ਭਾਜਪਾ ਦਾ ਵੱਡਾ ਬਿਆਨ, ਕਿਹਾ- ਰਾਘਵ ਚੱਢਾ ਹੀ ਹੋਣਗੇ ਹੁਣ ਅਸਲੀ ਮੁੱਖ ਮੰਤਰੀ

Monday, Jul 11, 2022 - 10:28 PM (IST)

ਚੰਡੀਗੜ੍ਹ (ਸ਼ਰਮਾ) : ਭਾਰਤੀ ਜਨਤਾ ਪਾਰਟੀ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਰਾਘਵ ਚੱਢਾ ਨੂੰ ਸਰਕਾਰ ਦੀ ਸਲਾਹਕਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ। ਪਾਰਟੀ ਨੇ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਇਹ ਦਿੱਲੀ ਦੇ ਆਕਾਵਾਂ ਅੱਗੇ ਗੋਡੇ ਟੇਕਣ ਦੇ ਬਰਾਬਰ ਹੈ। ਇਥੇ ਜਾਰੀ ਇਕ ਬਿਆਨ 'ਚ ਭਾਜਪਾ ਦੇ ਸੂਬਾ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਪਾਰਟੀ ਪਹਿਲੇ ਦਿਨ ਤੋਂ ਹੀ ਕਹਿ ਰਹੀ ਹੈ ਕਿ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੇ ਹੱਥਾਂ ਦੀ ਕਠਪੁਤਲੀ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਚੱਢਾ ਪਿਛਲੇ ਦਰਵਾਜ਼ੇ ਤੋਂ ਸਰਕਾਰ ਚਲਾਉਂਦੇ ਸਨ ਤੇ ਹੁਣ ਉਹ ਖੁੱਲ੍ਹ ਕੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਨਗੇ। ਚੱਢਾ ਨੂੰ ਪੰਜਾਬ ਦਾ ਪੂਰਨ ਮੁੱਖ ਮੰਤਰੀ ਬਣਾਉਣ ਵੱਲ ਇਹ ਪਹਿਲਾ ਕਦਮ ਹੈ।

ਖ਼ਬਰ ਇਹ ਵੀ : ਸਿਮਰਜੀਤ ਬੈਂਸ 3 ਦਿਨਾ ਪੁਲਸ ਰਿਮਾਂਡ 'ਤੇ, ਉਥੇ ਮੱਤੇਵਾੜਾ ਪ੍ਰੋਜੈਕਟ ਰੱਦ ਕਰਨ ਦਾ ਐਲਾਨ, ਪੜ੍ਹੋ TOP 10

ਭਾਜਪਾ ਆਗੂ ਨੇ ਚੱਢਾ ਨੂੰ ਕੋਈ ਲਾਭ ਨਾ ਦੇਣ ਦੇ ਸਰਕਾਰ ਦੇ ਦਾਅਵਿਆਂ ’ਤੇ ਵੀ ਚੁਟਕੀ ਲੈਂਦਿਆਂ ਕਿਹਾ ਕਿ ਇਹ ਸਭ ਕੁਝ ਆਫ਼ਿਸ ਆਫ਼ ਪ੍ਰੋਫਿਟ ਦੀਆਂ ਤਜਵੀਜਾਂ ਤੋਂ ਬਚਣ ਲਈ ਕੀਤਾ ਗਿਆ ਹੈ, ਨਾ ਕਿ ਪੰਜਾਬ ਦਾ ਪੈਸਾ ਬਚਾਉਣ ਲਈ, ਕਿਉਂਕਿ ਚੱਢਾ ਰਾਜ ਸਭਾ ਮੈਂਬਰ ਹਨ। ਨਹੀਂ ਤਾਂ ਸਰਕਾਰ ਉਨ੍ਹਾਂ ਨੂੰ ਵੀ ਲਾਭ ਦੇ ਦਿੰਦੀ। ਸ਼ਰਮਾ ਨੇ ਕਿਹਾ ਕਿ ਚੱਢਾ ਨੂੰ ਸਲਾਹਕਾਰ ਕਮੇਟੀ ਦਾ ਚੇਅਰਮੈਨ ਬਣਾਉਣ ਦਾ ‘ਆਪ’ ਦਾ ਫੈਸਲਾ ਯੂ.ਪੀ.ਏ. ਸਰਕਾਰ ਦੇ ਉਸ ਫੈਸਲੇ ਵਾਂਗ ਹੈ, ਜਦੋਂ ਉਸ ਨੇ ਸਲਾਹਕਾਰ ਕਮੇਟੀ ਬਣਾ ਕੇ ਸੋਨੀਆ ਗਾਂਧੀ ਨੂੰ ਉਸ ਦਾ ਚੇਅਰਮੈਨ ਨਿਯੁਕਤ ਕੀਤਾ ਸੀ, ਜਦਕਿ ਡਾ. ਮਨਮੋਹਨ ਸਿੰਘ ਨੂੰ ਰਬੜ ਸਟੈਂਪ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : CM ਨੇ ਕੇਜਰੀਵਾਲ ਦੇ ਕਹਿਣ ’ਤੇ ਹਰਿਆਣਾ 'ਚ ਸਿਆਸੀ ਲਾਹਾ ਲੈਣ ਲਈ ਪੰਜਾਬ ਦੇ ਹੱਕ ਵੇਚੇ : ਅਕਾਲੀ ਦਲ

ਸੂਬਾ ਭਾਜਪਾ ਜਨਰਲ ਸਕੱਤਰ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਪੰਜਾਬ ਨੂੰ ਦਿੱਲੀ ਤੋਂ ਨਹੀਂ ਚਲਾਇਆ ਜਾ ਸਕਦਾ ਅਤੇ ਪੰਜਾਬ ਦੇ ਲੋਕਾਂ ਨੇ ਚੱਢਾ ਨੂੰ ਮੁੱਖ ਮੰਤਰੀ ਵਜੋਂ ਵੋਟ ਨਹੀਂ ਦਿੱਤੀ, ਜੋ ਤੁਹਾਡਾ ਅਸਲ ਉਦੇਸ਼ ਹੈ। ਉਨ੍ਹਾਂ ‘ਆਪ’ ਲੀਡਰਸ਼ਿਪ ਨੂੰ ਕਿਹਾ ਕਿ ਜਿੰਨੀ ਜਲਦੀ ਤੁਸੀਂ ਇਹ ਫੈਸਲਾ ਵਾਪਸ ਲੈ ਲਵੋ, ਓਨਾ ਹੀ ਚੰਗਾ ਹੈ।

ਇਹ ਵੀ ਪੜ੍ਹੋ : ਪਟਿਆਲਾ ਜੇਲ੍ਹ ’ਚ ਬੰਦ ਮਜੀਠੀਆ ਨੂੰ ਮਿਲੇ ਸੁਖਬੀਰ ਬਾਦਲ ਤੇ ਹਰਸਿਮਰਤ, 2 ਘੰਟੇ ਕੀਤੀ ਮੁਲਾਕਾਤ (ਵੀਡੀਓ)

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News