ਕਿਸਾਨਾਂ ਦੇ ਹੱਕਾਂ ਲਈ ਮਨਕਿਰਤ ਔਲਖ ਨੇ ਰੋਜ਼ਾਨਾ ਇਹ ਕੰਮ ਕਰਨ ਦੀ ਕੀਤੀ ਅਪੀਲ (ਵੀਡੀਓ)
Thursday, Oct 01, 2020 - 02:38 PM (IST)
ਜਲੰਧਰ (ਬਿਊਰੋ) - ਕਿਸਾਨ ਇਸ ਸਮੇਂ ਆਪਣੇ ਹੱਕਾਂ ਦੀ ਲੜਾਈ ਲਈ ਸੜਕਾਂ ਅਤੇ ਰੇਲਵੇ ਲਾਇਨਾਂ ਉੱਤੇ ਬੈਠ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਇਹ ਇਤਿਹਾਸ ਵਿਚ ਸ਼ਾਇਦ ਪਹਿਲੀ ਵਾਰ ਹੋ ਰਿਹਾ ਹੋਵੇਗਾ ਕਿ ਕਿਸੇ ਸੰਘਰਸ਼ ਵਿਚ ਕਲਾਕਾਰਾਂ ਵੱਲੋਂ ਵੀ ਵਧ ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ। ਬੀਤੇ ਦਿਨੀਂ ਬਠਿੰਡਾ ਦੇ ਗੋਨਿਆਣੇ ਮੰਡੀ ਵਿਚ ਕਲਾਕਾਰਾਂ ਨੇ ਵੱਡਾ ਇੱਕਠ ਕੀਤਾ ਅਤੇ ਇਸ ਬਿੱਲ ਖ਼ਿਲਾਫ਼ ਆਪਣਾ ਵਿਰੋਧ ਜਤਾਇਆ। ‘ਜੈ ਜਵਾਨ, ਜੈ ਕਿਸਾਨ’ ਨਾਂ ਦੇ ਇਸ ਧਰਨੇ ਦੀ ਅਗਵਾਈ ਖ਼ੁਦ ਪੰਜਾਬ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ ਨੇ ਕੀਤੀ। ਇੰਨੇ ਇੱਕਠ ਦੇ ਬਾਵਜੂਦ ਨੈਸ਼ਨਲ ਮੀਡੀਆ ਨੇ ਇਸ ਧਰਨੇ ਦੀ ਕਵਰੇਜ਼ ਨਹੀਂ ਕੀਤੀ, ਜਿਸ ਨੂੰ ਲੈ ਕੇ ਬਹੁਤ ਸਾਰੇ ਕਲਾਕਾਰਾਂ ਨੇ ਇਤਰਾਜ਼ ਵੀ ਜਤਾਇਆ ਹੈ। ਪੰਜਾਬੀ ਪ੍ਰਸਿੱਧ ਗਾਇਕ ਮਨਕਿਰਤ ਔਲਖ ਨੇ ਇਸ ਸਬੰਧ ਵਿਚ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਹਰ ਬੰਦੇ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸੋਸ਼ਲ ਮੀਡੀਆ ਪਲੇਟ ਫਾਰਮਾਂ ਉੱਤੇ ਕਿਸਾਨਾਂ ਦੇ ਹੱਕ ਵਿਚ ਪੋਸਟਾਂ ਪਾਉਣ ਤਾਂ ਜੋ ਨੈਸ਼ਨਲ ਮੀਡੀਆ ਵੀ ਕਿਸਾਨਾਂ ਦੀ ਕਵਰੇਜ਼ ਦਿਖਾਉਣ ਲਈ ਮਜ਼ਬੂਰ ਹੋ ਜਾਵੇ। ਇਸ ਤੋਂ ਇਲਾਵਾ ਮਨਕਿਰਤ ਔਲਖ ਨੇ ਕਿਹਾ ਸੋਸ਼ਲ ਮੀਡੀਆ ਦੀ ਪਹੁੰਚ ਬਹੁਤ ਦੂਰ ਤੱਕ ਹੁੰਦੀ ਹੈ। ਇਸ ਲਈ ਹਰ ਬੰਦੇ ਨੂੰ ਹਰ ਰੋਜ਼ ਕਿਸਾਨਾਂ ਦੇ ਹੱਕ ਵਿਚ ਇਕ ਪੋਸਟ ਪਾਉਣੀ ਚਾਹੀਦੀ ਹੈ ਤਾਂ ਜੋ ਕੇਂਦਰ ਦੀ ਮੋਦੀ ਸਰਕਾਰ ਇਹ ਬਿੱਲ ਵਾਪਸ ਲੈਣ ਲਈ ਮਜ਼ਬੂਰ ਹੋ ਜਾਵੇ।
ਦੱਸਣਯੋਗ ਹੈ ਕਿ ਬੀਤੇ 2 ਦਿਨ ਪਹਿਲਾਂ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਕਲਾਕਾਰ ਭਾਈਚਾਰੇ ਨਾਲ ਸੱਦੀ ਮੀਟਿੰਗ ਵਿਚ ਇਕ ਸਾਂਝੀ ਕਮੇਟੀ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ, ਜਿਸ ਵਿਚ 7 ਕਲਾਕਾਰ ਹੋਣਗੇ ਅਤੇ 7 ਹੀ ਕਿਸਾਨ ਨੁਮਾਇੰਦੇ ਹੋਣਗੇ। ਜਲਦ ਹੀ ਕਮੇਟੀ ਦੇ ਮੈਂਬਰ ਨਾਮਜ਼ਦ ਕੀਤੇ ਜਾਣਗੇ। ਮੀਟਿੰਗ ਵਿਚ ਕਲਾਕਾਰ ਭਾਈਚਾਰੇ ਵੱਲੋਂ ਦੀਪ ਸਿੱਧੂ, ਰੁਪਿੰਦਰ ਹਾਂਡਾ, ਸਿੱਪੀ ਗਿੱਲ, ਜੱਸ ਬਾਜਵਾ, ਹਰਫ ਚੀਮਾ ਸ਼ਾਮਲ ਹੋਏ। ਲੱਖਾ ਸਿਧਾਣਾ ਨੇ ਵੀ ਮੀਟਿੰਗ ਵਿਚ ਸ਼ਿਰਕਤ ਕੀਤੀ।
IF You Ate Today Thank A Farmer 🌾
A post shared by Mankirt Aulakh (ਔਲਖ) (@mankirtaulakh) on Sep 29, 2020 at 6:42am PDT
ਕਿਸਾਨ ਆਗੂਆਂ ਦੱਸਿਆ ਕਿ ਕਲਾਕਾਰਾਂ ਨੇ ਉਨ੍ਹਾਂ ਦੀ ਆਵਾਜ਼ ਬਣਨ ਦਾ ਵਾਅਦਾ ਕੀਤਾ ਹੈ। ਅਦਾਕਾਰ ਦੀਪ ਸਿੱਧੂ ਨੇ ਕਿਹਾ ਕਿ ਕਲਾਕਾਰਾਂ ਦੀ ਸਮਾਜ ਪ੍ਰਤੀ ਇਕ ਜ਼ਿੰਮੇਵਾਰੀ ਹੈ ਅਤੇ ਇਸੇ ਲਈ ਇੰਨੇ ਕਲਾਕਾਰ ਕਿਸਾਨ ਅੰਦੋਲਨ ਦਾ ਹਿੱਸਾ ਬਣ ਰਹੇ ਹਨ। ਸਿੱਪੀ ਗਿੱਲ ਨੇ ਕਿਹਾ ਕਿ ਉਨ੍ਹਾਂ ਕੋਲ ਜੋਸ਼ ਹੈ ਪਰ ਉਨ੍ਹਾਂ ਨੂੰ ਰਾਹ ਦਿਖਾਉਣ ਲਈ ਲੀਡਰਸ਼ਿਪ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚਾਉਣਗੇ।