ਕਿਸਾਨ ਅਤੇ ਕੁਦਰਤ ਵਿਰੋਧੀ ਝੋਨੇ ਦੀ ਕਿਸਮ ਪੂਸਾ-44 ਦੀ ਖਰੀਦ ਉੱਤੇ ਪਾਬੰਦੀ
Thursday, Apr 30, 2020 - 01:32 PM (IST)
ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪੂਸਾ 44 ਆਈ.ਏ.ਆਰ.ਆਈ (ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ) ਦਿੱਲੀ ਦੁਆਰਾ ਵਿਕਸਤ ਕੀਤੀ ਝੋਨੇ ਦੀ ਕਿਸਮ ਹੈ, ਜੋ ਸਾਲ 1993 ਵਿਚ ਵਪਾਰਕ ਕਾਸ਼ਤ ਕਰਨ ਲਈ ਕਰਨਾਟਕ ਅਤੇ ਕੇਰਲਾ ਲਈ ਬਣਾਈ ਗਈ ਸੀ। ਪਰ ਇਸ ਦਾ ਝਾੜ ਵੱਧ ਹੋਣ ਕਰਕੇ ਹੌਲੀ ਹੌਲੀ ਇਹ ਕਿਸਮ ਪੰਜਾਬ ਵਿਚ ਮਸ਼ਹੂਰ ਹੋ ਗਈ। ਇਸ ਕਿਸਮ ਦੌਰਾਨ ਪਾਣੀ ਦੀ ਖਪਤ ਵੱਧ ਹੁੰਦੀ ਹੈ। ਅਜਿਹੀਆਂ ਕਈ ਲੰਬੇ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਕਰਕੇ ਧਰਤੀ ਹੇਠਲਾ ਪਾਣੀ ਲਗਾਤਾਰ ਥੱਲੇ ਜਾ ਰਿਹਾ ਹੈ। ਸਰਕਾਰ ਨੇ ਇਸਨੂੰ ਖਰੀਦਣ ਉੱਤੇ ਪਾਬੰਦੀ ਲਗਾ ਦਿੱਤੀ ਹੈ।
ਮਾਹਿਰ
ਇਸ ਬਾਰੇ ਜਗਬਾਣੀ ਨਾਲ ਗੱਲ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਡਾ.ਗੁਰਜੀਤ ਸਿੰਘ ਮਾਂਗਟ ਨੇ ਝੋਨੇ ਦੀ ਕਿਸਮ ਪੂਸਾ 44 ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪਿਛਲੇ 25 ਸਾਲਾਂ ਤੋਂ ਕਿਸਾਨਾਂ ਨੂੰ ਇਹ ਕਿਸਮ ਨਾ ਲਾਉਣ ਬਾਰੇ ਸਲਾਹ ਦੇ ਰਹੀ ਹੈ। ਇਹ ਕਿਸਮ ਪੰਜਾਬ ਵਿਚ ਜ਼ਿਆਦਾਤਰ ਮੋਗਾ, ਬਰਨਾਲਾ, ਸੰਗਰੂਰ ਅਤੇ ਲੁਧਿਆਣਾ ਵਰਗੇ ਜ਼ਿਲ੍ਹਿਆਂ ਵਿਚ ਲਗਾਈ ਜਾਂਦੀ ਹੈ, ਜਿੱਥੇ ਪਹਿਲਾਂ ਹੀ ਪਾਣੀ ਦਾ ਪੱਧਰ ਬਹੁਤ ਹੇਠਾਂ ਚਲਿਆ ਗਿਆ ਹੈ। ਇਹ ਕਿਸਮ ਪੱਕਣ ਵਿਚ ਜ਼ਿਆਦਾ ਸਮਾਂ ਲੈਂਦੀ ਹੈ। ਇਸ ਲਈ ਇਸ ਦੀ ਬਾਕੀ ਕਿਸਮਾਂ ਨਾਲੋਂ ਪਹਿਲਾਂ ਬਿਜਾਈ ਕਰਨੀ ਪੈਂਦੀ ਹੈ।
