ਰਾਘਵ ਚੱਢਾ ਵੱਲੋਂ ‘ਫਤਿਹ ਕਿੱਟ’ ਖਰੀਦਣ ’ਤੇ ਭਿ੍ਸ਼ਟਾਚਾਰ ਸਬੰਧੀ ਲੋਕਪਾਲ ਨੂੰ ਸ਼ਿਕਾਇਤ

Wednesday, Jun 09, 2021 - 02:20 PM (IST)

ਰਾਘਵ ਚੱਢਾ ਵੱਲੋਂ ‘ਫਤਿਹ ਕਿੱਟ’ ਖਰੀਦਣ ’ਤੇ ਭਿ੍ਸ਼ਟਾਚਾਰ ਸਬੰਧੀ ਲੋਕਪਾਲ ਨੂੰ ਸ਼ਿਕਾਇਤ

ਚੰਡੀਗੜ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ‘ਫਤਿਹ ਕਿੱਟ’ ਖਰੀਦਣ ’ਚ ਕੀਤੇ ਭਿ੍ਸ਼ਟਾਚਾਰ ਦੀ ਸ਼ਿਕਾਇਤ ਪੰਜਾਬ ਦੇ ਲੋਕਪਾਲ ਨੂੰ ਕੀਤੀ ਹੈ। ਉਨ੍ਹਾਂ ਵਲੋਂ ਮੰਗ ਕੀਤੀ ਗਈ ਹੈ ਕਿ ਮਹਾਮਾਰੀ ਦੇ ਦੌਰ ’ਚ ਪੰਜਾਬ ਦੇ ਖਜ਼ਾਨੇ ਨੂੰ ਭਾਰੀ ਆਰਥਿਕ ਨੁਕਸਾਨ ਪਹੁੰਚਾਉਣ ਲਈ ਜ਼ਿੰਮੇਵਾਰ ਰਾਜਨੀਤਕ ਅਤੇ ਪ੍ਰਸ਼ਾਸਨਿਕ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਰਵਾਈ ਕੀਤੀ ਜਾਵੇ। ਰਾਘਵ ਚੱਢਾ ਨੇ ਕਿਹਾ ਕਿ ਉਹ ਇਹ ਸ਼ਿਕਾਇਤ ਇਕ ਪੰਜਾਬੀ, ਪ੍ਰਤੀਨਿਧੀ ਅਤੇ ਮੁੱਖ ਵਿਰੋਧੀ ਧਿਰ ਦੇ ਸਹਿ-ਇੰਚਾਰਜ ਵਜੋਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਲਿਖ ਰਹੇ ਹਨ। ਕੋਵਿਡ-19 ਮਹਾਮਾਰੀ ਦੇ ਸਮੇਂ ’ਚ ਮੌਜੂਦਾ ਕਾਂਗਰਸ ਸਰਕਾਰ ਅਧੀਨ ਪ੍ਰਸ਼ਾਸਨ ਵੱਲੋਂ ਕੀਤੇ ਗਏ ਭਿ੍ਸ਼ਟਾਚਾਰ ਨਾਲ ਪ੍ਰਭਾਵਿਤ ਹੋ ਰਹੇ ਪੰਜਾਬ ਵਾਸੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਉਨ੍ਹਾਂ ਨੇ ਲੋਕਪਾਲ ਨੂੰ ਦਖਲ ਦੇਣ ਲਈ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮੁਸੀਬਤ ਦੇ ਸਮੇਂ ਵਿਚ ਪੰਜਾਬ ਦੇ ਬੀਮਾਰ ਲੋਕਾਂ ਦੀ ਗੰਭੀਰ ਹਾਲਤ ’ਚ ਵੱਡੇ ਪੱਧਰ ’ਤੇ ਘਪਲੇ ਕਰਨਾ ਮੌਜੂਦਾ ਕਾਂਗਰਸ ਸਰਕਾਰ ਦੀ ਵੱਡੀ ਲਾਪਰਵਾਹੀ ਹੈ।

ਇਹ ਵੀ ਪੜ੍ਹੋ : 37 ਸਾਲਾਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਗੋਲੀ ਨਾਲ ਛੱਲਣੀ ਬੀੜ ਸਾਹਿਬ ਦੀ ਯਾਦ ਕਿਉਂ ਆਈ : ਸਿਮਰਨਜੀਤ ਸਿੰਘ ਮਾਨ

ਉਨ੍ਹਾਂ ਕਿਹਾ ਕਿ ਇੰਨੇ ਵੱਡੇ ਪੱਧਰ ’ਤੇ ਘਪਲੇ ਦੀ ਯੋਜਨਾ ਬਣਾਉਣ ਵਿਚ ਰਾਜਨੀਤਕ ਕਾਰਜ ਪ੍ਰਣਾਲੀ ਦੀ ਅਹਿਮ ਮਿਲੀਭੁਗਤ ਦੀ ਸੰਭਾਵਨਾ ਨੂੰ ਖਾਰਿਜ ਨਹੀਂ ਕੀਤਾ ਜਾ ਸਕਦਾ। ਸਾਹਮਣੇ ਆਏ ਤੱਥਾਂ ਨੂੰ ਵੇਖ ਕੇ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਸਰਕਾਰ ਨੇ ‘ਆਫਤ ਨੂੰ ਮੌਕੇ’ ਦੇ ਰੂਪ ਵਿਚ ਇਸਤੇਮਾਲ ਕਰਦੇ ਹੋਏ ‘ਫਤਿਹ ਕਿੱਟ’ ਦੀ ਖਰੀਦ ਵਿਚ ਕਰੋੜਾਂ ਰੁਪਏ ਦਾ ਭਿ੍ਸ਼ਟਾਚਾਰ ਕੀਤਾ ਹੈ, ਜੋ ਕਿ ਕੋਰੋਨਾ ਪੀੜਤ ਦੇ ਇਲਾਜ ਲਈ ਇਸਤੇਮਾਲ ਕੀਤੀ ਜਾਂਦੀ ਹੈ। ਰਾਘਵ ਚੱਢਾ ਨੇ ਲੋਕਪਾਲ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਮਹਾਮਾਰੀ ਦੇ ਦੌਰ ਵਿਚ ਹੋਏ ਭਿ੍ਸ਼ਟਾਚਾਰ ਦੀ ਡੂੰਘਾਈ ਨੂੰ ਸਮਝ ਕੇ ਤੁਰੰਤ ਕਾਰਵਾਈ ਅਮਲ ਵਿਚ ਲਾਉਣ ਅਤੇ ਇਸ ਵਿਚ ਸ਼ਾਮਲ ਆਦਮੀਆਂ ਖ਼ਿਲਾਫ਼ ਕਾਰਵਾਈ ਕਰਨ।

ਇਹ ਵੀ ਪੜ੍ਹੋ : ਕੀ ਹਾਈਕਮਾਨ ਤੱਕ ਵੀ ਪਹੁੰਚਿਆ ਕੈਪਟਨ ਸਰਕਾਰ ਦੇ ਵੈਕਸੀਨ ਘਪਲੇ ਦਾ ਪੈਸਾ : ਰਾਘਵ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 

 


author

Anuradha

Content Editor

Related News