ਰੇਲਵੇ ਸਟੇਸ਼ਨ ਦੀ ਸੁਰੱਖਿਆ ਵਿਵਸਥਾ ’ਤੇ ਸਵਾਲ, ਬਿਨਾਂ ਸਕੈਨਿੰਗ ਜਾ ਰਹੇ ਪਾਰਸਲ ਅਤੇ ਯਾਤਰੀ

Tuesday, Aug 18, 2026 - 01:46 PM (IST)

ਰੇਲਵੇ ਸਟੇਸ਼ਨ ਦੀ ਸੁਰੱਖਿਆ ਵਿਵਸਥਾ ’ਤੇ ਸਵਾਲ, ਬਿਨਾਂ ਸਕੈਨਿੰਗ ਜਾ ਰਹੇ ਪਾਰਸਲ ਅਤੇ ਯਾਤਰੀ

ਚੰਡੀਗੜ੍ਹ (ਲਲਨ) : ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਅਤੇ ਪਾਰਸਲਾਂ ਦੀ ਸੁਰੱਖਿਆ ਪ੍ਰਣਾਲੀ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਸਟੇਸ਼ਨ ਦੇ ਪਾਰਸਲ ਵਿਭਾਗ ’ਚ ਕਾਰਟਨ ਸਕੈਨਰ ਉਪਲਬੱਧ ਨਹੀਂ ਹੈ, ਜਿਸ ਕਾਰਨ ਹਜ਼ਾਰਾਂ ਰੁਪਏ ਮੁੱਲ ਦਾ ਸਮਾਨ ਬਿਨਾਂ ਸਕੈਨਿੰਗ ਦੇ ਰੇਲਗੱਡੀਆਂ ’ਚ ਲੋਡ ਕੀਤਾ ਜਾ ਰਿਹਾ ਹੈ। ਇਸ ਕਾਰਨ ਕਿਸੇ ਵਿਅਕਤੀ ਵੱਲੋਂ ਵਿਸਫੋਟਕ ਜਾਂ ਹੋਰ ਵਰਜਿਤ ਵਸਤੂਆਂ ਪਾਰਸਲਾਂ ਰਾਹੀਂ ਭੇਜੇ ਜਾਣ ਦੀ ਸ਼ੰਕਾ ਨਾਲ ਸੁਰੱਖਿਆ ਪ੍ਰਣਾਲੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਪਲੇਟਫਾਰਮ ’ਤੇ ਜਾਣ ਤੋਂ ਪਹਿਲਾਂ ਯਾਤਰੀਆਂ ਦੀ ਸੁਰੱਖਿਆ ਜਾਂਚ ਲਈ ਲਗਾਏ ਗਏ ਬੈਗ ਸਕੈਨਰਾਂ ਨੂੰ ਲੈ ਕੇ ਵੀ ਲਾਪਰਵਾਹੀ ਸਾਹਮਣੇ ਆਈ। ਸੋਮਵਾਰ ਨੂੰ ਵੰਦੇ ਭਾਰਤ ਰੇਲਗੱਡੀ ਦੀ ਆਵਾਜਾਈ ਦੌਰਾਨ ਸਟੇਸ਼ਨ ਵਾਲੇ ਪਾਸੇ ਲਗਾਇਆ ਬੈਗ ਸਕੈਨਰ ਬੰਦ ਸੀ। ਇਸ ਦੌਰਾਨ ਯਾਤਰੀ ਬਿਨਾ ਸਮਾਨ ਦੀ ਸਕੈਨਿੰਗ ਦੇ ਪਲੇਟਫਾਰਮ ’ਤੇ ਪਹੁੰਚ ਰਹੇ ਸਨ। ਬਹੁਤ ਸਾਰੇ ਯਾਤਰੀਆਂ ਕੋਲ ਵੱਡੇ ਬੈਗ ਅਤੇ ਸੂਟਕੇਸ ਸਨ ਪਰ ਜਾਂਚ ਕਰਨ ਲਈ ਕੋਈ ਕਰਮਚਾਰੀ ਮੌਜੂਦ ਨਹੀਂ ਸੀ।
ਪਾਰਸਲ ਦੀ ਬੁਕਿੰਗ ਦੇ ਬਾਅਦ ਸਿੱਧੇ ਰੇਲਗੱਡੀ ’ਚ ਹੋ ਰਿਹਾ ਲੋਡ
