਲ ਵਧ ਸਕੇਗੀ।