ਪੰਜਾਬੀਆਂ ਦੇ ਨਿਆਰੇ ਸ਼ੌਂਕ ਨੇ ਖਜ਼ਾਨੇ ਦੀ ਗੱਡੀ ਨੂੰ ਲਾਇਆ ਧੱਕਾ

Saturday, Jun 20, 2020 - 10:16 AM (IST)

ਪੰਜਾਬੀਆਂ ਦੇ ਨਿਆਰੇ ਸ਼ੌਂਕ ਨੇ ਖਜ਼ਾਨੇ ਦੀ ਗੱਡੀ ਨੂੰ ਲਾਇਆ ਧੱਕਾ

ਚੰਡੀਗੜ੍ਹ : ਅਕਸਰ ਕਿਹਾ ਜਾਂਦਾ ਹੈ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਗੱਲ ਜੇਕਰ ਪੰਜਾਬੀਆਂ ਦੀ ਕੀਤੀ ਜਾਵੇ ਤਾਂ ਆਪਣੇ ਨਿਆਰੇ ਸ਼ੌਂਕਾਂ ਲਈ ਪੰਜਾਬੀ ਪੂਰੀ ਦੁਨੀਆ 'ਚ ਮਸ਼ਹੂਰ ਹਨ। ਪੰਜਾਬੀ ਲੋਕਾਂ ਦੇ ਫੈਂਸੀ ਨੰਬਰਾਂ ਦੇ ਸ਼ੌਂਕ ਨੇ ਹੀ ਸੂਬੇ ਦੇ ਖਜ਼ਾਨੇ ਦੀ ਗੱਡੀ ਨੂੰ ਧੱਕਾ ਲਾਇਆ ਹੈ। ਇਕ ਅੰਦਾਜ਼ੇ ਮੁਤਾਬਕ ਪਿਛਲੇ 2 ਸਾਲਾਂ ਤੋਂ ਸਰਕਾਰੀ ਖਜ਼ਾਨੇ ਨੂੰ ਫੈਂਸੀ ਨੰਬਰਾਂ ਤੋਂ ਚੰਗੀ ਕਮਾਈ ਹੋਈ ਹੈ ਅਤੇ ਸਰਕਾਰ ਨੇ ਇਸ ਤੋਂ 42 ਕਰੋੜ ਰੁਪਏ ਕਮਾਏ ਹਨ।

ਪੁਰਾਣੇ ਰਜਿਸਟ੍ਰੇਸ਼ਨ ਨੰਬਰ (ਵਿੰਟੇਜ ਨੰਬਰ) ਸਾਲ 2017 ਤੋਂ ਬੰਦ ਹੋ ਗਏ ਹਨ, ਜਿਸ ਕਰਕੇ ਈ-ਨੀਲਾਮੀ 'ਚ ਨਵੇਂ ਨੰਬਰ ਮਹਿੰਗੇ ਵਿਕਣ ਲੱਗੇ ਹਨ। ਟਰਾਂਸਪੋਰਟ ਮਹਿਕਮੇ ਪੰਜਾਬ ਤੋਂ ਆਰ. ਟੀ. ਆਈ. 'ਚ ਪ੍ਰਾਪਤ ਵੇਰਵਿਆਂ ਮੁਤਾਬਕ ਬੀਤੇ 2 ਸਾਲਾਂ ਤੋਂ ਗੱਡੀਆਂ ਦੇ ਫੈਂਸੀ ਨੰਬਰਾਂ ਤੋਂ ਸਰਕਾਰੀ ਖਜ਼ਾਨੇ ਨੂੰ 41.48 ਕਰੋੜ ਦੀ ਆਮਦਨ ਹੋਈ ਹੈ, ਮਤਲਬ ਕਿ ਪੰਜਾਬੀ ਲੋਕ ਫੈਂਸੀ ਨੰਬਰਾਂ 'ਤੇ ਔਸਤਨ ਹਰ ਮਹੀਨੇ ਪੌਣੇ ਦੋ ਕਰੋੜ ਰੁਪਏ ਖਰਚਦੇ ਹਨ। ਰੋਜ਼ਾਨਾ ਦੀ ਔਸਤਨ ਪੌਣੇ 6 ਲੱਖ ਰੁਪਏ ਬਣਦੀ ਹੈ। ਸਰਕਾਰੀ ਸੂਚਨਾ ਮੁਤਾਬਕ ਫੈਂਸੀ ਨੰਬਰਾਂ ਤੋਂ ਸਾਲ 2018 'ਚ 16.41 ਕਰੋੜ ਰੁਪਏ ਅਤੇ ਸਾਲ 2019 'ਚ 25.07 ਕਰੋੜ ਦੀ ਆਮਦਨ ਹੋਈ ਹੈ। ਅਸਲ 'ਚ ਨਵੀਂ ਪੀੜ੍ਹੀ ਫੈਂਸੀ ਨੰਬਰਾਂ ਲਈ ਜ਼ਿਆਦਾ ਪੱਬਾਂ ਭਾਰ ਹੁੰਦੀ ਹੈ ਪਰ ਕੋਵਿਡ ਕਰਕੇ ਹੁਣ ਫੈਂਸੀ ਨੰਬਰਾਂ ਦਾ ਕੰਮ ਘਟਿਆ ਹੈ।


author

Babita

Content Editor

Related News