ਦਿੱਲੀ 'ਚ ਲਾਗੂ ਕੇਜਰੀਵਾਲ ਦੇ 'ਵਿਕਾਸ ਮਾਡਲ' ਨੂੰ ਪੰਜਾਬ 'ਚ ਦੇਖਣਾ ਚਾਹੁੰਦੇ ਹਨ ਪੰਜਾਬੀ: ਹਰਪਾਲ ਚੀਮਾ

Friday, Jan 14, 2022 - 08:48 PM (IST)

ਦਿੱਲੀ 'ਚ ਲਾਗੂ ਕੇਜਰੀਵਾਲ ਦੇ 'ਵਿਕਾਸ ਮਾਡਲ' ਨੂੰ ਪੰਜਾਬ 'ਚ ਦੇਖਣਾ ਚਾਹੁੰਦੇ ਹਨ ਪੰਜਾਬੀ: ਹਰਪਾਲ ਚੀਮਾ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਸਮੁੱਚੀ ਕਾਂਗਰਸ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਜਿਸ ਧੋਖੇ ਨਾਲ 2017 'ਚ ਕਾਂਗਰਸ ਸੱਤਾ 'ਤੇ ਕਾਬਜ਼ ਹੋਈ ਅਤੇ 5 ਸਾਲ ਪੰਜਾਬ ਅਤੇ ਪੰਜਾਬੀਆਂ ਨੂੰ ਅੰਨ੍ਹੇਵਾਹ ਲੁੱਟਿਆ, ਉਸ ਨੂੰ ਦੇਖ ਪੰਜਾਬ ਦੇ ਲੋਕਾਂ ਨੇ ਕਾਂਗਰਸ ਅਤੇ ਇਸ ਦੇ ਭ੍ਰਿਸ਼ਟ ਅਤੇ ਬੜਬੋਲੇ  ਆਗੂਆਂ ਨੂੰ ਪੰਜਾਬ ਦੇ ਸਿਆਸੀ ਦ੍ਰਿਸ਼ 'ਚੋਂ ਸਦਾ ਲਈ ਉਖਾੜ ਸੁੱਟਣ ਦਾ ਅਹਿਦ ਲੈ ਲਿਆ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 2022 ਦੀਆਂ ਚੋਣਾਂ ਪਿਛਲੀਆਂ ਸਾਰੀਆਂ ਚੋਣਾਂ ਨਾਲੋਂ ਨਿਵੇਕਲੀਆਂ ਚੋਣਾਂ ਹੋਣਗੀਆਂ ਕਿਉਂਕਿ ਪੰਜਾਬ ਦੀ ਜਨਤਾ ਬਦਲਾਅ ਦੇ ਮੂਡ 'ਚ ਹੈ ਅਤੇ ਕੇਜਰੀਵਾਲ ਵੱਲੋਂ ਦਿੱਲੀ 'ਚ ਲਾਗੂ 'ਕੰਮ ਦੀ ਰਾਜਨੀਤੀ' ਵਾਲੇ ਵਿਕਾਸ ਮਾਡਲ ਨੂੰ ਪੰਜਾਬ 'ਚ ਲਿਆਉਣਾ ਚਾਹੁੰਦੀ ਹੈ । 

ਇਹ ਵੀ ਪੜ੍ਹੋ :ਟਕਸਾਲੀ ਅਕਾਲੀਆਂ 'ਚ ਭਾਜਪਾ ਦੀ ਸੰਨ੍ਹ, 3 ਵੱਡੇ ਪਰਿਵਾਰਾਂ ਮਗਰੋਂ ਹੁਣ ਇਸ ਪਰਿਵਾਰ 'ਤੇ ਨਜ਼ਰ

 ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਦੀ ਲੋਕਾਂ 'ਚ ਪਤਲੀ ਹਾਲਤ ਅਤੇ ਕੁਰਸੀ ਲਈ ਆਪਸੀ ਕਾਟੋ-ਕਲੇਸ਼ ਕਾਰਨ ਜਿੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਆਪਣਾ ਦਿਮਾਗ਼ੀ ਸੰਤੁਲਨ ਖੋ ਚੁੱਕੇ ਹਨ ,ਉੱਥੇ ਚੋਣ ਜ਼ਾਬਤੇ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਚਾਅ ਵੀ ਉਤਾਰ ਦਿੱਤਾ ਹੈ ਕਿਉਂਕਿ ਹੁਣ 'ਐਲਾਨ ਸਿੰਘ' ਕੋਈ ਹੋਰ ਫੋਕਾ ਐਲਾਨ ਕਰਨ ਜੋਗੇ ਨਹੀਂ ਰਹੇ, ਉੱਪਰੋਂ ਲੋਕਾਂ ਨੇ  111 ਦਿਨਾਂ 'ਚ ਕੀਤੇ ਝੂਠੇ ਐਲਾਨਾਂ ਦਾ ਹਿਸਾਬ ਕਿਤਾਬ ਮੰਗਣਾ ਸ਼ੁਰੂ ਕਰ ਦਿੱਤਾ ਹੈ । 

ਇਹ ਵੀ ਪੜ੍ਹੋ ਕੇਜਰੀਵਾਲ ਦਾ ਖ਼ੁਲਾਸਾ, ਦੱਸਿਆ ਕਿਉਂ ਨਹੀਂ ਹੋਇਆ ਸੰਯੁਕਤ ਸਮਾਜ ਮੋਰਚਾ ਨਾਲ ਗਠਜੋੜ

ਹਰਪਾਲ ਚੀਮਾ ਨੇ ਕਿਹਾ ਕਿ ਅੱਜ ਨਵਜੋਤ ਸਿੰਘ ਸਿੱਧੂ ਆਖ ਰਹੇ ਹਨ ਕਿ ਪੰਜਾਬ 'ਚ ਜਾਂ ਤਾਂ ਸਿਸਟਮ (ਨਿਜ਼ਾਮ) ਰਹੇਗਾ ਅਤੇ ਜਾ ਫਿਰ ਨਵਜੋਤ ਸਿੰਘ ਸਿੱਧੂ ਰਹੇਗਾ। ਅਜਿਹੇ ਬੇਤੁਕੇ ਅਤੇ ਘਸੇ-ਪਿਟੇ ਡਾਇਲਾਗ ਕੋਈ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਸ਼ਖ਼ਸ ਹੀ ਮਾਰ ਸਕਦਾ ਹੈ। ਕਾਂਗਰਸ, ਕੈਪਟਨ, ਬਾਦਲਾਂ ਅਤੇ ਭਾਜਪਾ ਦੀਆਂ ਅੱਜ ਤੱਕ ਦੀਆਂ ਸਾਰੀਆਂ ਮਾਫ਼ੀਆ ਅਤੇ ਖ਼ਾਨਦਾਨੀ ਸਰਕਾਰਾਂ ਨੇ ਪੰਜਾਬ ਅਤੇ ਪੰਜਾਬੀਆਂ ਦੀ ਕਰਾਈ ਤੌਬਾ ਤੌਬਾ ਕਾਰਨ ਅੱਜ ਪੰਜਾਬ ਦੇ ਲੋਕ ਸਿਆਸੀ ਤੌਰ 'ਤੇ ਬੇਹੱਦ ਸੁਚੇਤ ਹਨ ਅਤੇ ਜਾਗਰੂਕ ਹੋ ਚੁੱਕੇ ਹਨ ।  ਪੱਕਾ ਮੰਨ ਬਣਾ ਚੁੱਕੇ ਹਨ ਕਿ 2022 ਦੀਆਂ ਚੋਣਾਂ 'ਚ ਕਾਂਗਰਸ, ਕੈਪਟਨ-ਭਾਜਪਾ ਅਤੇ ਬਾਦਲਾਂ ਦਾ ਬਿਸਤਰਾ ਗੋਲ ਕਰਨਾ ਹੈ ਅਤੇ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇਣਾ ਹੈ। 

ਨੋਟ: ਤੁਹਾਡੇ ਮੁਤਾਬਕ ਪੰਜਾਬ 'ਚ ਕਿਸਦੀ ਬਣੇਗੀ ਸਰਕਾਰ? ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Harnek Seechewal

Content Editor

Related News