ਪਨਸਪ ਦਾ ਇੰਸਪੈਕਟਰ 25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵਿਭਾਗ ਵੱਲੋਂ ਕਾਬੂ

Friday, Dec 24, 2021 - 12:45 PM (IST)

ਪਨਸਪ ਦਾ ਇੰਸਪੈਕਟਰ 25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵਿਭਾਗ ਵੱਲੋਂ ਕਾਬੂ

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਮਨਦੀਪ ਸਿੰਘ ਸਿੱਧੂ ਆਈ. ਪੀ. ਐੱਸ. ਸੀਨੀਅਰ ਕਪਤਾਨ ਪੁਲਸ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਦੀਆਂ ਹਦਾਇਤਾਂ ਅਨੁਸਾਰ ਸਤਨਾਮ ਸਿੰਘ ਵਿਰਕ ਉਪ ਕਪਤਾਨ ਪੁਲਸ ਸੰਗਰੂਰ ਦੀ ਅਗਵਾਈ ਹੇਠ ਇੰਸਪੈਕਟਰ ਸੁਦਰਸ਼ਨ ਕੁਮਾਰ ਵਿਜੀਲੈਂਸ ਬਿਊਰੋ ਯੂਨਿਟ ਸੰਗਰੂਰ ਦੀ ਟੀਮ ਵੱਲੋਂ ਪਨਸਪ ਦੇ ਇਕ ਇੰਸਪੈਕਟਰ ਨੂੰ ਆੜ੍ਹਤੀਏ ਪਾਸੋਂ  25 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਤਫਤੀਸ਼ੀ ਅਫਸਰ ਇੰਸਪੈਕਟਰ ਸੁਦਰਸ਼ਨ ਕੁਮਾਰ ਸੰਗਰੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਅਵਤਾਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਭੈਣੀ ਮਹਿਰਾਜ ਨੇ ਇਸੇ ਸਾਲ 2021 ਦੌਰਾਨ ਜੀਰੀ ਦੇ ਸੀਜ਼ਨ ਸਮੇਂ ਉਸ ਵੱਲੋਂ ਖ਼ਰੀਦ ਕੇਂਦਰ ਭੈਣੀ ਮਹਿਰਾਜ ਵਿਖੇ ਕਰੀਬ 25 ਹਜ਼ਾਰ ਗੱਟੇ ਜੀਰੀ ਦੀ ਖਰੀਦ ਪਨਸਪ ਵਿਭਾਗ ਦੇ ਇੰਸਪੈਕਟਰ ਪੁਖਰਾਜ ਸਿੰਗਲਾ ਵੱਲੋਂ ਕੀਤਾ ਗਈ ਸੀ।

ਉਸ ਦੀ ਦੁਕਾਨ ’ਤੇ ਹੋਈ ਇਸ ਜੀਰੀ ਦੀ ਖਰੀਦ ਦੀ ਆੜ੍ਹਤ ਦਾ ਕਮਿਸ਼ਨ ਅਤੇ ਲੇਬਰ ਦੀ ਦਿਹਾੜੀ ਕਰੀਬ 4 ਲੱਖ 50 ਹਜ਼ਾਰ ਰੁਪਏ ਦੀ ਰਕਮ ਉਸਨੇ ਪਾਂਸਕ ਪਨਸਪ ਵਿਭਾਗ ਤੋਂ ਲੈਣੀ ਰਹਿੰਦੀ ਹੈ, ਉਹ ਇਹ ਰਕਮ ਲੈਣ ਲਈ ਇੰਸਪੈਕਟਰ ਪੁਖਰਾਜ ਸਿੰਗਲਾ ਨੂੰ ਮਿਲਿਆ। ਉਨ੍ਹਾਂ ਨੇ ਉਕਤ ਰਕਮ ਲੈਣ ਦੇ ਬਦਲੇ ਪੱਚੀ ਹਜ਼ਾਰ ਰੁਪਏ ਰਿਸ਼ਵਤ ਲੈਣ ਦੀ ਮੰਗ ਕੀਤੀ ਅਤੇ ਕਿਹਾ ਕਿ ਇਹ ਰਕਮ ਤੁਸੀਂ ਕੱਲ੍ਹ ਮੈਨੂੰ ਧਨੌਲਾ ਵਿਖੇ ਆ ਕੇ ਦੇ ਦਿਓ ਮੈਂ ਤੁਹਾਡਾ ਕੰਮ ਕਰ ਦੇਵਾਂਗਾ। ਇਸ ਦੀ ਸ਼ਿਕਾਇਤ ਅਵਤਾਰ ਸਿੰਘ ਨੇ ਵਿਜੀਲੈਂਸ ਵਿਭਾਗ ਨੂੰ ਕਰ ਦਿੱਤੀ। ਇੰਸਪੈਕਟਰ ਸੁਦਰਸ਼ਨ ਕੁਮਾਰ ਨੇ ਦੱਸਿਆ ਕਿ ਪਨਸਪ ਦੇ ਇੰਸਪੈਕਟਰ ਪੁਖਰਾਜ ਸਿੰਗਲਾ ਨੂੰ ਸਰਕਾਰੀ ਗਵਾਹਾ ਦੀ ਹਾਜ਼ਰੀ ਵਿਚ ਪੱਚੀ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਕਾਬੂ ਕਰਕੇ ਉਸ ਖ਼ਿਲਾਫ਼ ਮੁਕੱਦਮਾ ਨੰਬਰ 25 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਇਸ ਸਮੇਂ ਏ. ਐੱਸ. ਆਈ. ਕ੍ਰਿਸ਼ਨ, ਏ. ਐੱਸ. ਆਈ. ਬਲਵਿੰਦਰ ਸਿੰਘ, ਹੌਲਦਾਰ ਗੁਰਦੀਪ ਸਿੰਘ,ਅਮਨਦੀਪ ਸਿੰਘ, ਰਾਜਵਿੰਦਰ ਸਿੰਘ ਹਾਜ਼ਰ ਸਨ।


author

Gurminder Singh

Content Editor

Related News