ਪੰਜਾਬੀ ਭਾਸ਼ਾ ਨੂੰ ਉਤਸ਼ਾਹਤ ਕਰਨ ਲਈ ਕੈਪਟਨ ਨੇ ਦਿੱਤੇ ਕੈਬਨਿਟ ਮੰਤਰੀ ਚੰਨੀ ਨੂੰ ਇਹ ਨਿਰਦੇਸ਼

Thursday, Feb 20, 2020 - 01:25 PM (IST)

ਪੰਜਾਬੀ ਭਾਸ਼ਾ ਨੂੰ ਉਤਸ਼ਾਹਤ ਕਰਨ ਲਈ ਕੈਪਟਨ ਨੇ ਦਿੱਤੇ ਕੈਬਨਿਟ ਮੰਤਰੀ ਚੰਨੀ ਨੂੰ ਇਹ ਨਿਰਦੇਸ਼

ਜਲੰਧਰ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰਕ ਉਤਸਵਾਂ ਨੂੰ ਲੈ ਕੇ ਸੂਬੇ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਇਕ ਸਮੀਖਿਆ ਬੈਠਕ ਕੀਤੀ। ਇਸ 'ਚ ਉਨ੍ਹਾਂ ਨੇ ਚੰਨੀ ਨੂੰ ਨਿਰਦੇਸ਼ ਦਿੱਤੇ ਕਿ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਸੱਭਿਆਚਾਰਕ ਉਤਸਵ ਪੂਰੇ ਪੰਜਾਬ 'ਚ ਆਯੋਜਿਤ ਕੀਤੇ ਜਾਣ। ਉਨ੍ਹਾਂ ਚੰਨੀ ਕੋਲੋਂ ਪੁੱਛਿਆ ਕਿ ਸੱਭਿਆਚਾਰਕ ਉਤਸਵਾਂ ਨੂੰ ਆਯੋਜਿਤ ਕਰਨ ਲਈ ਉਨ੍ਹਾਂ ਦੇ ਵਿਭਾਗ ਵੱਲੋਂ ਕਿਹੜੇ ਕੰਮ ਕੀਤੇ ਜਾ ਰਹੇ ਹਨ? ਜਵਾਬ 'ਚ ਚੰਨੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦਾ ਵਿਭਾਗ ਯਤਨਸ਼ੀਲ ਹੈ ਅਤੇ ਵਿਭਾਗ ਵੱਲੋਂ ਵੱਖ-ਵੱਖ ਸੱਭਿਆਚਾਰਕ ਉਤਸਵਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਦੇ ਇਤਿਹਾਸ ਅਤੇ ਸੱਭਿਅਤਾ ਦੀ ਜਾਣਕਾਰੀ ਨਵੀਂ ਪੀੜ੍ਹੀ ਤੱਕ ਪਹੁੰਚਾਏ ਜਾਣ ਦੀ ਲੋੜ ਹੈ। ਇਸ ਲਈ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਆਪਣੇ ਸੱਭਿਆਚਾਰਕ ਪ੍ਰੋਗਰਾਮ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ 'ਚ ਵੀ ਆਯੋਜਿਤ ਕਰਨੇ ਚਾਹੀਦੇ ਹਨ। ਪੰਜਾਬੀਅਤ ਨੂੰ ਹੱਲਾਸ਼ੇਰੀ ਦੇਣ ਦੀ ਲੋੜ ਹੈ। ਇਸ ਲਈ ਸਰਕਾਰ ਵੀ ਆਪਣੇ ਪੱਧਰ 'ਤੇ ਮਾਂ ਬੋਲੀ ਪੰਜਾਬੀ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਕਦਮ ਚੁੱਕੇਗੀ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ 'ਤੇ ਪੰਜਾਬੀ ਸੱਭਿਆਚਾਰ ਨੂੰ ਹੱਲਾਸ਼ੇਰੀ ਦੇਣ ਦੇ ਹੱਕ 'ਚ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਸਾਡੇ ਪੰਜਾਬੀ ਬੱਚਿਆਂ ਨੇ ਵਿਦੇਸ਼ਾਂ ਵਲ ਰੁਖ ਕੀਤਾ ਹੋਇਆ ਹੈ, ਨੂੰ ਵੇਖਦਿਆਂ ਆਉਣ ਵਾਲੇ ਸਮੇਂ 'ਚ ਨਵੀਂ ਪੀੜ੍ਹੀ ਨੂੰ ਤਾਂ ਪੰਜਾਬੀ ਸੱਭਿਆਚਾਰ ਬਾਰੇ ਪਤਾ ਹੀ ਨਹੀਂ ਹੋਵੇਗਾ। ਕਾਂਗਰਸ ਸਰਕਾਰ ਨੇ ਵਿਦੇਸ਼ਾਂ 'ਚ ਰਹਿੰਦੇ ਬੱਚਿਆਂ ਦੇ ਗਰੁੱਪਾਂ ਨੂੰ ਪੰਜਾਬ 'ਚ ਸੱਦਣ ਦਾ ਫੈਸਲਾ ਕੀਤਾ ਹੈ। ਇਸ ਦਾ ਇਕੋ-ਇਕ ਮੰਤਵ ਬੱਚਿਆਂ ਨੂੰ ਪੰਜਾਬ ਤੇ ਪੰਜਾਬੀ ਬਾਰੇ ਜਾਣਕਾਰੀ ਦੇਣਾ ਹੈ।


author

shivani attri

Content Editor

Related News