ਪੰਜਾਬੀਆਂ ਦਾ ਫੌਜ ''ਚ ਭਰਤੀ ਲਈ ਉਤਸ਼ਾਹ ਮੱਠਾ ਪੈਣਾ ਚਿੰਤਾ ਦਾ ਵਿਸ਼ਾ : ਕਰਨਲ ਬਲਬੀਰ ਸਿੰਘ

01/25/2021 7:21:55 PM

ਗੜਸ਼ੰਕਰ,(ਸ਼ੋਰੀ)- ਭਾਰਤੀ ਫੌਜ ਦੇ 150 ਫੀਲਡ ਰੈਜੀਮੈਂਟ ਦੇ ਸੇਵਾਮੁਕਤ ਕਮਾਂਡਿੰਗ ਅਫਸਰ ਕਰਨਲ ਬਲਵੀਰ ਸਿੰਘ ਸਹੋਤਾ ਅਸਮਾਨਪੁਰ ਨੇ ਅੱਜ ਇੱਥੇ ਖ਼ਾਸ ਗੱਲਬਾਤ ਕਰਦੇ ਕਿਹਾ ਕਿ ਸਾਡਾ ਵਤਨ ਸਾਡੀ ਸ਼ਾਨ ਹੈ ਅਤੇ ਭਾਰਤੀ ਫੌਜ ਵਿੱਚ ਸੇਵਾ ਦੌਰਾਨ ਦੇਸ਼ ਦੀ ਖਾਤਰ ਤਿੰਨ ਅਹਿਮ ਆਪਰੇਸ਼ਨਾਂ ਵਿਚ ਹਿੱਸਾ ਲੈਣ ਦਾ ਉਨ੍ਹਾਂ ਨੂੰ ਹਮੇਸ਼ਾ ਫ਼ਖ਼ਰ ਰਹੇਗਾ। 
ਕਾਰਗਿਲ ਯੁੱਧ, ਆਪ੍ਰੇਸ਼ਨ ਮੇਘਦੂਤ ਅਤੇ 68 ਫੀਲਡ ਰੈਜੀਮੈਂਟ ਰਾਹੀਂ ਸ੍ਰੀਲੰਕਾ ਆਪ੍ਰੇਸ਼ਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਰਨਲ ਬਲਬੀਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਸਾਡੇ ਨੌਜਵਾਨਾਂ ਦੀ ਪਹਿਲ ਬਾਹਰਲੇ ਮੁਲਕਾਂ ਵਿਚ ਪੱਕੇ ਹੋਣਾ ਅਤੇ ਪੜੇ ਲਿਖੇ ਨੌਜਵਾਨਾਂ ਦਾ ਫੌਜ ਦੀ ਬਜਾਏ ਮਲਟੀ ਨੈਸ਼ਨਲ ਕੰਪਨੀ ਵਿਚ ਨੌਕਰੀ ਪੇਸ਼ਾ ਹੋਣਾ ਪਹਿਲ ਬਣ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ 20 ਵਰੇ ਪਹਿਲਾਂ ਭਾਰਤੀ ਫ਼ੌਜ ਵਿੱਚ ਭਰਤੀ ਹੋਣ ਲਈ ਪੰਜਾਬੀਆਂ ਦਾ ਉਤਸ਼ਾਹ ਸਭ ਤੋਂ ਵੱਧ ਅਤੇ ਗਿਣਤੀ ਕਾਫੀ ਜ਼ਿਆਦਾ ਹੁੰਦੀ ਸੀ ਪਰ ਅੱਜ ਇਹ ਉਤਸ਼ਾਹ ਲਗਾਤਾਰ ਮੱਠਾ ਹੋ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ।
