ਇਕਾਂਤਵਾਸ ਹੀ ਹੈ ਬਚਾਅ
Friday, Apr 10, 2020 - 04:11 PM (IST)
ਅੱਜ ਕੱਲ੍ਹ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੋਰੋਨਾ ਵਾਇਰਸ ਦੇ ਨਾਲ ਨਾਲ ਇੱਕ ਅਜਿਹਾ ਸ਼ਬਦ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ ਜੋ ਕਿ ਸਾਡੇ ਲਈ ਸ਼ਾਇਦ ਨਵਾਂ ਹੈ, ਇਹ ਸ਼ਬਦ ਹੈ 'ਕੁਆਰੰਟਾਈਨ' ਜਾਂ ਫਿਰ 'ਇਕਾਂਤਵਾਸ'। ਪੰਜਾਬ ਦੇ ਨਾਲ ਨਾਲ ਭਾਰਤ ਦੇ ਹੋਰਨਾਂ ਸੂਬਿਆਂ ਵਿੱਚ ਵੀ ਕੋਰੋਨਾ ਵਾਇਰਸ ਦੀ ਰੋਕਥਾਮ ਨੂੰ ਧਿਆਨ ਵਿੱਚ ਰੱਖਦਿਆਂ ਹਜ਼ਾਰਾਂ ਹੀ ਵਿਅਕਤੀਆਂ ਨੂੰ ਉਹਨਾਂ ਦੇ ਘਰਾਂ ਵਿੱਚ ਇਕਾਂਤਵਾਸ ਦੀ ਪਾਲਨਾ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਸਾਡੇ ਸਮਾਜ ਨੂੰ ਇਸ ਵਾਇਰਸ ਦੇ ਪ੍ਰਕੋਪ ਤੋਂ ਬਚਾਇਆ ਜਾ ਸਕੇ । ਜਿਵੇਂ ਕਿ ਸਾਨੂੰ ਪਤਾ ਹੈ ਕਿ ਅਜੇ ਤੱਕ ਕੋਰੋਨਾ ਵਾਇਰਸ ਵਰਗੀ ਭਿਆਨਕ ਬੀਮਾਰੀ ਦੀ ਦਵਾਈ ਨਹੀਂ ਖੋਜੀ ਜਾ ਸਕੀ ਪਰ ਮੌਜੂਦਾ ਸਮੇਂ ਕੁਆਰੰਟਾਈਨ ਹੀ ਇਸ ਬੀਮਾਰੀ ਤੋਂ ਬਚਣ ਦਾ ਇੱਕੋ-ਇੱਕ ਉਪਾਅ ਹੈ।
ਜੇਕਰ ਕੁਆਰੰਟਾਈਨ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਉਂਝ ਤਾਂ ਇਹ ਹਜ਼ਾਰਾਂ ਸਾਲਾਂ ਤੋਂ ਹੀ ਭਿਆਨਕ ਬਿਮਾਰੀਆ ਤੋਂ ਬਚਣ ਦਾ ਇੱਕ ਸਰਲ ਢੰਗ ਰਿਹਾ ਹੈ ਅਤੇ ਸਮਾਜ ਵੱਲੋਂ ਭਿਆਨਕ ਰੋਗਾਂ ਨੂੰ ਕਾਬੂ ਹੇਠ ਲਿਆਉਣ ਲਈ ਇਸ ਪ੍ਰਕਿਰਿਆ ਨੂੰ ਅਪਣਾਇਆ ਗਿਆ ਪਰ 14ਵੀਂ ਸ਼ਤਾਬਦੀ ਦੌਰਾਨ ਯੂਰਪ ਦੇ ਵਿੱਚ ਫੈਲੀ ਪਲੇਗ ਨਾਂ ਦੀ ਬੀਮਾਰੀ ਤੋਂ ਬਚਣ ਲਈ ਇਕਾਂਤਵਾਸ ਦੀ ਪ੍ਰਕਿਰਿਆ ਨੂੰ ਸਖਤੀ ਨਾਲ ਅਪਣਾਉਣ ਲਈ ਜ਼ੋਰ ਦਿੱਤਾ ਗਿਆ। ਜਿਵੇਂ ਅੱਜ ਯੂਰਪ ਦੇ ਕਈ ਵੱਡੇ ਮੁਲਕ ਇਟਲੀ, ਸਪੇਨ, ਫਰਾਂਸ, ਜਰਮਨੀ, ਇੰਗਲੈਂਡ ਕੋਰੋਨਾ ਵਾਇਰਸ ਦੀ ਮਾਰ ਹੇਠ ਹਨ ਉਵੇਂ ਹੀ ਸਾਲ 1347 ਦੌਰਾਨ ਯੂਰਪ ਵਿੱਚ ਪਲੇਗ ਨਾਂ ਦੀ ਬਿਮਾਰੀ ਨੇ ਆਪਣੇ ਪੈਰ ਪਸਾਰੇ, ਜਿਸ ਕਾਰਣ ਵੱਡੀ ਗਿਣਤੀ ਵਿੱਚ ਕੀਮਤੀ ਜਾਨਾਂ ਇਸ ਦਾ ਸ਼ਿਕਾਰ ਬਣੀਆਂ।
ਜਦੋਂ ਯੂਰਪੀ ਮੁਲਕਾਂ ਦੇ ਹੁਕਮਰਾਨਾਂ ਲਈ ਪਲੇਗ 'ਤੇ ਕਾਬੂ ਪਾਉਣਾ ਇਕ ਵੱਡੀ ਚੁਣੌਤੀ ਸਾਬਿਤ ਹੋ ਰਿਹਾ ਸੀ ਤਾਂ ਉਨ੍ਹਾਂ ਵੱਲੋਂ ਇਸ ਗੱਲ ਨੂੰ ਸਮਝਿਆ ਗਿਆ ਕਿ ਇਸ ਰੋਗ ਨੂੰ ਕਾਬੂ ਹੇਠ ਲਿਆਉਣ ਲਈ ਪਲੇਗ ਪ੍ਰਭਾਵਿਤ ਦੇਸ਼ਾਂ ਤੋਂ ਆ ਰਹੇ ਵਿਅਕਤੀਆਂ ਨੂੰ ਕੁਝ ਸਮਾਂ ਇਕਾਂਤਵਾਸ ਵਿੱਚ ਰੱਖਣ ਦੀ ਜ਼ਰੂਰਤ ਹੈ ਤਾਂ ਜੋ ਇਹ ਰੋਗ ਉਨ੍ਹਾਂ ਵਿਅਕਤੀਆਂ ਤੋਂ ਆਮ ਲੋਕਾਂ ਵਿੱਚ ਨਾ ਫੈਲੇ। ਜਿਹੜੇ ਵੀ ਸਮੁੰਦਰੀ ਜਹਾਜ਼ ਇੱਕ ਮੁਲਕ ਤੋਂ ਦੂਜੇ ਮੁਲਕ ਵਿਚ ਜਾਂਦੇ ਤਾਂ ਉਸ ਵਿੱਚ ਸਵਾਰ ਵਿਅਕਤੀਆਂ ਨੂੰ ਪਹਿਲਾਂ ਤਾਂ 30 ਦਿਨਾਂ ਲਈ ਬੰਦਰਗਾਹਾਂ 'ਤੇ ਰਹਿਣ ਲਈ ਕਹਿ ਦਿੱਤਾ ਜਾਂਦਾ ਸੀ ਅਤੇ ਬਾਅਦ ਵਿੱਚ ਇਹ ਸਮਾਂ ਵਧਾ ਕੇ 40 ਦਿਨਾਂ ਦਾ ਕਰ ਦਿੱਤਾ ਗਿਆ। ਉਸ ਵੇਲੇ ਦੇ ਹੁਕਮਰਾਨਾਂ ਵੱਲੋਂ ਅਪਣਾਇਆ ਗਿਆ ਇਹ ਤਰੀਕਾ ਪਲੇਗ ਨੂੰ ਕਾਬੂ ਹੇਠ ਲਿਆਉਣ ਵਿੱਚ ਸਾਰਥਕ ਸਾਬਤ ਹੋਇਆ ।