ਪੜ੍ਹੋ ਇਹ ਵੀ ਖਬਰ - ਚਾਹ ਮਾਰਕੀਟ 'ਤੇ ਵੀ ਮੰਡਰਾ ਰਿਹਾ ਹੈ ਕੋਰੋਨਾ ਕਾਰਨ ਲੱਗੇ ‘ਲਾਕਡਾਊਨ’ ਦਾ ਅਸਰ (ਵੀਡੀਓ)
ਪੜ੍ਹੋ ਇਹ ਵੀ ਖਬਰ - ਸਿੱਖਣ ਸਿਖਾਉਣ ਦਾ ਤਾਹੀਂ ਆਨੰਦ, ਬੋਝਲ ਸਿਖਲਾਈ ਜੇ ਕਰੇ ਨਾ ਮਨ ਨੂੰ ਤੰਗ
ਪੜ੍ਹੋ ਇਹ ਵੀ ਖਬਰ - ਮਹਾਮਾਰੀ ਦੇ ਦੌਰ ’ਚ ਵਧਿਆ ‘ਘਰੇਲੂ ਹਿੰਸਾ’ ਦਾ ਪ੍ਰਕੋਪ
ਪੂਸਾ 44 ਨੂੰ ਪੱਕਣ ਲਈ ਬਾਕੀ ਕਿਸਮਾਂ ਨਾਲੋਂ ਲੱਗਭਗ 30 ਦਿਨ ਵੱਧ ਲੱਗਦੇ ਹਨ, ਜਿਸ ਕਾਰਨ -
1. ਪਾਣੀ ਦੀ ਵਰਤੋਂ ਵਧੇਰੇ ਹੁੰਦੀ ਹੈ।
2. ਬਾਕੀ ਕਿਸਮਾਂ ਨਾਲੋਂ ਬਿਜਾਈ ਪਹਿਲਾਂ ਕਰਨ ਨਾਲ ਗੋਭ ਦੀ ਸੁੰਡੀ ਲੱਗਣ ਦੇ ਆਸਾਰ ਵਧ ਜਾਂਦੇ ਹਨ। ਜੋ ਬਾਅਦ ਵਿਚ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਉੱਪਰ ਵੀ ਚਲੀ ਜਾਂਦੀ ਹੈ।
3. ਇਸ ਕਿਸਮ ਦੇ ਝੋਨੇ ਦੀ ਕਟਾਈ ਵਿਚ ਦੇਰੀ ਹੋਣ ਕਰਕੇ ਕਣਕ ਦੀ ਬਿਜਾਈ ਵੀ ਦੇਰੀ ਨਾਲ ਹੁੰਦੀ ਹੈ ।
4. ਇਸ ਦਾ ਝਾੜ ਬਾਕੀ ਕਿਸਮਾਂ ਨਾਲੋਂ ਜ਼ਰੂਰ ਥੋੜ੍ਹਾ ਵੱਧ ਨਿਕਲਦਾ ਹੈ ਪਰ ਸਮਾਂ ਵੱਧ ਲੈਣ ਕਰਕੇ ਪਾਣੀ ਸਪਰੇਹਾਂ ਆਦਿ ਦਾ ਖਰਚਾ ਵੀ ਵਧ ਜਾਂਦਾ ਹੈ, ਜਿਸ ਨਾਲ ਕਿਸਾਨ ਦੀ ਸ਼ੁੱਧ ਆਮਦਨ ਵਿਚ ਕਮੀ ਆਉਂਦੀ ਹੈ ।
ਉਨ੍ਹਾਂ ਮੁਤਾਬਕ ਇਸ ਕਿਸਮ ਦੇ ਹੋਰ ਵੀ ਬਹੁਤ ਨੁਕਸਾਨ ਹਨ ਜਿਵੇਂ ਇਕ ਤਾਂ ਇਸ ਨਾਲ ਕਣਕ ਪਛੇਤੀ ਹੋ ਜਾਂਦੀ ਹੈ ਅਤੇ ਦੂਸਰਾ ਇਸ ਦਾ ਪਰਾਲ ਬਾਕੀ ਕਿਸਮਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੁੰਦਾ ਹੈ। ਕਣਕ ਦੀ ਬਿਜਾਈ ਲਈ ਸਮਾਂ ਘੱਟ ਹੋਣ ਕਰਕੇ ਕਿਸਾਨ ਨੂੰ ਮਜਬੂਰਨ ਪਰਾਲ ਨੂੰ ਅੱਗ ਲਾਉਣੀ ਪੈਂਦੀ ਹੈ ਜਿਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ।