ਕੈਪਟਨ ਆਰ. ਐਸ. ਪਠਾਣੀਆ ਦੇ ਨਿਵਾਸ ਅਸਥਾਨ 'ਤੇ ਗੱਲਬਾਤ ਕਰਦਿਆਂ ਕਰਨਲ ਬਲਬੀਰ ਸਿੰਘ ਨੇ ਅੱਗੇ ਦੱਸਿਆ ਕੀ ਇਸ ਮੱਠੇ ਪੈ ਚੁੱਕੇ ਰੁਝਾਨ ਦੇ ਅਨੇਕਾਂ ਕਾਰਨ ਹਨ ਜਿਸਦੇ ਲਈ ਸਰਕਾਰਾਂ ਨੂੰ ਸੋਚਣ ਦੀ ਜਰੂਰਤ ਹੈ।
ਪਿਛਲੇ ਸਮਿਆਂ ਦੌਰਾਨ ਸਾਬਕਾ ਫ਼ੌਜੀ ਅਫ਼ਸਰਾਂ ਦੀ ਆਮ ਲੋਕਾਂ ਵਿੱਚ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਜ਼ਰ ਵਿਚ ਕੀ ਅਹਿਮੀਅਤ ਹੁੰਦੀ ਸੀ ਇਸ ਦਾ ਖੁਲਾਸਾ ਕਰਦਿਆਂ ਉਨ੍ਹਾਂ ਨੇ ਦੱਸਿਆ ਕੀ ਉਨ੍ਹਾਂ ਦੇ ਦਾਦਾ ਸੂਬੇਦਾਰ ਮੇਜਰ ਗੇਂਦਾ ਸਿੰਘ ਜਿਨਾਂ ਪਹਿਲੇ ਸੰਸਾਰ ਯੁੱਧ ਵਿੱਚ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ ਦੀ ਬਣਦੀ ਪੈਨਸ਼ਨ ਮੌਕੇ ਦਾ ਐੱਸ ਐੱਚ ਓ ਉਨ੍ਹਾਂ ਦੀ ਦਾਦੀ ਨੂੰ ਘਰੇ ਆ ਕੇ ਪੈਨਸ਼ਨ ਪਹੁੰਚਦੀ ਕਰਦਾ ਸੀ ਪਰ ਅੱਜ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਜਰਾਂ ਵਿੱਚ ਫੌਜ ਵਿੱਚ ਨੌਕਰੀ ਕਰਨ ਵਾਲਿਆਂ ਲਈ ਬਣਦਾ ਮਾਣ ਸਤਿਕਾਰ ਤੱਕ ਵੀ ਨਜ਼ਰ ਨਹੀਂ ਆਉਂਦਾ।
ਕਰਨਲ ਬਲਬੀਰ ਸਿੰਘ ਦਾ ਵਿਸ਼ੇਸ਼ ਸਨਮਾਨ ਕਰਨ ਲਈ ਅੱਜ ਇੱਥੇ ਕੈਪਟਨ ਆਰ. ਐੱਸ. ਪਠਾਣੀਆਂ ਵੱਲੋਂ ਉਨ੍ਹਾਂ ਨੂੰ ਉਚੇਚੇ ਤੌਰ 'ਤੇ ਬੁਲਾਇਆ ਗਿਆ ਸੀ। ਇਸ ਮੌਕੇ ਕੈਪਟਨ ਆਰ. ਐੱਸ. ਪਠਾਣੀਆਂ ਨੇ ਦੱਸਿਆ ਕਿ ਕਰਨਲ ਬਲਬੀਰ ਸਿੰਘ ਦੇ ਪਰਿਵਾਰ ਦੀਆਂ ਪੰਜ ਪੀੜੀਆਂ ਫੌਜ ਵਿਚ ਸੇਵਾ ਨਿਵਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਕਰਨਲ ਬਲਬੀਰ ਸਿੰਘ ਦੇ ਪਿਤਾ ਮੇਜਰ ਸੰਤੋਖ ਸਿੰਘ ਦੂਸਰੇ ਸੰਸਾਰ ਯੁੱਧ ਵਿੱਚ ਮੋਰਚੇ 'ਤੇ ਲੜੇ ਸਨ, ਦਾਦਾ ਸੂਬੇਦਾਰ ਮੇਜਰ ਗੇਂਦਾ ਸਿੰਘ ਪਹਿਲਾ ਸੰਸਾਰ ਯੁੱਧ ਲੜਦੇ ਹੋਏ ਬਸਰਾ ਵਿੱਚ ਸ਼ਹੀਦ ਹੋਏ, ਉਨ੍ਹਾਂ ਦੇ ਪਿਤਾ ਫ਼ਤਹਿ ਸਿੰਘ ਅਤੇ ਉਨ੍ਹਾਂ ਦੇ ਪਿਤਾ ਝੰਡਾ ਸਿੰਘ ਵੀ ਫੌਜ ਵਿੱਚ ਹੀ ਸਨ।
ਕੈਪਟਨ ਪਠਾਨੀਆ ਨੇ ਦੱਸਿਆ ਕਿ ਕਰਨਲ ਬਲਬੀਰ ਸਿੰਘ ਦੇ ਵੱਡੇ ਭਰਾ ਬਿ੍ਰਗੇਡੀਅਰ ਰਾਜਿੰਦਰ ਸਿੰਘ 1965 ਅਤੇ 1971ਦੀ ਜੰਗ ਲੜ ਚੁੱਕੇ ਹਨ। ਦੂਸਰੇ ਭਰਾ ਲੈਫਟੀਨੈਂਟ ਕਰਨਲ ਸੁਰਿੰਦਰ ਸਿੰਘ ਨੇ 1965 ਅਤੇ 1971 ਦੀ ਜੰਗ ਲੜੀ, ਤੀਸਰੇ ਭਰਾ ਕਰਨਲ ਐਮ ਪੀ ਸਿੰਘ ਨੇ 1971 ਦੀ ਜੰਗ ਲੜੀ ਅਤੇ ਚੌਥੇ ਭਰਾ ਕੈਪਟਨ ਜਸਵੀਰ ਸਿੰਘ ਨੇ ਵੀ ਫੌਜ ਵਿਚ ਸੇਵਾ ਕੀਤੀ। ਖ਼ੁਦ ਕੈਪਟਨ ਕਰਨਲ ਬਲਬੀਰ ਸਿੰਘ ਨੇ ਸ੍ਰੀਲੰਕਾ ਆਪਰੇਸ਼ਨ, ਮੇਘਦੂਤ ਲੇਹ ਆਪਰੇਸ਼ਨ ਅਤੇ ਕਾਰਗਿਲ ਯੁੱਧ ਵਿਚ ਨਿਰਣਾਇਕ  ਭੂਮਿਕਾ ਨਿਭਾਈ ਸੀ।
ਉਨ੍ਹਾਂ ਕਿਹਾ ਕਿ ਸਾਨੂੰ ਫਖ਼ਰ ਹੈ ਕਿ ਸਾਡੇ ਵਿਚ ਅਜਿਹੇ ਪਰਿਵਾਰ ਹਨ ਜਿਨਾਂ ਦਾ ਇੱਕ ਇੱਕ ਜੀਅ ਭਾਰਤੀ ਫੌਜ ਵਿੱਚ ਸੇਵਾਵਾਂ ਦੇ ਚੁੱਕਾ ਹੈ ਅਤੇ ਸਾਡਾ ਇਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਸਿਰ ਮਾਣ ਨਾਲ ਉੱਚਾ ਹੁੰਦਾ ਹੈ।
ਇਸ ਮੌਕੇ ਕਰਨਲ ਬਲਬੀਰ ਸਿੰਘ ਦਾ ਵਿਸ਼ੇਸ਼ ਸਨਮਾਨ ਕੈਪਟਨ ਆਰ. ਐਸ. ਪਠਾਣੀਆ ਨੇ ਕਿਤਾ ਅਤੇ ਉਨਾਂ ਦੇ ਨਾਲ ਬਾਲ ਬੁੱਧ ਸਿੰਘ ਸੇਵਾਮੁਕਤ ਐਕਸੀਅਨ ਅਤੇ ਪਰਮਿੰਦਰ ਸਿੰਘ ਭੱਠਲ ਵੀ ਹਾਜਰ ਸਨ।
 


Bharat Thapa

Content Editor

Related News