ਕੈਨੇਡਾ ਗਏ ਨੌਜਵਾਨ ਦੀ ਮੌਤ, ਪਰਿਵਾਰ ਕਰ ਰਿਹਾ ਸੀ ਵਿਆਹ ਦੀਆਂ ਤਿਆਰੀਆਂ

10/16/2018 8:24:29 AM

ਬਰੈਂਪਟਨ(ਏਜੰਸੀ)— ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਮ ਸਿੰਘ ਵਜੋਂ ਕੀਤੀ ਗਈ ਹੈ ਜੋ ਕਿ ਬਲਾਕ ਸ਼ਹਿਣਾ ਦੇ ਪਿੰਡ ਰਾਮਗੜ੍ਹ ਦਾ ਰਹਿਣ ਵਾਲਾ ਸੀ। ਇਹ ਮਨਹੂਸ ਖਬਰ ਮਿਲਦਿਆਂ ਹੀ ਪਰਿਵਾਰ 'ਚ ਸੋਗ ਦੀ ਲਹਿਰ ਫੈਲ ਗਈ । ਰਾਮ ਸਿੰਘ ਪੁੱਤਰ ਹਮੀਰ ਸਿੰਘ ਦੀ ਉਮਰ 34 ਸਾਲ ਸੀ ਅਤੇ ਉਹ 7 ਸਾਲ ਪਹਿਲਾਂ ਆਪਣੇ ਪਰਿਵਾਰ ਦੀ ਮਾੜੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਆਪਣੇ ਭੂਆ ਅਤੇ ਫੁੱਫੜ ਕੋਲ ਕੈਨੇਡਾ ਚਲਾ ਗਿਆ ਸੀ। ਪਰਿਵਾਰ ਵਾਲੇ ਉਸ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ ਕਿਉਂਕਿ ਕੁੱਝ ਮਹੀਨਿਆਂ ਤਕ ਉਸ ਨੇ ਪੰਜਾਬ ਆਉਣਾ ਸੀ। ਪਰਿਵਾਰ ਦੀਆਂ ਸਾਰੀਆਂ ਆਸਾਂ-ਉਮੀਦਾਂ ਉਸ ਸਮੇਂ ਟੁੱਟ ਗਈਆਂ ਜਦ ਕੈਨੇਡਾ ਤੋਂ ਉਨ੍ਹਾਂ ਨੂੰ ਇਹ ਮਨਹੂਸ ਖਬਰ ਮਿਲੀ।


ਮ੍ਰਿਤਕ ਰਾਮ ਸਿੰਘ ਦੇ ਨਜ਼ਦੀਕੀ ਦੋਸਤਾਂ ਨੇ ਦੱਸਿਆ ਕਿ ਆਪਣੇ ਪਰਿਵਾਰ ਦੀ ਮਾੜੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਉਹ ਜੱਦੋ-ਜਹਿਦ ਕਰ ਰਿਹਾ ਸੀ ਅਤੇ ਜਦ ਹੁਣ ਉਸ ਦੇ ਘਰ ਦੀ ਆਰਥਿਕ ਹਾਲਤ ਚੰਗੀ ਹੋ ਗਈ ਤਾਂ ਇਹ ਭਾਣਾ ਵਰਤ ਗਿਆ, ਜਿਸ ਨੇ ਪਰਿਵਾਰ ਨੂੰ ਬੁਰੀ ਤਰ੍ਹਾਂ ਨਾਲ ਹਿਲਾ ਕੇ ਰੱਖ ਦਿੱਤਾ ਹੈ। ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਉਹ ਆਪਣੇ ਕੰਮ ਤੋਂ ਵਾਪਸ ਆਉਂਦੇ ਸਮੇਂ ਮੈਨਸ਼ਨ ਰੋਡ ਬਰੈਂਪਟਨ ਵਿਖੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ ਨੇ ਉੱਥੇ ਹੀ ਦਮ ਤੋੜ ਦਿੱਤਾ। ਕੈਨੇਡਾ 'ਚ ਰਹਿੰਦੇ ਪੰਜਾਬੀ ਭਾਈਚਾਰੇ 'ਚ ਵੀ ਸੋਗ ਦੀ ਲਹਿਰ ਹੈ।


Related News