ਡਿਪਟੀ ਕਮਿਸ਼ਨਰ ਨੇ ਅਧਿਆਪਕ ਬਣ ਕੇ ਬੱਚਿਆਂ ਕੋਲੋਂ ਪੁੱਛੇ ਸਵਾਲ
Saturday, Sep 09, 2017 - 08:20 AM (IST)
ਪਟਿਆਲਾ (ਜੋਸਨ, ਰਾਜੇਸ਼) - ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਅੱਜ ਜ਼ਿਲੇ ਦੇ ਦਿਹਾਤੀ ਖੇਤਰ 'ਚ 3 ਸੀਨੀਅਰ ਸੈਕੰਡਰੀ ਸਕੂਲਾਂ ਦਾ ਅਚਨਚੇਤ ਛਾਪੇਮਾਰੀ ਕਰ ਕੇ ਕੰਮਕਾਜ ਦਾ ਜਾਇਜ਼ਾ ਲਿਆ। ਨਾਲ ਹੀ ਕਲਾਸਾਂ ਵਿਚ ਜਾ ਕੇ ਅਧਿਆਪਕ ਬਣ ਕੇ ਵਿਦਿਆਰਥੀਆਂ ਨੂੰ ਸਿਲੇਬਸ ਵਿੱਚੋਂ ਸਵਾਲ ਪੁੱਛ ਕੇ ਉਨ੍ਹਾਂ ਦੀ ਕਾਬਲੀਅਤ ਬਾਰੇ ਜਾਣਿਆ। ਡਿਪਟੀ ਕਮਿਸ਼ਨਰ ਨੇ ਅੱਜ ਸਵੇਰੇ 10 ਵਜੇ ਸਭ ਤੋਂ ਪਹਿਲਾਂ ਪਿੰਡ ਸਿੱਧੂਵਾਲ ਵਿਖੇ ਸੀਨੀਅਰ ਸੈਕੰਡਰੀ ਸਕੂਲ ਦਾ ਅਚਨਚੇਤ ਨਿਰੀਖਣ ਕੀਤਾ। ਫਿਰ ਲਚਕਾਣੀ ਤੇ ਲੰਗ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲਾਂ ਗਏ। ਉਨ੍ਹਾਂ ਸਭ ਤੋਂ ਪਹਿਲਾਂ ਕਲਾਸਾਂ ਵਿਚ ਜਾ ਕੇ ਅਧਿਆਪਕਾਂ ਵੱਲੋਂ ਪੜ੍ਹਾਏ ਜਾ ਰਹੇ ਸਿਲੇਬਸ ਬਾਰੇ ਜਾਣਿਆ।
ਫਿਰ ਸਿਲੇਬਸ ਵਿੱਚੋਂ ਵਿਦਿਆਰਥੀਆਂ ਨੂੰ ਸਵਾਲ ਪੁੱਛ ਕੇ ਉਨ੍ਹਾਂ ਦੀ ਕਾਬਲੀਅਤ ਪਰਖੀ। ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇਣ ਦੇ ਨਾਲ-ਨਾਲ ਪ੍ਰੈਕਟੀਕਲ ਵੀ ਕਰਵਾਉਣ ਤਾਂ ਕਿ ਉਹ ਅੱਜਕਲ ਦੇ ਮੁਕਾਬਲੇਬਾਜ਼ੀ ਦੇ ਯੁੱਗ ਵਿਚ ਸਮੇਂ ਦੇ ਹਾਣੀ ਬਣ ਸਕਣ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕਲਾਸਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਸਵਾਲ ਪੁੱਛੇ ਤੇ ਬਲੈਕ ਬੋਰਡ 'ਤੇ ਖੁਦ ਉਨ੍ਹਾਂ ਨੂੰ ਸਵਾਲਾਂ ਬਾਰੇ ਵਿਸਥਾਰ 'ਚ ਚਾਨਣਾ ਪਾਇਆ। ਡਿਪਟੀ ਕਮਿਸ਼ਨਰ ਨੇ ਸਕੂਲਾਂ ਵਿਚ ਮਿੱਡ-ਡੇ-ਮੀਲ ਦਾ ਵੀ ਨਿਰੀਖਣ ਕੀਤਾ।
