ਪੰਜਾਬੀ ਦੇ ਖੂਨ ਨਾਲ ਫਿਰ ਲਾਲ ਹੋਈ ਮਨੀਲਾ ਦੀ ਧਰਤੀ, ਬੇਰਹਿਮੀ ਨਾਲ ਹੋਇਆ ਕਤਲ
02/14/2017 5:13:19 PM
ਜਲੰਧਰ (ਪ੍ਰੀਤ) : ਮਨੀਲਾ ਦੀ ਧਰਤੀ ਦਾ ਪੰਜਾਬੀਆਂ ਦੇ ਖੂਨ ਨਾਲ ਲਾਲ ਹੋਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਰੋਜ਼ਾਨਾ ਉੱਥੇ ਕਿਸੇ ਨਾ ਕਿਸੇ ਪੰਜਾਬੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਕਰੀਬ 40 ਸਾਲ ਤੋਂ ਮਨੀਲਾ ਵਿਚ ਰਹਿ ਰਹੇ ਭਗਵੰਤ ਬਾਂਸਲ ਦਾ ਸੋਮਵਾਰ ਸਵੇਰੇ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਭਗਵੰਤ ਰਾਏ ਬਾਂਸਲ ਦਾ ਪਰਿਵਾਰ ਜਲੰਧਰ ਦੇ ਗਰੀਨ ਪਾਰਕ ਇਲਾਕੇ ਵਿਚ ਰਹਿ ਰਿਹਾ ਹੈ। ਸਵੇਰੇ 9.45 ਵਜੇ ਫੋਨ ''ਤੇ ਵਾਰਦਾਤ ਦੀ ਸੂਚਨਾ ਤੋਂ ਬਾਅਦ ਪਰਿਵਾਰ ਸਦਮੇ ਵਿਚ ਹੈ। ਪਰਿਵਾਰ ਵਾਲਿਆਂ ਵਲੋਂ ਭਗਵੰਤ ਰਾਏ ਬਾਂਸਲ ਦੀ ਲਾਸ਼ ਭਾਰਤ ਲਿਆਉਣ ਲਈ ਰਸਮਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਘਰ ਵਿਚ ਮੌਜੂਦ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਹਿਲਾਂ ਤਾਂ ਬਾਂਸਲ ਦੀ ਪਤਨੀ ਰੀਟਾ ਬਾਂਸਲ ਵੀ ਉਥੇ ਹੀ ਸੀ ਪਰ ਕਰੀਬ 20 ਸਾਲ ਪਹਿਲਾਂ ਉਹ ਬੱਚਿਆਂ ਨਾਲ ਇਥੇ ਰਹਿਣ ਲੱਗੀ। ਬਾਂਸਲ ਮਨੀਲਾ ਵਿਚ ਫਾਈਨਾਂਸ ਦਾ ਕਾਰੋਬਾਰ ਕਰਦੇ ਸਨ। ਪਤਾ ਲੱਗਾ ਹੈ ਕਿ ਸੋਮਵਾਰ ਸਵੇਰੇ ਜਦੋਂ ਉਹ ਘਰੋਂ ਕੰਮ ਲਈ ਨਿਕਲੇ ਤਾਂ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਬਾਂਸਲ ਆਪਣੇ ਪਿੱਛੇ ਪਤਨੀ, 3 ਲੜਕੀਆਂ ਅਤੇ 2 ਲੜਕੇ ਛੱਡ ਗਏ ਹਨ।