ਬੱਬੂ ਮਾਨ, ਸਿੱਧੂ ਮੂਸੇ ਵਾਲਾ ਦੀ ਲੜਾਈ ਤੋਂ ਲੈ ਕੇ ਦਿਲਪ੍ਰੀਤ-ਅੰਬਰ ਦੇ ਵਿਆਹ ਤਕ, ਇਹ ਰਹੇ ਸਾਲ 2020 ਦੇ ਵੱਡੇ ਵਿਵਾਦ

12/31/2020 3:40:48 PM

ਸਾਲ 2020 ਦੇ ਖਤਮ ਹੋਣ ’ਚ ਕੁਝ ਦਿਨ ਹੀ ਬਾਕੀ ਹਨ। ਇਸ ਸਾਲ ਵੀ ਪੰਜਾਬੀ ਕਲਾਕਾਰ ਆਪਣੇ ਵਿਵਾਦਾਂ ਕਾਰਨ ਚਰਚਾ ’ਚ ਰਹੇ। ਉਂਝ ਇਸ ਸਾਲ ਅਣਗਿਣਤ ਵਿਵਾਦ ਦੇਖਣ ਨੂੰ ਮਿਲੇ ਪਰ ਇਸ ਖ਼ਬਰ ’ਚ ਅਸੀਂ ਤੁਹਾਨੂੰ ਉਨ੍ਹਾਂ ਵੱਡੇ ਵਿਵਾਦਾਂ ਬਾਰੇ ਦੱਸਣ ਜਾ ਰਹੇ ਹਨ, ਜੋ ਕਈ ਦਿਨਾਂ ਤੇ ਮਹੀਨਿਆਂ ਤਕ ਸੁਰਖ਼ੀਆਂ ’ਚ ਰਹੇ–

1. ਸਿੱਧੂ ਮੂਸੇ ਵਾਲਾ

ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਬੀਤੇ ਕੁਝ ਸਾਲਾਂ ਤੋਂ ਵਿਵਾਦਾਂ ’ਚ ਹੈ ਤੇ ਇਸ ਸਾਲ ਵੀ ਸਿੱਧੂ ਦੇ ਕਈ ਵਿਵਾਦ ਸਾਹਮਣੇ ਆਏ। ਸਿੱਧੂ ਦਾ ਸਭ ਤੋਂ ਵੱਡਾ ਵਿਵਾਦ ਬੱਬੂ ਮਾਨ ਨਾਲ ਰਿਹਾ, ਜਿਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੋ ਧੜਿਆਂ ’ਚ ਵੰਡ ਦਿੱਤਾ। ਕੁਝ ਕਲਾਕਾਰਾਂ ਨੇ ਸਿੱਧੂ ਦਾ ਸਾਥ ਦਿੱਤਾ ਤਾਂ ਕੁਝ ਨੇ ਬੱਬੂ ਮਾਨ ਦਾ। ਬੱਬੂ ਮਾਨ ਤੋਂ ਇਲਾਵਾ ਸਿੱਧੂ ਮੂਸੇ ਵਾਲਾ ਦਾ ਆਪਣੇ ਗੀਤ ‘ਸੰਜੂ’ ਨੂੰ ਲੈ ਕੇ ਵੀ ਵਿਵਾਦ ਚੱਲਦਾ ਰਿਹਾ। ਇਸ ਗੀਤ ’ਤੇ ਵੱਡਾ ਵਿਰੋਧ ਵਕੀਲ ਭਾਈਚਾਰੇ ਨੇ ਕੀਤਾ। ਵਿਵਾਦਿਤ ਏ. ਕੇ. 47 ਚਲਾਉਂਦਿਆਂ ਦੀ ਵੀਡੀਓ ਕਰਕੇ ਵੀ ਸਿੱਧੂ ਨੂੰ ਕਈ ਕਾਨੂੰਨੀ ਕੇਸਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਸਿੱਧੂ ਦੇ ਵਕੀਲ ਦੀ ਬਾਅਦ ’ਚ ਸਟੇਟਮੈਂਟ ਆਈ ਕਿ ਜੋ ਏ. ਕੇ. 47 ਸਿੱਧੂ ਵਲੋਂ ਚਲਾਈ ਗਈ ਹੈ, ਉਹ ਇਕ ਟੌਏ ਗੰਨ ਹੈ। ਉਥੇ ਸਿੱਧੂ ਦਾ ਜੱਸੀ ਜਸਰਾਜ, ਮਨਿੰਦਰ ਬਾਠ, ਸੰਨੀ ਮਾਲਟਨ ਤੇ ਬਿੱਗ ਬਰਡ ਨਾਲ ਵੀ ਵਿਵਾਦ ਦੇਖਣ ਨੂੰ ਮਿਲਦਾ ਰਿਹਾ।

