ਖਰਾਬ ਖਾਣੇ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ 'ਚ ਵਿਦਿਆਰਥੀਆਂ ਵਲੋਂ ਹੰਗਾਮਾ

01/22/2020 5:26:20 PM

ਪਟਿਆਲਾ (ਜੋਸਨ):  ਪੰਜਾਬੀ ਯੂਨੀਵਰਸਿਟੀ ਵਿਖੇ ਚੱਲ ਰਹੀਆਂ ਕੰਟੀਨਾਂ ਨੂੰ ਇੱਥੋਂ ਦੀ ਵਿਦਿਆਰਥੀ ਭਲਾਈ ਜੱਥੇਬੰਦੀ 'ਸੈਫੀ' ਨੇ ਅੱਜ ਬੰਦ ਕਰਕੇ ਰੋਸ ਵਿਖਾਵਾ ਕੀਤਾ ਹੈ। ਇਸ ਮੌਕੇ ਸੈਫੀ ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਉਨ੍ਹਾਂ ਨੇ ਬਹੁਤ ਵਾਰੀ ਅਥਾਰਟੀ ਅੱਗੇ ਯੂਨੀਵਰਸਿਟੀ ਦੀ ਕੰਟੀਨਾਂ ਦਾ ਮਾੜਾ ਖਾਣਾ ਜੋ ਮਹਿੰਗੇ ਰੇਟ ਤੇ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ। ਜਿਸ ਵਿੱਚ ਭਗਵਾਨ ਦਾਸ ਦੀਆਂ ਦੋਵੇਂ ਕੰਟੀਨਾਂ, ਯੂ.ਐਫ.ਸੀ. ਕੰਟੀਨਾਂ, ਗੋਲ ਮਾਰਕੀਟ, ਜੂਸ ਬਾਰ, ਨੈਸਕੈਫੇ, ਇਸ ਸਬੰਧੀ ਸੈਫੀ ਪਾਰਟੀ ਵਾਈਸ ਚਾਂਸਲਰ, ਡੀਨ ਵਿਦਿਆਰਥੀ ਭਲਾਈ, ਡੀਨ ਅਕਾਦਮਿਕ ਰਜਿਸਟਰਾਰ ਨੂੰ ਕੰਟੀਨਾਂ ਦੀ ਖਸਤਾ ਹਾਲਤ ਬਾਰੇ ਬਹੁਤ ਵਾਰੀ ਜਾਣੂ ਕਰਵਾਇਆ ਪਰ ਅਥਾਰਟੀ ਨੇ ਇਨ੍ਹਾਂ 'ਤੇ ਕੋਈ ਵੀ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਵਿਦਿਆਰਥੀਆਂ ਵਲੋਂ ਪੰਜਾਬੀ ਯੂਨੀਵਰਸਿਟੀ 'ਚ ਹੰਗਾਮਾ ਕੀਤਾ ਗਿਆ।

ਮੁਆਇਨੇ ਮੌਕੇ ਪਾਈਆਂ ਗਈਆਂ ਖਾਮੀਆਂ
ਡੀਨ ਅਕਾਦਮਿਕ ਨਾਲ ਹੋਈ ਇੱਕ ਮੀਟਿੰਗ ਵਿੱਚ ਵਿਦਿਆਰਥੀਆਂ ਨੇ ਇਹ ਮੰਗ ਕੀਤੀ ਕਿ ਯੂਨੀਵਰਸਿਟੀ ਦਾ ਪ੍ਰਸ਼ਾਸਨ ਉਨ੍ਹਾਂ ਦੇ ਨਾਲ ਜਾ ਕੇ ਯੂਨੀਵਰਸਿਟੀ ਦੀਆਂ ਸਾਰੀਆਂ ਕੰਟੀਨਾਂ ਦਾ ਮੁਆਇਨਾ ਕਰੇ, ਜਿਸ ਤੇ ਡੀਨ ਅਕਾਦਮਿਕ ਨੇ ਐਕਸ਼ੀਅਨ ਅਤੇ ਡੀਨ ਵਿਦਿਆਰਥੀ ਭਲਾਈ ਅਤੇ ਹੋਰ ਯੂਨੀਵਰਸਿਟੀ ਮੁਲਾਜ਼ਮ ਵਿਦਿਆਰਥੀਆਂ ਨਾਲ ਜਾ ਕੇ ਕੰਟੀਨਾਂ ਦਾ ਮੁਆਇਨਾ ਕੀਤਾ ਅਤੇ ਬਹੁਤ ਸਾਰੀਆਂ ਖਾਮੀਆਂ ਪਾਈਆਂ ਗਈਆਂ, ਜਿਸ ਤੇ ਵਿਦਿਆਰਥੀਆਂ ਨੇ ਕਾਰਵਾਈ ਕਰਦੇ ਹੋਏ ਯੂਨੀਵਰਸਿਟੀ ਦੀਆਂ ਸਾਰੀਆਂ ਕੰਟੀਨਾਂ ਨੂੰ ਬੰਦ ਕੀਤਾ।