ਇਸ ਮਹਾਂਮਾਰੀ ਤੋਂ ਬਾਅਦ ਜਦੋਂ ਵੀ ਕਿਸੇ ਮੁਲਕ ਦੇ ਵਿਚ ਭਿਆਨਕ ਰੋਗ ਵੱਲੋਂ ਦਸਤਕ ਦਿੱਤੀ ਜਾਂਦੀ ਰਹੀ ਤਾਂ ਇਕਾਂਤਵਾਸ ਇਸ ਨੂੰ ਨਜਿੱਠਣ ਦਾ ਸੁਚੱਜਾ ਢੰਗ ਸਾਬਿਤ ਹੋਇਆ। ਭਾਵੇਂ ਕਿ ਕੋਰੋਨਾ ਵਾਇਰਸ ਦੇ ਖਿਲਾਫ ਅਮਰੀਕਾ ਨੇ ਅੱਜ ਸਵੈ-ਇਕਾਂਤਵਾਸ ਨੂੰ ਲਾਗੂ ਕਰਨ ਵਿੱਚ ਥੋੜ੍ਹੀ ਦੇਰੀ ਕਰ ਦਿੱਤੀ ਪਰ 19ਵੀਂ ਸ਼ਤਾਬਦੀ ਦੌਰਾਨ ਅਮਰੀਕਾ ਦੇ ਵਿੱਚ ਪੀਲੇ ਬੁਖਾਰ (ਯੇਲੋ ਫੀਵਰ) ਦੀ ਜਦ ਆਮਦ ਹੋਈ ਤਾਂ ਉੱਥੋਂ ਦੀਆਂ ਸਰਕਾਰਾਂ ਵੱਲੋਂ ਕੁਆਰੰਟਾਈਨ ਤੁਰੰਤ ਲਾਗੂ ਕੀਤਾ ਗਿਆ।
ਅੱਜ ਪੰਜਾਬ ਦੇ ਹਰ ਇੱਕ ਵਿਅਕਤੀ ਨੂੰ ਇਕਾਂਤਵਾਸ ਦੀ ਅਹਿਮੀਅਤ ਨੂੰ ਸਮਝਣਾ ਪਵੇਗਾ ਕਿ ਕੋਰੋਨਾ ਵਾਇਰਸ ਨੂੰ ਕਾਬੂ ਵਿੱਚ ਲਿਆਉਣ ਦੇ ਲਈ ਇਕਾਂਤਵਾਸ ਕਿੰਨਾ ਲਾਜ਼ਮੀ ਹੈ। ਸੂਬੇ ਦੇ ਜਿਹੜੇ ਵੀ ਵਿਅਕਤੀ ਸਿਹਤ ਵਿਭਾਗ ਵੱਲੋਂ ਇਕਾਂਤਵਾਸ ਕੀਤੇ ਗਏ ਹਨ ਭਾਵੇਂ ਉਹ ਵਿਦੇਸ਼ਾਂ ਤੋਂ ਪਰਤੇ ਹੋਣ ਜਾਂ ਫਿਰ ਪੰਜਾਬ ਦੇ ਬਾਹਰਲੇ ਸੂਬਿਆਂ ਤੋਂ ਆਏ ਹੋਣ ਉਨ੍ਹਾਂ ਸਾਰਿਆਂ ਨੂੰ ਹੀ ਇਕਾਂਤਵਾਸ ਦੇ ਨਿਯਮਾਂ ਦੀ ਪਾਲਨਾ ਕਰਨੀ ਚਾਹੀਦੀ ਹੈ। ਜਿਨ੍ਹਾਂ ਵੀ ਵਿਅਕਤੀਆਂ ਨੂੰ ਇਕਾਂਤਵਾਸ ਲਈ ਕਿਹਾ ਗਿਆ ਹੈ ਉਨ੍ਹਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਘਰਾਂ ਦੇ ਵਿੱਚ ਵੀ ਆਪਣੇ ਪਰਿਵਾਰਿਕ ਮੈਂਬਰਾਂ ਤੋਂ ਲਗਭਗ 14 ਦਿਨਾਂ ਲਈ ਫਾਸਲਾ ਬਣਾਏ ਰੱਖਣ ਜੇਕਰ ਉਹ ਇਸ ਪ੍ਰਕਿਰਿਆ ਦਾ ਪਾਲਣ ਸਹੀ ਢੰਗ ਨਾਲ ਕਰਦੇ ਹਨ ਤਾਂ ਇੱਕ ਗੱਲ ਤਾਂ ਯਕੀਨੀ ਹੈ ਜੇਕਰ ਉਨ੍ਹਾਂ ਵਿੱਚ ਜੇਕਰ ਕੋਰੋਨਾ ਵਾਇਰਸ ਦੇ ਲੱਛਣ ਹਨ ਤਾਂ ਉਹ ਉਨ੍ਹਾਂ ਤੋਂ ਦੂਸਰੇ ਵਿਅਕਤੀ ਤੱਕ ਨਹੀਂ ਪਹੁੰਚਣਗੇ। ਇਕਾਂਤਵਾਸ ਕੀਤੇ ਗਏ ਵਿਅਕਤੀ ਨੂੰ ਆਪਣੇ ਘਰ ਦੇ ਬਾਕੀ ਪਰਿਵਾਰਕ ਮੈਂਬਰਾਂ ਤੋਂ ਵੀ ਇੱਕ ਦੂਰੀ ਬਣਾ ਕੇ ਰਹਿਣਾ ਚਾਹੀਦਾ ਹੈ ਤਾਂ ਜੋ ਉਸ ਵਿੱਚ ਜੇਕਰ ਵਾਇਰਸ ਦੇ ਲੱਛਣ ਸਾਹਮਣੇ ਆਉਂਦੇ ਹਨ ਤਾਂ ਉਹ ਦੂਜੇ ਵਿਅਕਤੀਆਂ ਤੱਕ ਨਾ ਪਹੁੰਚੇ ਅਤੇ ਸਮਾਂ ਰਹਿੰਦਿਆਂ ਉਹ ਸਿਹਤ ਸਹੂਲਤ ਪ੍ਰਾਪਤ ਕਰ ਲਵੇ।
ਇਸ ਪ੍ਰਕਿਰਿਆ ਦਾ ਸਹੀ ਪਾਲਣ ਕਰਨ ਨਾਲ ਇਕਾਂਤਵਾਸ ਦਾ ਸਮਾਂ ਬਤੀਤ ਕਰ ਰਿਹਾ ਵਿਅਕਤੀ ਆਪਣੀ, ਆਪਣੇ ਪਰਿਵਾਰ ਅਤੇ ਸਮਾਜ ਦੀ ਭਲਾਈ ਵਿਚ ਯੋਗਦਾਨ ਪਾ ਰਿਹਾ ਹੈ। ਸੂਬੇ ਦੇ ਵਿੱਚ ਇੱਕ ਅਜਿਹੀ ਧਾਰਨਾ ਵੀ ਬਣੀ ਹੋਈ ਹੈ ਕਿ ਜੇਕਰ ਸਿਹਤ ਵਿਭਾਗ ਵੱਲੋਂ ਕਿਸੇ ਵਿਅਕਤੀ ਨੂੰ ਇਕਾਂਤਵਾਸ ਕੀਤਾ ਜਾਂਦਾ ਹੈ ਤਾਂ ਉਸ ਦੇ ਆਂਢ-ਗੁਆਂਢ ਵਾਲੇ ਉਸ ਵਿਅਕਤੀ ਅਤੇ ਪਰਿਵਾਰ ਨੂੰ ਸ਼ੱਕੀ ਨਿਗਾਹਾਂ ਨਾਲ ਦੇਖ ਰਹੇ ਹਨ ਜੋ ਕਿ ਸਰਾਸਰ ਗਲਤ ਹੈ। ਕੁਆਰੰਟਾਈਨ ਦੇ ਵਿੱਚ ਰਹਿ ਰਿਹਾ ਵਿਅਕਤੀ ਸਿਰਫ ਤੇ ਸਿਰਫ ਸਮਾਜ ਦੀ ਤੰਦਰੁਸਤੀ ਪ੍ਰਤੀ ਆਪਣੀ ਵਫਾਦਾਰੀ ਨਿਭਾ ਰਿਹਾ ਹੈ। ਸਮਾਜ ਨੂੰ ਜ਼ਰੂਰਤ ਹੈ ਕਿ ਉਸ ਵਿਅਕਤੀ ਦੀ ਕਦਰ ਕਰੇ, ਜੋ ਸਾਡੇ ਲਈ ਇਕਾਂਤ ਵਾਸ ਵਿੱਚ ਰਹਿ ਰਿਹਾ ਹੈ।
ਜੇਕਰ ਕੋਈ ਵਿਅਕਤੀ ਇਕਾਂਤਵਾਸ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਿਹਾ ਤਾਂ ਉਸ ਤੋਂ ਵੱਡਾ ਸਮਾਜ ਦਾ ਦੋਸ਼ੀ ਹੋਰ ਕੋਈ ਨਹੀਂ। ਕੋਰੋਨਾ ਵਾਇਰਸ ਤੇ ਅਸੀਂ ਇਹ ਜੰਗ ਇਕਾਂਤਵਾਸ ਵਿੱਚ ਰਹਿ ਰਹੇ ਵਿਅਕਤੀਆਂ ਦੇ ਸਹਿਯੋਗ ਨਾਲ ਹੀ ਜਿੱਤ ਸਕਦੇ ਹਾਂ।
ਗੁਰਪ੍ਰੀਤ ਸਿੰਘ ਢਿੱਲੋਂ
9872261029