ਪਾਰਸਲ ਵਿਭਾਗ ’ਚ ਸਕੈਨਿੰਗ ਮਸ਼ੀਨ ਮੁਹੱਈਆ ਨਾ ਹੋਣ ਕਾਰਨ ਕਰਮਚਾਰੀਆਂ ਕੋਲ ਸਮਾਨ ਦੀ ਜਾਂਚ ਲਈ ਕੋਈ ਪ੍ਰਭਾਵਸ਼ਾਲੀ ਬਦਲਵਾਂ ਸਾਧਨ ਨਹੀਂ ਹੈ। ਬੁਕਿੰਗ ਤੋਂ ਬਾਅਦ ਪਾਰਸਲ ਨੂੰ ਸਿੱਧਾ ਰੇਲਗੱਡੀ ’ਚ ਲੋਡ ਕਰਨ ਲਈ ਭੇਜ ਦਿੱਤਾ ਜਾਂਦਾ ਹੈ। ਹਾਲਾਂਕਿ, ਕਿਸੇ ਕਾਰਟਨ ’ਤੇ ਸ਼ੱਕ ਹੋਣ ’ਤੇ ਪਾਰਸਲ ਵਿਭਾਗ ਦੇ ਕਰਮਚਾਰੀ ਉਸ ਨੂੰ ਖੋਲ੍ਹ ਕੇ ਜਾਂਚ ਕਰਦੇ ਹਨ ਪਰ ਹਰੇਕ ਪਾਰਸਲ ਦੀ ਮੈਨੂਅਲ ਜਾਂਚ ਸੰਭਵ ਨਾ ਹੋਣ ਕਾਰਨ ਵਰਜਿਤ ਜਾਂ ਸ਼ੱਕੀ ਸਮਾਨ ਦੇ ਰੇਲਗੱਡੀ ਤੱਕ ਪਹੁੰਚਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸਟੇਸ਼ਨ ’ਤੇ ਪਾਰਸਲਾਂ ਨੂੰ ਸੁਰੱਖਿਅਤ ਰੱਖਣ ਲਈ ਲੋੜੀਂਦੇ ਸਟੋਰ ਰੂਮ ਦੀ ਸਹੂਲਤ ਵੀ ਨਹੀਂ ਹੈ। ਬੁਕਿੰਗ ਤੋਂ ਬਾਅਦ ਰੇਲਗੱਡੀ ’ਚ ਲੋਡ ਕੀਤੇ ਜਾਣ ਤੱਕ ਕਈ ਪਾਰਸਲ ਅਤੇ ਬੋਰੇ ਪਲੇਟਫਾਰਮ ਦੇ ਆਸ-ਪਾਸ ਹੀ ਪਏ ਰਹਿੰਦੇ ਹਨ। ਅਜਿਹੀ ਸਥਿਤੀ ’ਚ ਪਾਰਸਲਾਂ ਦੀ ਸੁਰੱਖਿਆ ਦੇ ਨਾਲ-ਨਾਲ ਯਾਤਰੀਆਂ ਦੀ ਸੁਰੱਖਿਆ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।
ਵੰਦੇ ਭਾਰਤ ਦੌਰਾਨ ਬੰਦ ਰਿਹਾ ਬੈਗ ਸਕੈਨਰ
ਵੰਦੇ ਭਾਰਤ ਰੇਲਗੱਡੀ ਦੀ ਆਵਾਜਾਈ ਦੌਰਾਨ ਚੰਡੀਗੜ੍ਹ ਵਾਲੇ ਪਾਸੇ ਲੱਗਾ ਬੈਗ ਸਕੈਨਰ ਵੀ ਕੁੱਝ ਸਮੇਂ ਲਈ ਬੰਦ ਰਿਹਾ। ਜਿਸ ਕਾਰਨ ਯਾਤਰੀ ਬਿਨਾ ਸਮਾਨ ਦੀ ਜਾਂਚ ਕਰਵਾਏ ਪਲੇਟਫਾਰਮ ’ਤੇ ਪਹੁੰਚਦੇ ਰਹੇ। ਪੁਲਸ ਕਰਮਚਾਰੀਆਂ ਦਾ ਕਹਿਣਾ ਹੈ ਕਿ ਬੈਗ ਸਕੈਨਰ ਲਗਾਤਾਰ ਚੱਲਣ ਕਾਰਨ ਉਸ ਦਾ ਯੂ. ਪੀ. ਐੱਸ. ਗਰਮ ਹੋ ਜਾਂਦਾ ਹੈ, ਜਿਸ ਕਾਰਨ ਉਸ ਨੂੰ ਕੁੱਝ ਦੇਰ ਲਈ ਬੰਦ ਕਰਨਾ ਪੈਂਦਾ ਹੈ। ਹਾਲਾਂਕਿ, ਸਵਾਲ ਇਹ ਕਿ ਸਕੈਨਰ ਬੰਦ ਹੋਣ ਦੀ ਸਥਿਤੀ ’ਚ ਯਾਤਰੀਆਂ ਦੀ ਜਾਂਚ ਲਈ ਬਦਲਵੇਂ ਪ੍ਰਬੰਧ ਕਿਉਂ ਨਹੀਂ ਕੀਤੇ ਗਏ।
 


author

Babita

Content Editor

Related News