ਪੰਜਾਬ ਵਾਸੀਆਂ ਲਈ ਵੱਡੇ ਖ਼ਤਰੇ ਦੀ ਘੰਟੀ, ਹੈਰਾਨ ਕਰ ਦੇਣ ਵਾਲੀ ਰਿਪੋਰਟ ਆਈ ਸਾਹਮਣੇ
Thursday, Jun 25, 2026 - 04:32 PM (IST)
ਮੋਗਾ (ਗੋਪੀ ਰਾਊਕੇ) : ਇਕ ਪਾਸੇ ਜਿੱਥੇ ਸਮੇਂ-ਸਮੇਂ 'ਤੇ ਪੰਜਾਬ 'ਤੇ ਰਾਜ ਕਰਨ ਵਾਲੀਆਂ ਸਰਕਾਰਾਂ ਵਲੋਂ ਹਰ ਵਰ੍ਹੇ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ਕਣਕ ਅਤੇ ਝੋਨੇ ਵਿਚੋਂ ਕੱਢ ਕੇ ਵਿਭੰਨਤਾ ਵਾਲੀਆਂ ਫ਼ਸਲਾਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕਰਨ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪ੍ਰੰਤੂ 1966 ਦੀ ਹਰੀ ਕ੍ਰਾਂਤੀ ਮਗਰੋਂ ਪੰਜਾਬ ਤੇ ਖਾਸਕਰ ਮੱਧ ਮਾਲਵਾ ਦੇ ਇਸ ਇਲਾਕੇ ਦੇ ਲੋਕਾਂ ਨੂੰ ਸਰਕਾਰਾਂ ਰਵਾਇਤੀ ਫ਼ਸਲੀ ਚੱਕਰ ਵਿਚੋਂ ਕੱਢਣ ’ਚ ’ਫ਼ੇਲ’ ਸਾਬਤ ਹੋਈਆ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ 2000 ਤੋਂ ਪਾਣੀ ਦੀ ਪੇਸ਼ ਆਉਣ ਲੱਗੀ ਕਿੱਲਤ ਮਗਰੋਂ ਡੂੰਘੇ ਬੋਰਾਂ ਵਾਲੀਆਂ ਮੋਟਰਾਂ ਦੇ ਭਾਵੇਂ ਸਬਮਰਸੀਬਲ ਪੰਪ ਲਗਾ ਕੇ ਕਿਸਾਨਾਂ ਨੇ ਬਦਲਵਾਂ ਪ੍ਰਬੰਧ ਕਰ ਲਿਆ ਹੈ ਪ੍ਰੰਤੂ ਸੂਬੇ ਵਿਚ 14 ਲੱਖ ਤੋਂ ਵਧੇਰੇ ਲੱਗੀਆਂ ਖ਼ੇਤੀ ਮੋਟਰਾਂ ਵਿਚੋਂ ਅੰਨ੍ਹੇਵਾਹ ਨਿਕਲ ਰਿਹਾ ਪਾਣੀ ਪੰਜਾਬ ਨੂੰ ’ਬੰਜਰ’ ਬਣਾਉਣ ਵੱਲ ਵਧਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੀਟਰ ਰੀਡਰਾਂ ਦੀ ਹੜਤਾਲ, ਘਰੇਲੂ ਖਪਤਕਾਰਾਂ ਨੂੰ ਭੇਜੇ ਗਏ ਅੰਦਾਜ਼ਨ ਬਿੱਲ
