ਪੰਜਾਬੀ ਭਾਸ਼ਾ ਦਾ ਰਾਜ ''ਚ ਪਹਿਲਾ ਸਥਾਨ ਯਕੀਨੀ ਬਣਾਵੇ ਸਰਕਾਰ : ਸੰਤ ਹਰਨਾਮ ਸਿੰਘ ਖ਼ਾਲਸਾ

10/31/2017 6:45:37 AM

ਫ਼ਤਿਹਗੜ੍ਹ ਸਾਹਿਬ(ਜਗਦੇਵ)-ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਹੀ ਪੰਜਾਬੀ ਮਾਂ ਬੋਲੀ ਨੂੰ ਦਰਕਿਨਾਰ ਕਰਨ ਪ੍ਰਤੀ ਰੋਸ ਅਤੇ ਦੁੱਖ ਪ੍ਰਗਟ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪੰਜਾਬੀ ਭਾਸ਼ਾ ਨੂੰ ਰਾਜ ਵਿਚ ਪਹਿਲਾ ਸਥਾਨ ਯਕੀਨੀ ਬਣਾਉਣ ਪ੍ਰਤੀ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਇਕ ਮੁਕੰਮਲ ਅਮੀਰ ਭਾਸ਼ਾ ਹੈ, ਜਿਸ ਦੀ ਆਪਣੀ ਵੱਖਰੀ ਲਿਪੀ, ਆਪਣੀ ਮੁਹਾਰਨੀ ਅਤੇ ਉਚਾਰਨ ਸ਼ੈਲੀ ਹੈ, ਜੋ ਹੋਰਨਾਂ ਭਾਸ਼ਾਵਾਂ ਨਾਲੋਂ ਆਪਣੀ ਵਿਲੱਖਣਤਾ ਨੂੰ ਦਰਸਾਉਂਦੀ ਹੈ। ਗੁਰੂ ਸਾਹਿਬਾਨ ਨੇ ਇਸ ਸਦੀਆਂ ਪੁਰਾਣੀ ਬੋਲੀ ਨੂੰ ਪ੍ਰਫੁੱਲਿਤ ਕਰਦਿਆਂ ਆਪਣੀ ਇਸੇ ਮਾਂ ਬੋਲੀ 'ਚ ਗੁਰਬਾਣੀ ਉਚਾਰਨ ਕੀਤੀ ਅਤੇ ਲੋਕਾਂ ਨੂੰ ਉਪਦੇਸ਼ ਦਿੱਤਾ। ਗੁਰੂ ਸਾਹਿਬਾਨ ਨੇ ਦੇਸ਼-ਵਿਦੇਸ਼ ਵਿਚ ਵਿਚਰਦੇ ਵਕਤ ਲੋੜ ਅਨੁਸਾਰ ਸਥਾਨਕ ਬੋਲੀਆਂ ਨੂੰ ਵੀ ਸਥਾਨ ਦਿੱਤਾ ਪਰ ਆਪਣੀ ਮਾਂ ਬੋਲੀ ਪੰਜਾਬੀ ਦਾ ਪੱਲਾ ਕਦੀ ਨਹੀਂ ਛੱਡਿਆ। 
ਉਨ੍ਹਾਂ ਕਿਹਾ ਕਿ ਹੋਰ ਭਾਸ਼ਾਵਾਂ ਦਾ ਗਿਆਨ ਚੰਗੀ ਗੱਲ ਹੈ ਪਰ ਆਪਣੀ ਮਾਂ ਬੋਲੀ ਨੂੰ ਉਚਿਤ ਸਨਮਾਨ ਨਾ ਦੇਣਾ ਅਨਿਆਂ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਤਾਂ ਪੰਜਾਬੀ ਭਾਸ਼ਾ ਨੂੰ ਬਣਦਾ ਸਥਾਨ ਮਿਲ ਰਿਹਾ ਹੈ ਪਰ ਪੰਜਾਬ ਦੀ ਧਰਤੀ 'ਤੇ ਸਰਕਾਰਾਂ ਪੰਜਾਬੀ ਭਾਸ਼ਾ ਪ੍ਰਤੀ ਅਵੇਸਲੀਆਂ ਹੀ ਨਹੀਂ ਸਗੋਂ ਪੰਜਾਬ ਰਾਜ ਭਾਸ਼ਾ ਐਕਟ 1967 ਅਤੇ ਪੰਜਾਬ ਰਾਜ ਭਾਸ਼ਾ (ਸੋਧ) ਐਕਟ 2008 ਦੀ ਉਲੰਘਣਾ ਕਰਨ 'ਚ ਵੀ ਲੱਗੀਆਂ ਹਨ। ਅਖੀਰ 'ਚ ਉਨ੍ਹਾਂ ਪੰਜਾਬ ਰਾਜ ਭਾਸ਼ਾ ਐਕਟ ਨੂੰ ਸਰਕਾਰੀ ਅਦਾਰਿਆਂ ਵਿਚ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਪੰਜਾਬ 'ਚ ਮਾਂ ਬੋਲੀ ਪੰਜਾਬੀ ਨਾਲ ਹੋ ਰਹੇ ਵਿਤਕਰੇ ਤੇ ਅਨਿਆਂ ਖ਼ਿਲਾਫ਼ ਪੰਜਾਬੀ ਹਿਤੈਸ਼ੀਆਂ ਵੱਲੋਂ ਆਰੰਭੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਪਿਛਲੇ ਦਿਨੀਂ ਮਾਂ ਬੋਲੀ ਪੰਜਾਬੀ ਨੂੰ ਬਣਦਾ ਸਥਾਨ ਦਿਵਾਉਣ ਲਈ ਸੰਘਰਸ਼ ਕਰ ਰਹੇ ਨੌਜਵਾਨਾਂ 'ਤੇ ਬਠਿੰਡਾ ਪੁਲਸ ਵੱਲੋਂ ਦਰਜ ਕੇਸ ਤੁਰੰਤ ਖਤਮ ਕਰਨ ਦੀ ਵੀ ਸਰਕਾਰ ਨੂੰ ਅਪੀਲ ਕੀਤੀ। 


Related News