ਮੌਸਮ ਨੇ ਵਿਗਾੜਿਆ ਪੰਜਾਬ ’ਚ ਕਣਕ ਦੀ ਖਰੀਦ ਦਾ ਕੰਮ

Monday, Apr 01, 2019 - 11:46 PM (IST)

ਮੌਸਮ ਨੇ ਵਿਗਾੜਿਆ ਪੰਜਾਬ ’ਚ ਕਣਕ ਦੀ ਖਰੀਦ ਦਾ ਕੰਮ

ਚੰਡੀਗਡ਼੍ਹ, (ਭੁੱਲਰ)- ਪਿਛਲੇ ਸਮੇਂ ਵਿਚ ਰਹੇ ਠੰਡ ਦੇ ਮੌਸਮ ਨੇ ਪੰਜਾਬ ’ਚ ਕਣਕ ਦੀ ਖਰੀਦ ਦਾ ਕੰਮ ਵਿਗਾਡ਼ ਦਿੱਤਾ ਹੈ। ਪੰਜਾਬ ਸਰਕਾਰ ਦੇ ਤੈਅ ਪ੍ਰੋਗਰਾਮ ਮੁਤਾਬਿਕ ਪਹਿਲੀ ਅਪ੍ਰੈਲ ਤੋਂ ਰਾਜ ਦੀਆਂ ਮੰਡੀਆਂ ਵਿਚ ਕਣਕ ਦੀ ਖਰੀਦ ਸ਼ੁਰੂ ਹੋਣੀ ਸੀ, ਜੋ ਸ਼ੁਰੂ ਨਹੀਂ ਹੋ ਸਕੀ। ਖੰਨਾ ਸਮੇਤ ਪ੍ਰਮੁੱਖ ਮੰਡੀਆਂ ਵਿਚ ਅਜੇ ਤਕ ਕਣਕ ਵਿਕਰੀ ਲਈ ਨਹੀਂ ਆਈ ਕਿਉਂਕਿ ਅਜੇ ਵਾਢੀ ਦਾ ਹੀ ਕੰਮ ਸ਼ੁਰੂ ਨਹੀਂ ਹੋ ਸਕਿਆ। ਇਸ ਸਥਿਤੀ ਕਾਰਨ ਪੰਜਾਬ ਵਿਚ ਕਣਕ ਦੀ ਖਰੀਦ ਦਾ ਕੰਮ ਲਗਭਗ ਦਸ ਦਿਨ ਪੱਛਡ਼ ਕੇ ਸ਼ੁਰੂ ਹੋਣ ਦੇ ਆਸਾਰ ਹਨ। ਪਿਛਲੇ ਦਿਨੀਂ ਰੁਕ-ਰੁਕ ਕੇ ਪਏ ਮੀਂਹ ਅਤੇ ਠੰਡ ਬਰਕਰਾਰ ਰਹਿਣ ਕਾਰਨ ਕਣਕ ਪੂਰੀ ਤਰ੍ਹਾਂ ਅਜੇ ਤੱਕ ਪੱਕ ਕੇ ਤਿਆਰ ਨਹੀਂ ਹੋਈ, ਜਿਸ ਕਾਰਨ ਵਾਢੀ ਦਾ ਕੰਮ ਵੀ 10 ਅਪ੍ਰੈਲ ਦੇ ਆਸ-ਪਾਸ ਹੀ ਸ਼ੁਰੂ ਹੋਣ ਦਾ ਅਨੁਮਾਨ ਲਾਇਆ ਗਿਆ ਹੈ। ਹੁਣ ਤਾਪਮਾਨ ਵਧਣ ਨਾਲ ਕਣਕ ਪੱਕ ਕੇ ਵਾਢੀ ਲਈ ਛੇਤੀ ਤਿਆਰ ਹੋ ਸਕੇਗੀ। ਪਿਛਲੇ ਸਮੇਂ ਵਿਚ ਆਮ ਤੌਰ ’ਤੇ ਅਪ੍ਰੈਲ ਦੇ ਸ਼ੁਰੂ ਵਿਚ ਹੀ ਕਣਕ ਦੀ ਖਰੀਦ ਦਾ ਕੰਮ ਸ਼ੁਰੂ ਹੋ ਜਾਂਦਾ ਸੀ ਪਰ ਕਣਕ ਦੀ ਵਾਢੀ ਦਾ ਸਮਾਂ ਮੌਸਮ ’ਤੇ ਹੀ ਨਿਰਭਰ ਹੈ, ਜਿਸ ਕਾਰਨ ਇਸ ਵਾਰ ਵਾਢੀ ਤੇ ਖਰੀਦ ਵਿਚ ਦੇਰੀ ਹੋਵੇਗੀ।