ਲੰਮੇ ਸਮੇਂ ਤੋਂ ਇਕ ਹੀ ਮਾਲਕ ਸਾਂਭੀ ਫਿਰਦਾ ਹੈ ਕੰਟੀਨਾਂ ਨੂੰ
ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਕੰਟੀਨਾਂ ਵਾਲਿਆਂ ਨੇ ਆਪਣੀ ਮਨਮਰਜ਼ੀ ਦੇ ਰੇਟ ਲਿਸਟਾਂ ਲਾਈਆਂ ਹੋਈਆਂ ਹਨ ਅਤੇ ਖਾਣਾ ਵਿਦਿਆਰਥੀਆਂ ਨੂੰ ਮਾੜੀ ਕੁਆਲਿਟੀ ਦਾ ਦਿੱਤਾ ਜਾਂਦਾ ਹੈ। ਇਹ ਕੰਟੀਨ ਮਾਲਕ ਪਿਛਲੇ 30 ਤੋਂ 40 ਸਾਲਾਂ ਦੇ ਕੰਟੀਨਾਂ ਨੂੰ ਸਾਂਭੀ ਫਿਰਦੇ ਹਨ, ਯੂਨੀਵਰਸਿਟੀ ਦੀ ਸਾਰੀ ਅਥਾਰਟੀ ਇਹਨਾਂ ਨਾਲ ਮਿਲੀ ਹੋਈ ਹੈ। ਕੋਈ ਵੀ ਇਨ੍ਹਾਂ ਤੇ ਕਾਰਵਾਈ ਨਹੀਂ ਕਰਨਾ ਚਾਹੁੰਦਾ। ਯਾਦੂ ਨੇ ਕਿਹਾ ਕਿ ਯੂਨੀਵਰਸਿਟੀ ਦੀਆਂ ਸਾਰੀਆਂ ਕੰਟੀਨਾਂ ਦੀ ਮਿਆਦ ਜੂਨ 2018 'ਚ ਖਤਮ ਹੋ ਗਈ ਸੀ ਪਰ ਯੂਨੀਵਰਸਿਟੀ ਨੇ ਬਿਨਾਂ ਈ. ਟੈਂਡਰ ਕੀਤੇ ਅੰਦਰ ਖਾਤੇ ਇਹ ਕੰਟੀਨਾਂ ਉਨ੍ਹਾਂ ਨੂੰ ਫਿਰ ਦੇ ਦਿੱਤੀਆਂ ਅਤੇ ਅਥਾਰਟੀ ਨੇ ਇਕ
ਬਹੁਤ ਵੱਡੇ ਘਪਲੇ ਨੂੰ ਅੰਜਾਮ ਦਿੱਤਾ ਹੈ। ਇਨ੍ਹਾਂ ਕੰਟੀਨ ਮਾਲਕਾਂ ਨੇ ਸਿਵਲ ਕੋਰਟ ਪਟਿਆਲਾ ਵਿੱਚ ਅਪੀਲ ਪਾਈ ਸੀ ਕਿ ਉਹ 40 ਸਾਲਾਂ ਤੋਂ ਕੰਟੀਨਾਂ ਤੇ ਕਾਬਜ ਹਨ। ਹੁਣ ਯੂਨੀਵਰਸਿਟੀ ਰੇਟ ਵਧਾ ਰਹੀ ਹੈ।

ਕੰਟੀਨਾਂ ਦੇ ਟੈਂਡਰ ਦੁਆਰਾ ਕਰਾਉਣ ਦੇ ਹਨ ਆਡਰ
ਮਾਨਯੋਗ ਕੋਰਟ ਦੇ ਆਰਡਰ ਅਨੁਸਾਰ ਯੂਨੀਵਰਸਿਟੀ ਨੂੰ ਕਿਹਾ ਗਿਆ ਸੀ ਕਿ ਸਾਰੀਆਂ ਕੰਟੀਨਾਂ ਦੀ ਟੈਡਰਿੰਗ ਕੀਤੀ ਜਾਵੇ ਪਰ ਯੂਨੀਵਰਸਿਟੀ ਅਥਾਰਟੀ ਨੇ ਅਜਿਹਾ ਨਹੀਂ ਕੀਤਾ ਸਗੋਂ ਉਨ੍ਹਾਂ ਵਿਅਕਤੀਆਂ ਨੂੰ 5 ਸਾਲਾਂ ਤੱਕ ਹੋਰ ਕੰਟੀਨਾਂ ਦਾ ਠੇਕਾ ਦੇ ਦਿੱਤਾ ਜਦੋਂ ਕਿ ਪਹਿਲਾਂ ਠੇਕਾ 3 ਸਾਲਾਂ ਦਾ ਹੁੰਦਾ ਸੀ। ਯਾਦੂ ਨੇ ਕਿਹਾ ਕਿ ਇਨ੍ਹਾਂ ਕੰਟੀਨ ਮਾਲਕਾਂ ਨੇ ਯੂਨੀਵਰਸਿਟੀ ਦੀਆਂ ਕੰਟੀਨਾਂ ਨੂੰ ਆਪਣੀ ਨਿੱਜੀ ਸੰਪਤੀ ਬਣਾ ਲਿਆ ਹੈ ਅਤੇ ਆਪਣੀ ਮਨਮਰਜ਼ੀ ਦਾ ਰੇਟ ਲਾ ਕੇ ਵਿਦਿਆਰਥੀਆਂ ਨੂੰ ਲੁੱਟਦੇ ਹਨ। ਕਈ ਕੰਟੀਨ ਮਾਲਕਾਂ ਨੇ ਯੂਨੀਵਰਸਿਟੀ ਦੀ ਅਥਾਰਟੀ ਤੋਂ ਬਿਨਾਂ ਪ੍ਰਵਾਨਗੀ ਲਏ ਆਪਣੀ ਨਿੱਜੀ ਉਸਾਰੀ ਕਰਕੇ ਕੰਟੀਨ ਨੂੰ ਵਧਾ ਲਿਆ ਹੈ ਪਰ ਅਥਾਰਟੀ ਚੁੱਪ ਹੈ। ਯਾਦੂ ਨੇ ਕਿਹਾ ਕਿ ਇਹਨਾਂ ਸਾਰੀਆਂ ਕੰਟੀਨਾਂ ਦੀ ਈ.ਟੈਂਡਰਿੰਗ ਕੀਤੀ ਜਾਵੇ ਜਿਹੜਾ ਇਨ੍ਹਾਂ ਨਾਲ 5 ਸਾਲ ਦਾ ਐਗਰੀਮੈਂਟ ਕੀਤਾ ਹੈ। ਉਸ ਨੂੰ ਰੱਦ ਕੀਤਾ ਜਾਵੇ ਨਹੀਂ ਤਾਂ ਕੰਟੀਨਾਂ ਨੂੰ ਨਹੀਂ ਖੁੱਲ੍ਹਣ ਦਿੱਤਾ ਜਾਵੇਗਾ। ਇਸ ਮੌਕੇ ਵਾਇਸ ਪ੍ਰਧਾਨ ਜਗਨੂਰ ਸਿੰਘ, ਮੀਡੀਆ ਇੰਚਾਰਜ ਮਨਪ੍ਰੀਤ ਸਿੰਘ, ਜਨਰਲ ਸੈਕਟਰੀ, ਅਰਜਨ ਸਿੰਘ, ਗੁਰਲਾਲ ਸਿੰਘ, ਸਮਰਪ੍ਰੀਤ, ਖੁਸ਼ਪ੍ਰੀਤ ਆਦਿ ਸੈਂਕੜੇ ਮੌਜੂਦ ਸਨ।


Shyna

Content Editor

Related News