PWD ਮੰਤਰੀ ਹਰਭਜਨ ਸਿੰਘ ਹਲਵਾਰਾ ਏਅਰਪੋਰਟ ਦੀ ਸਾਈਟ ’ਤੇ ਪਹੁੰਚੇ, ਕੀਤਾ ਇਹ ਦਾਅਵਾ
Monday, Apr 17, 2023 - 02:07 AM (IST)
ਲੁਧਿਆਣਾ (ਹਿਤੇਸ਼)-ਪੀ. ਡਬਲਿਊ. ਡੀ. ਮੰਤਰੀ ਹਰਭਜਨ ਸਿੰਘ ਈ. ਟੀ. ਓ. ਵੱਲੋਂ ਐਤਵਾਰ ਨੂੰ ਹਲਵਾਰਾ ਏਅਰਪੋਰਟ ਦੀ ਸਾਈਟ ’ਤੇ ਵਿਜ਼ਿਟ ਕੀਤੀ ਗਈ, ਜਿਥੇ ਉਨ੍ਹਾਂ ਨੇ ਜੁਲਾਈ ਤੱਕ ਪ੍ਰੋਜੈਕਟ ਪੂਰਾ ਹੋਣ ਦਾ ਦਾਅਵਾ ਕੀਤਾ। ਇਸ ਦੌਰਾਨ ਪੀ. ਡਬਲਿਊ. ਡੀ. ਵਿਭਾਗ ਦੇ ਅਫ਼ਸਰਾਂ ਨੇ ਮੰਤਰੀ ਨੂੰ ਦੱਸਿਆ ਕਿ ਹਲਵਾਰਾ ਏਅਰਪੋਰਟ ਦੇ ਪ੍ਰੋਜੈਕਟ ’ਤੇ 46.91 ਕਰੋੜ ਦੀ ਲਾਗਤ ਆਵੇਗੀ। ਇਸ ’ਚੋਂ ਟਰਮੀਨਲ ਦੇ ਨਿਰਮਾਣ ਦਾ 50 ਪ੍ਰਤੀਸ਼ਤ ਕੰਮ ਪੂਰਾ ਹੋ ਚੁੱਕਾ ਹੈ।
ਇਹ ਖ਼ਬਰ ਵੀ ਪੜ੍ਹੋ : ਨੌਜਵਾਨ ਡਾਕਟਰ ਨੇ ਭਿਆਨਕ ਸੜਕ ਹਾਦਸੇ ’ਚ ਤੋੜਿਆ ਦਮ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਇਸ ਤੋਂ ਇਲਾਵਾ ਅੰਦਰੂਨੀ ਸੜਕਾਂ, ਲਾਈਟਿੰਗ ਅਤੇ ਪਬਲਿਕ ਹੈਲਥ ਸਰਵਿਸ ਦੇ ਨਿਰਮਾਣ ਲਈ ਨਵੇਂ ਸਿਰੇ ਤੋਂ ਟੈਡਰ ਅਲਾਟ ਕਰ ਦਿੱਤਾ ਗਿਆ ਹੈ। ਜਿਨ੍ਹਾਂ ਦੋਵਾਂ ਕੰਪਨੀਆਂ ਨੂੰ ਜੁਲਾਈ ਤੱਕ ਕੰਮ ਪੂਰਾ ਕਰਨ ਦਾ ਟਾਰਗੈੱਟ ਦਿੱਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਡੀ. ਸੀ. ਸੁਰਭੀ ਮਲਿਕ, ਐੱਸ. ਐੱਸ. ਪੀ. ਜਗਰਾਓਂ ਨਵਨੀਤ ਬੈਂਸ ਤੋਂ ਇਲਾਵਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ, ਚੀਫ ਇੰਜੀ. ਪੀ. ਡਬਲਿਊ. ਡੀ. ਪਰਮ ਜੋਤੀ ਅਰੋੜਾ, ਐੱਸ. ਈ. ਹਰਿੰਦਰ ਢਿੱਲੋਂ, ਐਕਸੀਅਨ, ਪ੍ਰਦੀਪ ਕੁਮਾਰ ਵੀ ਮੌਜੂਦ ਸਨ।
ਸੀ. ਐੱਮ. ਭਗਵੰਤ ਮਾਨ ਖੁਦ ਦਿਖਾ ਰਹੇ ਹਨ ਦਿਲਚਸਪੀ
ਪੀ. ਡਬਲਿਊ. ਡੀ. ਮੰਤਰੀ ਨੇ ਕਿਹਾ ਕਿ ਹਲਵਾਰਾ ਏਅਰਪੋਰਟ ਦੇ ਪ੍ਰੋਜੈਕਟ ’ਚ ਸੀ. ਐੱਮ. ਭਗਵੰਤ ਮਾਨ ਖੁਦ ਦਿਲਚਸਪੀ ਦਿਖਾ ਰਹੇ ਹਨ ਕਿਉਂਕਿ ਇਸ ਤੋਂ ਪਹਿਲਾਂ ਨੇੜੇ ਦੇ ਇਲਾਕਿਆਂ ਤੋਂ ਇਲਾਵਾ ਲੁਧਿਆਣਾ ਦੇ ਉਦਯੋਗਿਕ ਵਿਕਾਸ ’ਚ ਮਦਦ ਮਿਲੇਗੀ ਅਤੇ ਰੁਜ਼ਗਾਰ ਦੇ ਨਾਲ ਨਵਾਂ ਨਿਵੇਸ਼ ਆਵੇਗਾ, ਜਿਸ ਦੇ ਤਹਿਤ ਸੀ. ਐੱਮ. ਨੇ ਪਹਿਲਾਂ ਅੱਧ-ਵਿਚਾਲੇ ਲਟਕੇ ਨਿਰਮਾਣ ਕਾਰਜਾਂ ਨੂੰ ਪੂਰਾ ਕਰਵਾਉਣ ਲਈ ਫੰਡ ਰਿਲੀਜ਼ ਕਰਨ ਦੀ ਮਨਜ਼ੂਰੀ ਦਿੱਤੀ ਅਤੇ ਫਿਰ ਜਨਵਰੀ ’ਚ ਖੁਦ ਵੀ ਸਾਈਟ ਵਿਜ਼ਿਟ ਕਰਕੇ ਅਧਿਕਾਰੀਆਂ ਨੂੰ ਕੰਮ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਗਏ।
ਕੈਬਨਿਟ ਮੰਤਰੀ ਦੇ ਮੁਤਾਬਕ ਮੁੱਖ ਮੰਤਰੀ ਵੱਲੋਂ ਜਿਥੇ ਵਿਧਾਨ ਸਭਾ ’ਚ ਪ੍ਰਸਤਾਵ ਪਾਸ ਕੇਂਦਰ ਤੋਂ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਉਥੇ ਉਨ੍ਹਾਂ ਵੱਲੋਂ ਰੈਗੂਲਰ ਪ੍ਰੋਜੈਕਟ ਦੀ ਪ੍ਰੋਗ੍ਰੈੱਸ ਰੀਵਿਊ ਕੀਤੀ ਜਾ ਰਹੀ ਹੈ ਤੇ ਨਿਰਮਾਣ ਕਾਰਜ ਪੂਰਾ ਹੋਣ ਦੇ ਨਾਲ ਹੀ ਜਲਦ ਫਲਾਈਟ ਸ਼ੁਰੂ ਕਰਨ ਦੀ ਦਿਸ਼ਾ ’ਚ ਕਦਮ ਵਧਾਇਆ ਜਾਵੇਗਾ।