ਖੇਤੀਬਾੜੀ ਵਿਭਾਗ
ਆਈ.ਸੀ.ਏ.ਆਰ (ਇੰਡੀਅਨ ਕਾਉਂਸਲ ਆਫ ਐਗਰੀਕਲਚਰਲ ਰਿਸਰਚ) ਨੇ ਪੂਸਾ 44 ਨੂੰ ਨਾ ਲਗਾਉਣ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਬਾਰੇ ਖੇਤੀਬਾੜੀ ਵਿਭਾਗ ਪੰਜਾਬ ਦੇ ਮੁਖੀ ਸੁਤੰਤਰ ਕੁਮਾਰ ਐਰੀ ਨੇ ਕਿਹਾ ਕਿ ਪੂਸਾ 44 ਦਾ ਬੀਜ ਪੰਜਾਬ ਵਿਚ ਨਹੀਂ ਮਿਲੇਗਾ ਅਤੇ ਨਾ ਹੀ ਇਸਦੀ ਖਰੀਦ ਹੋਵੇਗੀ ।
ਪੜ੍ਹੋ ਇਹ ਵੀ ਖਬਰ - ਜ਼ਮੀਨੀ ਪੱਧਰ 'ਤੇ ਸੇਵਾ ਕਰਦੀਆਂ ਪੰਜਾਬ ਦੀਆਂ 28000 ਆਸ਼ਾ ਵਰਕਰ, ਬਿਨਾਂ PPE-ਘੱਟ ਮਾਸਕ-ਤਨਖ਼ਾਹ 2000
ਪੜ੍ਹੋ ਇਹ ਵੀ ਖਬਰ - ਕੋਰੋਨਾ-ਸੰਕਟ 'ਚ ਫਸੀ ਕਿਸਾਨੀ ਦੀ ਬਾਂਹ ਫੜ੍ਹਨ ਸਰਕਾਰਾਂ : ਭਾਕਿਯੂ
ਕਿਸਾਨ
ਬਹੁਤੇ ਕਿਸਾਨ ਪੂਸਾ 44 ਕਿਸਮ ਦਾ ਝਾੜ ਵੱਧ ਹੋਣ ਦੇ ਬਾਵਜੂਦ ਇਸ ਦੀ ਬਿਜਾਈ ਕਰਨ ਤੋਂ ਗੁਰੇਜ਼ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਤਾਂ ਇਸ ਨਾਲ ਕਣਕ ਪਛੇਤੀ ਹੋ ਜਾਂਦੀ ਹੈ, ਜਿਸ ਨਾਲ ਕਣਕ ਦੇ ਝਾੜ ਉੱਤੇ ਵੀ ਅਸਰ ਪੈਂਦਾ ਹੈ। ਦੂਜਾ ਇਸਦਾ ਪਰਾਲ ਜ਼ਿਆਦਾ ਹੋਣ ਕਰਕੇ ਮਿੱਟੀ ਵਿਚ ਨਹੀਂ ਗ਼ਲਦਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬੀਜ ਦੀ ਥੋੜ੍ਹ ਹੋਣ ਕਰਕੇ ਇਕ ਤਾਂ ਮਹਿੰਗਾ ਮਿਲ ਰਿਹਾ ਹੈ ਅਤੇ ਇਹ ਪਰਖ ਕਰਨੀ ਵੀ ਬਹੁਤ ਮੁਸ਼ਕਲ ਹੈ ਕਿ ਇਹ ਬੀਜ ਅਸਲੀ ਹੈ ਜਾਂ ਨਕਲੀ। ਕਿਉਂਕਿ ਪਿਛਲੇ ਸਾਲ ਨਕਲੀ ਬੀਜ ਮਿਲਣ ਕਰਕੇ ਕਈ ਕਿਸਾਨਾਂ ਦਾ ਝਾੜ ਬਾਕੀ ਕਿਸਮਾਂ ਦੇ ਮੁਕਾਬਲੇ ਬਹੁਤ ਘੱਟ ਨਿਕਲਿਆ।