ਸੂਤਰ ਦੱਸਦੇ ਹਨ ਕਿ ਮੋਗਾ ਜ਼ਿਲ੍ਹੇ ਵਿਚ ਅੱਜ ਤੋਂ 10 ਸਾਲ ਪਹਿਲਾ ਜਦੋਂ ਸੇਵਾ ਮੁਕਤ ਖ਼ੇਤੀਬਾੜੀ ਮੁੱਖ ਅਫ਼ਸਰ ਡਾ ਜਸਵਿੰਦਰ ਸਿੰਘ ਬਰਾੜ, ਡਾ. ਕੁਲਦੀਪ ਸਿੰਘ ਬੁੱਟਰ, ਡਾ ਹਰਨੇਕ ਸਿੰਘ ਰੋਡੇ ਜਿਹੇ ਵਾਤਾਵਰਣ ਪ੍ਰੇਮੀ ਅਫ਼ਸਰ ਸਨ ਤਾਂ ਉਨ੍ਹਾਂ ਨੇ ਆਪਣੀ ਨੌਕਰੀ ਦੀ ਥਾਂ 'ਤੇ ਫਰਜ਼ ਸਮਝ ਕੇ ਜ਼ਿਲੇ ਦੇ ਕਿਸਾਨਾਂ ਨੂੰ ਫ਼ਸਲੀ ਵਿਭੰਨਤਾ ਦੇ ਰਾਹ ਤੋਰਿਆ ਤੇ ਵੱਡੇ ਪੱਧਰ 'ਤੇ ਜ਼ਿਲੇ ਦੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਵੀ ਕਰਨ ਲੱਗੇ ਸਨ ਪ੍ਰੰਤੂ ਹੁਣ ਖ਼ੇਤੀਬਾੜੀ ਵਿਭਾਗ ਤੋਂ ਜੋ ਵੇਰਵੇ ਪ੍ਰਾਪਤ ਹੋਏ ਹਨ ਉਸ ਅਨੁਸਾਰ ਸਮੁੱਚੇ ਰਕਬੇ ਵਿਚੋਂ ਬਹੁਤ ਨਿਗੂਣਾ ਰਕਬਾ ਹੀ ਸਿੱਧੀ ਬਿਜਾਈ ਨੂੰ ਤਰਜੀਹ ਦੇ ਰਿਹਾ ਹੈ। ਪਿਛਲੇ ਵਰ੍ਹੇ 2025 ਵਿਚ ਸਿਰਫ਼ 558 ਹੈਕਟੇਅਰ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਹੋਈ ਸੀ ਜਦੋਂਕਿ ਪਿਛਲੇ ਹਫ਼ਤੇ ਸ਼ਨੀਵਾਰ ਤੱਕ ਇਸ ਵਰ੍ਹੇ 2026 ਵਿਚ ਵੀ 670 ਹੈਕਟੇਅਰ ਰਕਬੇ ਵਿਚ ਹੀ ਸਿੱਧੀ ਬਿਜਾਈ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਪ੍ਰੀ-ਮਾਨਸੂਨ ਦੀ ਦਸਤਕ, ਇਨ੍ਹਾਂ ਤਾਰੀਖ਼ਾਂ ਤੋਂ ਸ਼ੁਰੂ ਹੋਵੇਗੀ ਬਰਸਾਤ
ਆਲੂਆਂ ਮਗਰੋਂ ਬਿਜਾਈ ਕੀਤੀ ਮੱਕੀ ਨੇ ਧਰਤੀ ਹੇਠਲਾ ਪਾਣੀ ਚੱਟਿਆ
ਪਤਾ ਲੱਗਾ ਹੈ ਕਿ ਰਵਾਇਤੀ ਫ਼ਸਲਾ ਦੀ ਥਾਂ ਤੇ ਝੋਨੇ ਤੋਂ ਪਹਿਲਾਂ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਭਾਵੇਂ ਕੁੱਝ ਆਰਥਿਕ ਹੁਲਾਰਾ ਤਾਂ ਮਿਲਿਆ ਹੈ ਪ੍ਰੰਤੂ ਮੱਕੀ ਨੇ ਵੀ ਧਰਤੀ ਹੇਠਲਾ ਪਾਣੀ ਚੱਟ ਦਿੱਤਾ ਹੈ। ਪਿੰਡ ਕਿਸ਼ਨਪੁਰਾ ਦਾਨੂੰਵਾਲ ਦੇ ਕਿਸਾਨ ਜਸਮੱਤ ਸਿੰਘ ਮੱਤਾ ਨੇ ਸੰਪਰਕ ਕਰਨ 'ਤੇ ਮੰਨਿਆ ਮੱਕੀ ਪਾਣੀ ਜ਼ਿਆਦਾ ਭਾਲਦੀ ਹੈ। ਉਨ੍ਹਾਂ ਕਿਹਾ ਕਿ ਪ੍ਰੰਤੂ ਮੂੰਗੀ ਦੀ ਫ਼ਸਲ ਮੀਂਹ ਦੇ ਦਿਨਾਂ ਵਿਚ ਖਰਾਬ ਹੋਣ ਕਰਕੇ ਕਿਸਾਨਾਂ ਨੇ ਮੱਕੀ ਦਾ ਰੁਖ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇੱਟਾਂ ਦੇ ਭਾਅ ਨੇ ਤੋੜੇ ਰਿਕਾਰਡ, ਪ੍ਰਤੀ ਹਜ਼ਾਰ ਇੱਟ ਦਾ ਮੁੱਲ ਸੁਣ ਲੱਗੇਗਾ ਝਟਕਾ
ਆਖਿਰਕਾਰ ਕਿਉ ਕਿਸਾਨਾਂ ਵਿਭਿੰਨਤਾ ਵਾਲੀ ਫ਼ਸਲ ਤੋਂ ਕੀਤੀ ’ਤੌਬਾ’
ਕਣਕ ਅਤੇ ਝੋਨੇ ਦੀ ਤਰ੍ਹਾਂ ਬਾਕੀ ਫ਼ਸਲਾ ਤੇ ਸਰਕਾਰੀ ਖ੍ਰੀਦ ਦੀ ਕੋਈ ਗਾਰੰਟੀ ਨਹੀਂ ਹੈ। ਇਸ ਵਰ੍ਹੇ ਕਿਸਾਨਾਂ ਨੇ ਆਲੂਆਂ ਤੇ ਮੂੰਗੀ ਦੀ ਫ਼ਸਲ ਵਿਚ ਵੱਡਾ ਨੁਕਸਾਨ ਝੱਲਿਆ ਹੈ। ਕਿਸਾਨਾਂ ਨੂੰ ਆਰਥਿਕ ਨੁਕਸਾਨ ਦਾ ਡਰ ਰਹਿੰਦਾ ਹੈ। ਸਬਜ਼ੀਆਂ, ਫ਼ਲ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਕੋਲਡ ਸਟੋਰੇਜ ਲੋੜੀਦੇ ਨਹੀਂ ਹਨ। ਮਾਰਕੀਟ ਵਿਚ ਵੀ ਅਨਿਸ਼ਚਿਤਾ ਹੁੰਦੀ ਹੈ। ਇੱਥੇ ਹੀ ਬੱਸ ਨਹੀਂ ਖ਼ੇਤੀਬਾੜੀ ਮਹਿਕਮੇ ਵਲੋਂ ਵੀ ਲੋੜੀਂਦੀ ਤਕਨੀਕੀ ਜਾਣਕਾਰੀ ਕਿਸਾਨਾਂ ਤੱਕ ਪੁੱਜਦੀ ਨਹੀਂ ਕੀਤੀ ਜਾਦੀ ਤੇ ਨਾਂ ਹੀ ਹਾਲੇ ਤੱਕ ਫ਼ਸਲ ਬੀਮਾ ਯੋਜਨਾ ਦਾ ਸਮੁੱਚੇ ਕਿਸਾਨਾਂ ਤੱਕ ਲਾਭ ਪੁੱਜਾ ਹੈ।
ਖ਼ੇਤੀਬਾੜੀ ਵਿਭਾਗ ਨੇ ਨਾਂ ਚਲਾਈ ਕੋਈ ਜਾਗਰੁਕਤਾ ਮੁਹਿੰਮ
ਇੱਥੇ ਇਹ ਜ਼ਿਕਰਯੋਗ ਹੈ ਕਿ ਇਕ ਦਹਾਕਾ ਝੋਨੇ ਦੀ ਫ਼ਸਲ ਤੋਂ ਪਹਿਲਾ ਜ਼ਿਲਾ ਖ਼ੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਬਦਲਵੀਆਂ ਫ਼ਸਲਾ ਦੀ ਕਾਸ਼ਤ ਕਰਨ ਤੇ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕਰਨ ਹਿੱਤ ਕਿਸਾਨਾਂ ਦੇ ਖ਼ੇਤਾਂ ਤੱਕ ਸਿੱਧੀ ਪਹੁੰਚ ਕੀਤੀ ਜਾਂਦੀ ਸੀ ਪ੍ਰੰਤੂ ਪਿਛਲੇ ਤੇ ਇਸ ਸਾਲ ਖ਼ੇਤੀਬਾੜੀ ਵਿਭਾਗ ਦੀ ਕੋਈ ਸਰਗਰਮੀ ਦੇਖਣ ਨੂੰ ਨਹੀਂ ਮਿਲੀ ਹੈ। ਜਿਸ ਕਰਕੇ ਕਿਸਾਨਾਂ ਨੇ ਆਪਣੇ ਪੱਧਰ ਤੇ ਸਿੱਧੀ ਬਿਜਾਈ ਦਾ ਰੁਖ ਕੀਤਾ ਹੈ।
