ਸਿਹਤ ਵਿਭਾਗ ਵੱਲੋਂ ''ਹਲਕਾਅ'' ਦੀ ਰੋਕਥਾਮ ਲਈ ਐਡਵਾਈਜ਼ਰੀ ਜਾਰੀ, ਲੋਕਾਂ ਨੂੰ ਕੀਤੀ ਗਈ ਖ਼ਾਸ ਅਪੀਲ
Tuesday, Sep 28, 2021 - 10:30 AM (IST)
ਲੁਧਿਆਣਾ (ਜ. ਬ.) : ਸਿਹਤ ਵਿਭਾਗ ਨੇ ਹਲਕਾਅ (ਰੈਬੀਜ਼) ਦੀ ਰੋਕਥਾਮ ’ਤੇ ਐਡਵਾਈਜ਼ਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਖ਼ਾਸ ਅਪੀਲ ਕੀਤੀ ਕਿ ਇਹ ਇਕ ਜਾਨਲੇਵਾ ਬੀਮਾਰੀ ਹੈ, ਜੋ ਕਿਸੇ ਵੀ ਜਾਨਵਰ ਦੇ ਕੱਟਣ ਨਾਲ ਹੋ ਸਕਦੀ ਹੈ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਕੁੱਤਾ, ਬਿੱਲੀ, ਚੂਹਾ, ਬਾਂਦਰ, ਚਮਗਾਦੜ, ਬਬੂਨ, ਖਰਗੋਸ਼, ਨਿਓਲਾ ਆਦਿ ਕਿਸੇ ਜਾਨਵਰ ਨੇ ਕੱਟ ਲਿਆ ਤਾਂ ਜ਼ਖਮਾਂ ਨੂੰ ਤੁਰੰਤ ਸਾਬਣ ਅਤੇ ਵਹਿੰਦੇ ਪਾਣੀ ਨਾਲ 15 ਮਿੰਟ ਧੋਵੋ।
ਇਹ ਵੀ ਪੜ੍ਹੋ : ਚੰਨੀ ਵਜ਼ਾਰਤ ਦੀ ਪਹਿਲੀ ਮੀਟਿੰਗ ਦੌਰਾਨ ਲਿਆ ਗਿਆ ਵੱਡਾ ਫ਼ੈਸਲਾ
ਜ਼ਖਮਾਂ ਨੂੰ ਕੀਟਾਣੂ ਰਹਿਤ ਕਰਨ ਲਈ ਅਲਕੋਹਲ ਜਾਂ ਆਇਓਡੀਨ ਨਾਲ ਸਾਫ਼ ਕਰੋ। ਉਨ੍ਹਾਂ ਕਿਹਾ ਕਿ ਜ਼ਖਮਾਂ ਨੂੰ ਕਦੇ ਵੀ ਨੰਗੇ ਹੱਥਾਂ ਨਾਲ ਨਾ ਛੂਹੋ ਅਤੇ ਜ਼ਖਮ ’ਤੇ ਤੇਲ, ਕਾਲੀ ਮਿਰਚ, ਨਿੰਬੂ, ਪੱਤੇ ਜਾਂ ਕੋਈ ਹੋਰ ਪਦਾਰਥ ਨਹੀਂ ਲਗਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜ਼ਖਮਾਂ ’ਤੇ ਪੱਟੀ ਨਹੀਂ ਲਗਾਉਣੀ ਚਾਹੀਦੀ ਅਤੇ ਮਰੀਜ਼ ਨੂੰ ਜਲਦ ਤੋਂ ਜਲਦ ਨੇੜੇ ਦੇ ਸਿਹਤ ਕੇਂਦਰ ਵਿਚ ਜਾ ਕੇ ਡਾਕਟਰ ਦੀ ਸਲਾਹ ਮੁਤਾਬਕ ਇਲਾਜ ਕਰਵਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਦੁਬਈ ਵੀ ਕਰਦਾ ਹੈ ਗੁਰਦਾਸਪੁਰੀਏ 'ਜੋਗਿੰਦਰ ਸਲਾਰੀਆ' 'ਤੇ ਮਾਣ, ਦਿੱਤਾ ਗੋਲਡਨ ਵੀਜ਼ਾ
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲਾਂ, ਸਬ-ਡਵੀਜ਼ਨਲ ਹਸਪਤਾਲਾਂ ਅਤੇ ਸਮੁਦਾਇਕ ਸਿਹਤ ਕੇਂਦਰਾਂ ਵਿਚ ਰੋਜ਼ਾਨਾ ਰੈਬੀਜ਼ ਦਾ ਟੀਕਾ ਮੁਫ਼ਤ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਲੋਕਾਂ ਤੋਂ ਜਾਨਵਰਾਂ ਦੇ ਕੱਟਣ ਤੋਂ ਆਪਣੀ ਸੁਰੱਖਿਆ ਕਰਨ, ਕਿਸੇ ਵੀ ਜਾਨਵਰ ਦੇ ਕੱਟਣ ’ਤੇ ਲਾਪਰਵਾਹੀ ਨਾ ਵਰਤਣ ਅਤੇ ਪੂਰੀ ਤਰ੍ਹਾਂ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਘਰਾਂ ਵਿਚ ਪਾਲਤੂ ਜਾਨਵਰ ਹਨ, ਉਨ੍ਹਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ : SI ਤੇ ਸਿਪਾਹੀਆਂ ਦੀ ਭਰਤੀ ਦਾ ਪੇਪਰ ਹੈਕ ਮਾਮਲਾ, ਹੁਣ ਮੋਹਾਲੀ ਪੁਲਸ ਨੇ ਵੀ ਦਰਜ ਕੀਤਾ ਕੇਸ
ਇਸ ਤੋਂ ਇਲਾਵਾ ਬੱਚਿਆਂ ਨੂੰ ਅਵਾਰਾ ਜਾਨਵਰਾਂ ਤੋਂ ਦੂਰ ਰਹਿਣ ਅਤੇ ਉਨ੍ਹਾਂ ਨਾਲ ਨਾ ਖੇਡਣ ਦੀ ਸਲਾਹ ਦਿੱਤੀ ਜਾਣੀ ਚਾਹੀਦੀ ਹੈ। ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਰੈਬੀਜ਼ ਦੀ ਰੋਕਥਾਮ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