ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਬਾਂਹ ''ਚ ਲੱਗਿਆ ਮਿਲਿਆ ਟੀਕਾ
Monday, Oct 26, 2026 - 03:33 PM (IST)
ਬਠਿੰਡਾ (ਸੁਖਵਿੰਦਰ) : ਚਿੱਟੇ ਦੀ ਓਵਰਡੋਜ਼ ਨਾਲ ਪਰਸਰਾਮ ਨਗਰ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ। ਇੰਜੈਕਸ਼ਨ ਮ੍ਰਿਤਕ ਵਿਅਕਤੀ ਦੀ ਬਾਂਹ 'ਚ ਹੀ ਰਹਿ ਗਿਆ। ਜਾਣਕਾਰੀ ਅਨੁਸਾਰ ਨੌਜਵਾਨ ਵੈਲਫੇਅਰ ਸੁਸਾਇਟੀ ਨੂੰ ਬੀਤੀ ਰਾਤ ਸੂਚਨਾ ਮਿਲੀ ਕਿ ਇੱਕ ਨੌਜਵਾਨ ਗਲੀ ਨੰਬਰ-29 ਦੇ ਪਰਸਰਾਮ ਨਗਰ 'ਚ ਸੜਕ 'ਤੇ ਬੇਹੋਸ਼ ਪਿਆ ਹੈ। ਸੂਚਨਾ ਮਿਲਣ 'ਤੇ ਸੰਸਥਾ ਦੇ ਵਲੰਟੀਅਰ, ਸੁਮਿਤ ਮਹੇਸ਼ਵਰੀ, ਵਿਸ਼ਾਲ ਚੌਹਾਨ ਅਤੇ ਸਕਸ਼ਮ ਮਹੇਸ਼ਵਰੀ, ਐਂਬੂਲੈਂਸ ਲੈ ਕੇ ਮੌਕੇ 'ਤੇ ਪਹੁੰਚੇ।
ਨੌਜਵਾਨ ਦੀ ਬਾਂਹ 'ਚ ਨਸ਼ੇ ਦਾ ਟੀਕਾ ਲੱਗਿਆ ਹੋਇਆ ਸੀ ਅਤੇ ਉਹ ਮਰ ਚੁੱਕਾ ਸੀ। ਉਸਦੀ ਸਾਈਕਲ ਵੀ ਲਾਸ਼ ਦੇ ਕੋਲ ਹੀ ਖੜ੍ਹੀ ਸੀ। ਸੰਸਥਾ ਮੈਂਬਰਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਮ੍ਰਿਤਕ ਦੀ ਪਛਾਣ ਰਮੇਸ਼ ਕੁਮਾਰ (32) ਵਾਸੀ ਪਰਸਰਾਮ ਨਗਰ ਵਜੋਂ ਹੋਈ। ਮ੍ਰਿਤਕ ਵਿਆਹਿਆ ਹੋਇਆ ਸੀ। ਮੁੱਢਲੀ ਪੁਲਸ ਕਾਰਵਾਈ ਤੋਂ ਬਾਅਦ ਸੰਸਥਾ ਮੈਂਬਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ।
