ਪੰਜਾਬੀ ਨੌਜਵਾਨ ਦੀ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਮੌਤ

Friday, Aug 21, 2020 - 01:07 AM (IST)

ਪੰਜਾਬੀ ਨੌਜਵਾਨ ਦੀ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਮੌਤ

ਕੈਲੇਫੋਰਨੀਆਂ,(ਨੀਟਾ ਮਾਛੀਕੇ) : ਰੋਜ਼ੀ-ਰੋਟੀ ਕਮਾਉਂਣ ਲਈ ਅਮਰੀਕਾ ਗਏ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਅਮਰੀਕਾ ਤੋਂ ਇਕ ਤੋਂ ਬਾਅਦ ਇਕ ਉਦਾਸ ਕਰਨ ਵਾਲੀਆਂ ਖਬਰਾਂ ਆ ਰਹੀਆਂ ਹਨ। ਹਾਲਾਂਕਿ ਕੁੱਝ ਸਮਾਂ ਪਹਿਲਾਂ ਹੀ ਅਮਰੀਕਾ 'ਚ  ਮਨਜੀਤ ਸਿੰਘ ਅਤੇ ਜਤਿੰਦਰ ਸਿੰਘ ਦੀ ਮੌਤ ਹੋਈ ਸੀ, ਜੋ ਕਿ ਪੰਜਾਬ ਨਾਲ ਸਬੰਧ ਰੱਖਦੇ ਸਨ। ਉਥੇ ਹੀ ਅੱਜ ਸ਼ਹਿਰ ਫਰਿਜ਼ਨੋ ਤੋਂ ਇਕ ਹੋਰ ਪੰਜਾਬੀ ਨੌਜਵਾਨ ਮੁੱਖਤਿਆਰ ਸਿੰਘ ਧਾਲੀਵਾਲ ਦੀ ਸੜਕ ਹਾਦਸੇ 'ਚ ਮੌਤ ਹੋ ਜਾਣ ਦੀ ਖਬਰ ਨੇ ਪੰਜਾਬੀ ਭਾਈਚਾਰੇ ਦੇ ਕਾਲਜੇ ਫਿਰ ਤੋਂ ਵਲੂੰਧਰ ਸੁੱਟੇ ਹਨ।
ਜਾਣਕਾਰੀ ਮੁਤਾਬਕ ਮੁੱਖਤਿਆਰ ਸਿੰਘ ਧਾਲੀਵਾਲ ਦੀ ਉਮਰ ਕਰੀਬ 38 ਸਾਲ ਸੀ ਅਤੇ ਉਹ ਫਰਿਜ਼ਨੋ ਸ਼ਹਿਰ 'ਚ ਪਿਛਲੇ ਲੰਮੇ ਸਮੇਂ ਤੋਂ ਪਰਿਵਾਰ ਸਮੇਤ ਰਹਿ ਰਿਹਾ ਸੀ ਅਤੇ ਟਰੱਕ ਚਲਾਉਣ ਦਾ ਕੰਮ ਕਰਦਾ ਸੀ। ਮੁੱਖਤਿਆਰ ਸਿੰਘ ਧਾਲੀਵਾਲ ਪਿਛਲੇ ਦਿਨੀਂ ਜਦੋਂ ਅਮਰੀਕਾ  ਦੀ ਐਰੀਜੋਨਾ ਸਟੇਟ 'ਚ ਫਰੀਵੇਅ 40 ਦੇ 39 ਮੀਲ ਮਾਰਕਰ ਲਾਗੇ ਡੈਲਸ ਨੂੰ ਲੋਡ ਕਰ ਕੇ ਲੈ ਜਾ ਰਿਹਾ ਸੀ ਤਾਂ ਅਚਾਨਕ ਟਰੱਕ ਦਾ ਅਗਲਾ ਟਾਇਰ ਫਟ ਗਿਆ, ਜਿਸ ਕਾਰਨ ਟਰੱਕ ਘਿਸੜਦਾ ਹੋਇਆ ਫਰੀਵੇਅ ਦੇ ਵਿਚਾਲੇ ਖਤਾਨਾਂ 'ਚ ਜਾ ਡਿੱਗਿਆ। ਇਸ ਦੌਰਾਨ ਟਰੱਕ ਦੇ ਡੀਜ਼ਲ ਟੈਂਕ ਫਟ ਗਏ ਤੇ ਟਰੱਕ ਨੂੰ ਅੱਗ ਲੱਗ ਗਈ। ਮੁਖ਼ਤਿਆਰ ਦੀ ਇਸ ਹਾਦਸੇ 'ਚ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਮੁੱਖਤਿਆਰ ਸਿੰਘ ਧਾਲੀਵਾਲ ਪੰਜਾਬ ਦੇ ਪਿੰਡ ਲੋਪੋ ਜਿਲ੍ਹੇ ਦਾ ਰਹਿਣ ਵਾਲਾ ਸੀ, ਜੋ ਕਿ ਮੋਗਾ 'ਚ ਪੈਂਦਾ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ, ਦੋ ਬੱਚੇ, ਪਿਤਾ ਅਤੇ ਭਰਾ ਨੂੰ ਛੱਡ ਗਿਆ ਹੈ। ਇਸ ਦੁੱਖਦਾਈ ਖ਼ਬਰ ਕਾਰਨ ਜਿੱਥੇ ਉਸ ਦੇ ਸਹੁਰਾ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਉੱਥੇ ਫਰਿਜ਼ਨੋ ਦਾ ਪੂਰਾ ਪੰਜਾਬੀ ਭਾਈਚਾਰਾ ਵੀ ਸੋਗ 'ਚ ਡੁੱਬਿਆ ਹੋਇਆ ਹੈ।




 


author

Deepak Kumar

Content Editor

Related News