ਚੂਹਿਆਂ ਨੇ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦਾ ਮੋਹ ਭੰਗ ਕੀਤਾ : ਜਗਦੀਪ ਸਿੰਘ ਬਰਾੜ
ਪਿੰਡ ਦੱਧਾਹੂਰ ਦੇ ਸਾਬਕਾ ਸਰਪੰਚ ਤੇ ਉੱਘੇ ਕਿਸਾਨ ਜਗਦੀਪ ਸਿੰਘ ਬਰਾੜ ਦਾ ਕਹਿਣਾ ਸੀ ਕਿ ਚੂਹਿਆਂ ਨੇ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦਾ ਮੋਹ ਭੰਗ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਦੀਨਾ ਦਾ ਹੱਲ ਤਾਂ ਕਿਸਾਨਾਂ ਵਲੋਂ ਸਪਰੇਅ ਰਾਹੀਂ ਕੀਤਾ ਜਾਂਦਾ ਪਰ ਚੂਹਿਆ ਦੇ ਨੁਕਸਾਨ ਨੇ ਕਿਸਾਨਾਂ ਦੇ ਹੱਥ ਖੜ੍ਹੇ ਕਰਾ ਦਿੱਤੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਲੱਗ ਗਏ ਵਾਧੂ ਨਾਕੇ, ਪੁਲਸ ਨੇ ਕੀਤੀ ਸਖ਼ਤੀ
ਹਰ ਵਾਰ ਦੀ ਤਰ੍ਹਾਂ ਨਾਂ ਚੁੱਕਿਆ ਮੁੱਖ ਖ਼ੇਤੀਬਾੜੀ ਅਫ਼ਸਰ ਨੇ ਫ਼ੋਨ
ਇਸੇ ਦੌਰਾਨ ਵਾਰ ਵਾਰ ਸੰਪਰਕ ਕਰਨ ਤੇ ਅੱਜ ਵੀ ਮੁੱਖ ਖ਼ੇਤੀਬਾੜੀ ਅਫ਼ਸਰ ਡਾ. ਅਮ੍ਰਿਤਪਾਲ ਸਿੰਘ ਨੇ ਫੋਨ ਨਹੀਂ ਚੁੱਕਿਆ ਤੇ ਨਾਂ ਹੀ ਮੈਸੇਜ ਦਾ ਕੋਈ ਜਵਾਬ ਦਿੱਤਾ ਜਿਸ ਕਰਕੇ ਉਨ੍ਹਾਂ ਨਾਲ ਡਾਰਕ ਜੋਨ ਐਲਾਨੇ ਜਾ ਚੁੱਕੇ ਮੋਗਾ ਜ਼ਿਲੇ ਦੇ ਬਲਾਕਾਂ ਵਿਚ ਲਗਾਤਾਰ ਡੁੰਘੇ ਹੋ ਰਹੇ ਪਾਣੀ ਨੂੰ ਬਚਾਉਣ ਖ਼ੇਤੀਬਾੜੀ ਵਿਭਾਗ ਵਲੋਂ ਚੁੱਕੇ ਜਾ ਰਹੇ ਕਦਮਾਂ ਸਬੰਧੀ ਗੱਲਬਾਤ ਨਹੀਂ ਸਕੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
