ਕਿਸਾਨਾਂ ਦੀ ਸੇਵਾ ’ਚ ਜੁਟੇ ਕਲਾਕਾਰ, ਧਰਨੇ ਨੂੰ ਦਿੱਤਾ ਵੱਡਾ ਸਮਰਥਨ (ਵੀਡੀਓਜ਼)
Wednesday, Dec 02, 2020 - 02:16 PM (IST)
ਜਲੰਧਰ (ਬਿਊਰੋ)– ਕਿਸਾਨਾਂ ਦਾ ਦਿੱਲੀ ਮਾਰਚ ਲਗਾਤਾਰ ਜਾਰੀ ਹੈ। ਪੰਜਾਬ ਦੇ ਲਗਭਗ ਹਰ ਗਾਇਕ ਤੇ ਕਲਾਕਾਰ ਵਲੋਂ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ। ਕਈ ਗਾਇਕ ਇਸ ਮਾਰਚ ’ਚ ਖੁਦ ਪਹੁੰਚੇ ਹਨ, ਜਿਨ੍ਹਾਂ ’ਚ ਅੰਮ੍ਰਿਤ ਮਾਨ, ਬੱਬੂ ਮਾਨ, ਪਰਮੀਸ਼ ਵਰਮਾ, ਕੰਵਰ ਗਰੇਵਾਲ, ਹਰਫ ਚੀਮਾ ਸਣੇ ਕਈ ਗਾਇਕ ਸ਼ਾਮਲ ਰਹੇ।
ਅੰਮ੍ਰਿਤ ਮਾਨ, ਜਾਰਡਨ ਸੰਧੂ ਤੇ ਦਿਲਪ੍ਰੀਤ ਢਿੱਲੋਂ ਸਣੇ ਕਈ ਗਾਇਕ ਕਿਸਾਨਾਂ ਦੇ ਇਸ ਧਰਨੇ ’ਚ ਪਹੁੰਚ ਕੇ ਕਿਸਾਨਾਂ ਦੀ ਸੇਵਾ ’ਚ ਜੁਟੇ ਹੋਏ ਹਨ। ਖਾਲਸਾ ਏਡ ਦੇ ਵਾਲੰਟੀਅਰਾਂ ਦੇ ਨਾਲ ਮਿਲ ਕੇ ਇਨ੍ਹਾਂ ਗਾਇਕਾਂ ਨੇ ਲੰਗਰ ਦੀ ਸੇਵਾ ਕੀਤੀ ਹੈ।
ਖਾਲਸਾ ਏਡ ਵਲੋਂ ਵੀ ਕੁਝ ਵੀਡੀਓਜ਼ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਗਾਇਕ ਜਾਰਡਨ ਸੰਧੂ ਨੇ ਵੀ ਇਕ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤਾ ਹੈ।
ਦੱਸਣਯੋਗ ਹੈ ਕਿ ਵਿਗਿਆਨ ਭਵਨ ਵਿਖੇ ਕਿਸਾਨ ਆਗੂਆਂ ਤੇ ਸਰਕਾਰ ਵਿਚਾਲੇ ਮੀਟਿੰਗ ਖ਼ਤਮ ਹੋਈ। ਇਸ ਬੈਠਕ ’ਚ ਫੈਸਲਾ ਲਿਆ ਗਿਆ ਕਿ 3 ਦਸੰਬਰ ਨੂੰ ਇਕ ਹੋਰ ਮੀਟਿੰਗ ਹੋਵੇਗੀ। ਮੀਟਿੰਗ ਤੋਂ ਬਾਅਦ ਕਿਸਾਨ ਲੀਡਰਾਂ ਨੇ ਕਿਹਾ ਕਿ ਉਹ ਸਰਕਾਰ ਤੋਂ ਕੁਝ ਲੈ ਕੇ ਜਾਣਗੇ, ਜਦਕਿ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਅੰਦੋਲਨ ਮੁਲਤਵੀ ਕਰਨ ਲਈ ਕਿਹਾ ਹੈ।
ਕੇਂਦਰੀ ਖੇਤੀਬਾੜੀ ਮੰਤਰੀ ਨਾਲ ਦਿੱਲੀ ਵਿਖੇ ਮੁਲਾਕਾਤ ਕਰਨ ਤੋਂ ਬਾਅਦ ਕਿਸਾਨ ਲੀਡਰ ਚੰਦਾ ਸਿੰਘ ਨੇ ਕਿਹਾ, ‘ਸਾਡਾ ਅੰਦੋਲਨ ਜਾਰੀ ਰਹੇਗਾ। ਸਰਕਾਰ ਤੋਂ ਕੁਝ ਲੈ ਕੇ ਜਾਵਾਂਗੇ। ਜੇ ਸਰਕਾਰ ਸ਼ਾਂਤੀ ਚਾਹੁੰਦੀ ਹੈ ਤਾਂ ਉਸ ਨੂੰ ਲੋਕਾਂ ਦਾ ਮਸਲਾ ਹੱਲ ਕਰਨਾ ਚਾਹੀਦਾ ਹੈ। ਅਸੀਂ ਮੁਲਾਕਾਤ ਲਈ ਪਰਸੋਂ ਫਿਰ ਆਵਾਂਗੇ।’
ਨੋਟ– ਕਿਸਾਨਾਂ ਦੇ ਸੰਘਰਸ਼ ਦੌਰਾਨ ਪੰਜਾਬੀ ਕਲਾਕਾਰਾਂ ਵਲੋਂ ਕੀਤੀ ਜਾ ਰਹੀ ਮਦਦ ਤੇ ਸਮਰਥਨ ’ਤੇ ਤੁਹਾਡਾ ਕੀ ਕਹਿਣਾ ਹੈ? ਸਾਨੂੰ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।