ਭਾਰੀ ਮਾਤਰਾ ''ਚ ਵਿਦੇਸ਼ੀ ਕਰੰਸੀ, ਸੋਨੇ ਦੇ ਗਹਿਣੇ ਤੇ ਹੋਰ ਕੀਮਤੀ ਸਾਮਾਨ ਚੋਰੀ
Friday, Dec 08, 2017 - 06:32 AM (IST)
ਫਗਵਾੜਾ, (ਜਲੋਟਾ, ਰੁਪਿੰਦਰ ਕੌਰ)— ਸ਼ਹਿਰ ਵਿਚ ਚੋਰ ਹੁਣ ਫੁਲ ਐਕਸ਼ਨ ਵਿਚ ਚੋਰੀਆਂ ਨੂੰ ਅੰਜਾਮ ਦੇਣ ਵਿਚ ਲੱਗੇ ਹਨ। ਚੋਰਾਂ ਵਲੋਂ ਸਥਾਨਕ ਸਤਨਾਮਪੁਰਾ ਇਲਾਕੇ ਵਿਚ ਸਥਿਤ ਇਕ ਕਾਲੋਨੀ ਵਿਚ ਇੰਗਲੈਂਡ ਤੋਂ ਫਗਵਾੜਾ ਆਏ ਇਕ ਪ੍ਰਵਾਸੀ ਭਾਰਤੀ ਵਲੋਂ ਸਿਰਫ ਦੋ ਦਿਨ ਪਹਿਲਾਂ ਖਰੀਦੀ ਗਈ ਨਵੀਂ ਕੋਠੀ 'ਚ ਸੰਨ੍ਹ ਲਾ ਕੇ ਉਥੋਂ ਭਾਰੀ ਮਾਤਰਾ ਵਿਚ ਵਿਦੇਸ਼ੀ ਕਰੰਸੀ, ਸੋਨੇ ਦੇ ਗਹਿਣੇ ਤੇ ਹੋਰ ਕੀਮਤੀ ਸਾਮਾਨ ਚੋਰੀ ਕਰਨ ਦੀ ਸੂਚਨਾ ਮਿਲੀ ਹੈ। ਚੋਰੀ ਨੂੰ ਲੈ ਕੇ ਥਾਣਾ ਸਤਨਾਮਪੁਰਾ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਐੱਨ. ਆਰ. ਆਈ. ਸਰਬਜੀਤ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਇੰਗਲੈਂਡ ਵਿਚ ਰਹਿੰਦੀ ਹੈ। ਕਰੀਬ ਦੋ ਦਿਨ ਪਹਿਲਾਂ ਹੀ ਉਸਨੇ ਡਾਕਟਰ ਕਾਲੋਨੀ ਵਿਚ ਇਕ ਕੋਠੀ ਖਰੀਦੀ ਸੀ। ਉਹ ਬੀਤੇ ਦਿਨ ਆਪਣੇ ਕਿਸੇ ਪਰਿਵਾਰਕ ਮੈਂਬਰ ਨੂੰ ਮਿਲਣ ਕੋਠੀ ਤੋਂ ਬਾਹਰ ਗਈ ਹੋਈ ਸੀ ਤੇ ਸ਼ਾਮ ਘਰ ਵਾਪਸ ਪਰਤੀ ਤਾਂ ਘਰ ਦਾ ਸਾਮਾਨ ਖਿਲਰਿਆ ਪਿਆ ਸੀ। ਚੋਰ ਕੋਠੀ ਵਿਚ ਮੌਜੂਦ ਉਸਦੀ ਅਲਮਾਰੀ ਤੋੜ ਕੇ ਉਥੇ ਰੱਖੇ 190 ਤੋਂ ਜ਼ਿਆਦਾ ਪੌਂਡ, 1.40 ਲੱਖ ਰੁਪਏ ਤੋਂ ਜ਼ਿਆਦਾ ਭਾਰਤੀ ਕਰੰਸੀ, ਭਾਰੀ ਮਾਤਰਾ ਵਿਚ ਸੋਨੇ ਦੇ ਗਹਿਣੇ ਤੇ ਉਸ ਵਲੋਂ ਸ਼ਾਪਿੰਗ ਕੀਤੇ ਗਏ ਕੀਮਤੀ ਸਾਮਾਨ 'ਤੇ ਹੱਥ ਫੇਰ ਗਏ ਹਨ। ਉਸਨੇ ਦੱਸਿਆ ਕਿ ਚੋਰ ਉਸਦੀ ਕੋਠੀ ਦੀ ਪਿਛਲੀ ਦੀਵਾਰ ਟੱਪ ਕੇ ਅੰਦਰ ਵੜੇ ਤੇ ਚੋਰੀ ਕਰ ਗਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
