ਰਾਜਸਥਾਨ ਤੋਂ ਆਏ 54 ਪ੍ਰਵਾਸੀ ਮਜ਼ਦੂਰਾਂ ਨੂੰ ਕੀਤਾ ਏਕਾਂਤਵਾਸ
Thursday, Apr 30, 2020 - 07:36 PM (IST)
ਗੁਰੂਹਰਸਹਾਏ, (ਆਵਲਾ)— ਥਾਣਾ ਗੁਰੂਹਰਸਹਾਏ ਦੇ ਐੱਸ.ਐੱਚ.ਓ. ਜਸਵਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜਸਥਾਨ ਦੇ ਸ਼ਹਿਰ ਜੈਸਲਮੇਰ 'ਚ ਕੰਮ ਕਰਨ ਗਏ ਪੰਜਾਬੀ ਮਜ਼ਦੂਰ ਲੋਕਾਂ ਨੂੰ ਵਿਸ਼ੇਸ਼ ਬੱਸਾਂ ਭੇਜ ਕੇ ਵਾਪਸ ਪੰਜਾਬ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੀਰਵਾਰ ਸਵੇਰੇ ਤੇ ਦੁਪਹਿਰ ਬੱਸਾਂ ਰਾਹੀਂ ਵਾਪਸ ਲਿਆਂਦੇ ਮਜ਼ਦੂਰਾਂ ਨੂੰ ਫਿਰੋਜ਼ਪੁਰ-ਫਾਜ਼ਿਲਕਾ ਰੋਡ ਸਥਿਤ ਟੋਲ ਪਲਾਜ਼ਾ ਤੋਂ ਲਖਮੀਰਪੁਰ ਸਥਿਤ ਡੇਰਾ ਰਾਧਾ ਸਵਾਮੀ ਬਿਆਸ ਦੇ ਸਤਿਸੰਗ ਘਰ 'ਚ ਪੁਲਸ ਤੇ ਸਿਹਤ ਵਿਭਾਗ ਦੀਆਂ ਟੀਮਾਂ ਅਤੇ ਆਹਲਾ ਅਫਸਰਾਂ ਦੀ ਦੇਖ-ਭਾਲ ਹੇਠ ਲਿਜਾਇਆ ਗਿਆ। ਜਿਥੇ ਇਨ੍ਹਾਂ ਲੋਕਾਂ ਨੂੰ ਏਕਾਂਤਵਾਸ ਕੀਤਾ ਗਿਆ ਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਨ੍ਹਾਂ ਲੋਕਾਂ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ ਤੇ ਕੋਰੋਨਾ ਵਾਇਰਸ ਦੇ ਸੈਂਪਲ ਲੈ ਕੇ ਟੈਸਟ ਲਈ ਲੈਬੋਰਟਰੀ 'ਚ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚ 4 ਬੱਚੇ, 10 ਔਰਤਾਂ ਅਤੇ 40 ਦੇ ਕਰੀਬ ਵਿਅਕਤੀ ਹਨ, ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਇਹ ਲੋਕ ਕੋਰੋਨਾ ਗ੍ਰਸਤ ਹਨ ਜਾਂ ਨਹੀ।