ਹੁਣ 'ਇਕਾਂਤਵਾਸ' ਨਿਯਮ ਭੰਗ ਕਰਨ ਵਾਲਿਆਂ ਦੀ ਖੈਰ ਨਹੀਂ, ਪ੍ਰਸ਼ਾਸਨ ਹੋਇਆ ਸਖ਼ਤ

Monday, Jun 01, 2020 - 12:17 PM (IST)

ਹੁਣ 'ਇਕਾਂਤਵਾਸ' ਨਿਯਮ ਭੰਗ ਕਰਨ ਵਾਲਿਆਂ ਦੀ ਖੈਰ ਨਹੀਂ, ਪ੍ਰਸ਼ਾਸਨ ਹੋਇਆ ਸਖ਼ਤ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ) : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ-19 ਦੇ ਇਲਾਜ ਤੋਂ ਬਾਅਦ ਘਰਾਂ ’ਚ ਇਕਾਂਤਵਾਸ ਕੀਤੇ ਗਏ ਵਿਅਕਤੀ ਜੇਕਰ ਇਕਾਂਤਵਾਸ ਦੇ ਨਿਯਮ ਨੂੰ ਭੰਗ ਕਰਦੇ ਹਨ ਤਾਂ ਉਨ੍ਹਾਂ ਦੀ ਹੁਣ ਖੈਰ ਨਹੀਂ ਹੋਵੇਗੀ ਅਤੇ ਤੁਰੰਤ ਕਾਰਵਾਈ ਵੀ ਹੋਵੇਗੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਇਕਾਂਤਵਾਸ ਭੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਫ਼ੈਸਲਾ ਸੁਣਾਇਆ ਗਿਆ ਹੈ, ਜਿਸ 'ਚ ਇਕਾਂਤਵਾਸ ਵਿਅਕਤੀਆਂ ਦੇ ਬਿਜਲੀ ਕੁਨੈਕਸ਼ਨ ਕੱਟਣ ਸਬੰਧੀ ਵੀ ਗੱਲ ਆਖੀ ਗਈ ਹੈ।

ਇਹ ਵੀ ਪੜ੍ਹੋ : ਆਦਤ ਤੋਂ ਮਜਬੂਰ ਲੋਕ ਨਹੀਂ ਪਾ ਰਹੇ 'ਮਾਸਕ', 14 ਦਿਨਾਂ 'ਚ ਭਰਿਆ 1.15 ਕਰੋੜ ਜ਼ੁਰਮਾਨਾ

ਪ੍ਰਸ਼ਾਸਨ ਦੇ ਇਸ ਸਖ਼ਤ ਰੌਂਅ ਦੇ ਚੱਲਦਿਆਂ ਇਕਾਂਤਵਾਸ ਭੰਗ ਕਰਨ ਵਾਲੇ 5 ਵਿਅਕਤੀਆਂ ਦੇ ਜਿੱਥੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ, ਉੱਥੇ ਹੀ 67 ਵਿਅਕਤੀਆਂ ਨੂੰ ਇਸ ਸਬੰਧੀ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਹਨ। ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕੋਰੋਨਾ ਨੇਮਾਂ ਤਹਿਤ ਇਕਾਂਤਵਾਸ ਕੀਤੇ 67 ਅਜਿਹੇ ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤੇ ਹਨ, ਜਿਨ੍ਹਾਂ ਨੇ ਇਕਾਂਤਵਾਸ ਭੰਗ ਕਰਕੇ ਲੋਕਾਂ 'ਚ ਵਿਚਰਨ ਦਾ ਗੁਨਾਹ ਕੀਤਾ ਹੈ। ਇਸ ਦੇ ਨਾਲ ਹੀ ਕਥਿਤ ਦੋਸ਼ੀਆਂ ਖ਼ਿਲਾਫ਼ ਪੁਲਸ ਕਾਰਵਾਈ ਵੀ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਚਲਾਨ ਵੀ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ, ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਵੱਖ-ਵੱਖ ਥਾਵਾਂ ’ਤੇ ਇਕਾਂਤਵਾਸ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਇਸ ਨਿਯਮ ਦੀ ਉਲੰਘਣਾ ਕੀਤੀ ਹੈ, ਜਿਸ ਕਰਕੇ ਪ੍ਰਸ਼ਾਸਨ ਨੂੰ ਇਹ ਕਦਮ ਚੁੱਕਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਵਿਅਕਤੀ  ਮੁਕਤਸਰ ਸਾਹਿਬ ’ਚ 13, ਮਲੋਟ ’ਚ 16 ਅਤੇ ਗਿੱਦੜਬਾਹਾ ਤੋਂ 38 ਸ਼ਾਮਲ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਮੈਰਿਜ ਪੈਲਸ ਅਤੇ ਰੇਸਤਰਾਂ ਖੋਲ੍ਹਣ ਸਬੰਧੀ ਵਿਚਾਰ-ਚਰਚਾ ਜਾਰੀ
 


author

Babita

Content Editor

Related News