ਪੰਜਾਬ ਮੰਡੀ ਬੋਰਡ ਵਲੋਂ ਭਾਵੇਂ ਖਰੀਦ ਦੇ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕੀਤਾ ਗਿਆ ਹੈ ਪਰ ਚੋਣ ਜਾਬਤੇ ਕਾਰਨ ਮਨਜ਼ੂਰੀ ’ਚ ਹੋਈ ਦੇਰੀ ਕਾਰਨ ਢੋਆ-ਢੋਆਈ ਤੇ ਸਫ਼ਾਈ ਆਦਿ ਦੇ ਟੈਂਡਰ ਵੀ ਸਮੇਂ ਸਿਰ ਨਹੀਂ ਹੋਏ, ਜਿਸ ਕਾਰਨ ਮਾਰਕੀਟ ਕਮੇਟੀਆਂ ਫਿਲਹਾਲ ਮੰਡੀਆਂ ’ਚ ਸਫ਼ਾਈ ਦਾ ਕੰਮ ਆਪਣੇ ਪੱਧਰ ’ਤੇ ਕਰ ਰਹੀਆਂ ਹਨ। ਇਸ ਵਾਰ ਖੇਤੀ ਵਿਭਾਗ ਵਲੋਂ 190 ਲੱਖ ਮੀਟ੍ਰਿਕ ਟਨ ਕਣਕ ਦੀ ਪੈਦਾਵਾਰ ਹੋਣ ਦਾ ਅਨੁਮਾਨ ਲਾਇਆ ਗਿਆ ਹੈ ਅਤੇ ਮੰਡੀਆਂ ਵਿਚ ਖਰੀਦ ਲਈ 130 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਣ ਦੀ ਉਮੀਦ ਹੈ। ਖੁਰਾਕ ਦੇ ਸਿਵਲ ਸਪਲਾਈ ਵਿਭਾਗ ਦਾ ਕਹਿਣਾ ਹੈ ਕਿ ਫਸਲ ਦੀ ਅਦਾਇਗੀ ਲਈ ਲੋਡ਼ੀਂਦੀ 28 ਹਜ਼ਾਰ ਕਰੋਡ਼ ਰੁਪਏ ਦੀ ਰਾਸ਼ੀ ਵਿਚੋਂ 19,241 ਕਰੋਡ਼ ਰੁਪਏ ਦੀ ਰਿਜ਼ਰਵ ਬੈਂਕ ਵਲੋਂ ਮਨਜ਼ੂਰੀ ਮਿਲ ਚੁੱਕੀ ਹੈ। ਮੰਡੀਆਂ ’ਚ ਹੋਣ ਵਾਲੀ ਖਰੀਦ ’ਚੋਂ ਸਰਕਾਰੀ ਖਰੀਦ ਏਜੰਸੀਆਂ ਮਾਰਕਫੈਡ, ਪਨਗ੍ਰੇਨ ਅਤੇ ਪਨਸਪ ਨੂੰ 20 ਫੀਸਦੀ, ਵੇਅਰ ਹਾਊਸ ਨੂੰ 11 ਫੀਸਦੀ ਅਤੇ ਪੰਜਾਬ ਐਗਰੋ ਨੂੰ ਹੋਣ ਵਾਲੀ ਕਣਕ ਦੀ ਆਮਦ ’ਚੋਂ 9 ਫੀਸਦੀ ਖਰੀਦ ਕਰਨ ਦਾ ਟੀਚਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਐੱਫ.ਸੀ.ਆਈ. ਆਪਣੇ ਹਿੱਸੇ ਦੀ ਖਰੀਦ ਕਰੇਗੀ।

 


author

DILSHER

Content Editor

Related News