PunjabKesari

2. ਦਿਲਪ੍ਰੀਤ ਢਿੱਲੋਂ-ਅੰਬਰ ਧਾਲੀਵਾਲ

ਸਾਲ ਦੇ ਸਭ ਤੋਂ ਵੱਡੇ ਵਿਵਾਦਾਂ ’ਚ ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਦਾ ਵਿਵਾਦ ਵੀ ਮੁੱਖ ਹੈ। ਦੋਵਾਂ ਦਾ ਵਿਵਾਦ ਉਦੋਂ ਸਾਹਮਣੇ ਆਇਆ, ਜਦੋਂ ਦਿਲਪ੍ਰੀਤ ਦੀ ਪਤਨੀ ਅੰਬਰ ਵਲੋਂ ਉਸ ’ਤੇ ਗੰਭੀਰ ਇਲਜ਼ਾਮ ਲਗਾਏ ਗਏ। ਦੋਵਾਂ ਦਾ ਨਿੱਜੀ ਵਿਵਾਦ ਸੋਸ਼ਲ ਮੀਡੀਆ ’ਤੇ ਆਉਣ ਤੋਂ ਬਾਅਦ ਜਨਤਕ ਹੋ ਗਿਆ। ਜਿਥੇ ਦਿਲਪ੍ਰੀਤ ਢਿੱਲੋਂ ਵਲੋਂ ਖ਼ੁਦ ’ਤੇ ਲੱਗੇ ਦੋਸ਼ਾਂ ਦਾ ਸਪੱਸ਼ਟੀਕਰਨ ਲਾਈਵ ਵੀਡੀਓ ਰਾਹੀਂ ਦਿੱਤਾ ਗਿਆ, ਉਥੇ ਅੰਬਰ ਧਾਲੀਵਾਲ ਨੇ ਵੀ ਲਾਈਵ ਵੀਡੀਓ ਦੌਰਾਨ ਆਪਣੇ ਰਿਸ਼ਤੇ ’ਤੇ ਗੱਲਬਾਤ ਕੀਤੀ। ਹਾਲਾਂਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਦੋਵਾਂ ਨੂੰ ਨਿੱਜੀ ਮਾਮਲਾ ਮਿਲ-ਬੈਠ ਕੇ ਸੁਲਝਾਉਣ ਦੀ ਸਲਾਹ ਦਿੱਤੀ ਤੇ ਦੋਵਾਂ ਦੇ ਮੁੜ ਇਕੱਠੇ ਹੋਣ ਦੀ ਅਰਦਾਸ ਵੀ ਕੀਤੀ।

PunjabKesari

3. ਰਣਜੀਤ ਬਾਵਾ

ਲੌਕਡਾਊਨ ’ਚ ਕੱਢੇ ਆਪਣੇ ਗੀਤ ‘ਮੇਰਾ ਕੀ ਕਸੂਰ’ ਨਾਲ ਰਣਜੀਤ ਬਾਵਾ ਵਿਵਾਦਾਂ ’ਚ ਘਿਰੇ। ਇਹ ਗੀਤ ਰਣਜੀਤ ਬਾਵਾ ਵਲੋਂ ਗਾਇਆ ਗਿਆ ਸੀ, ਜਿਸ ਦੇ ਬੋਲ ਬੀਰ ਸਿੰਘ ਨੇ ਲਿਖੇ। ਗੀਤ ਦੇ ਬੋਲਾਂ ਨੂੰ ਲੈ ਕੇ ਵੱਖ-ਵੱਖ ਧਰਮਾਂ ਦੇ ਸੰਗਠਨਾਂ ਵਲੋਂ ਰਣਜੀਤ ਬਾਵਾ ਦਾ ਵਿਰੋਧ ਹੋਣ ਲੱਗ ਗਿਆ। ਜਦੋਂ ਗੀਤ ’ਤੇ ਵਿਰੋਧ ਵਧਿਆ ਤਾਂ ਰਣਜੀਤ ਬਾਵਾ ਨੂੰ ਮੁਆਫੀ ਮੰਗਣੀ ਪਈ, ਜਿਸ ਤੋਂ ਬਾਅਦ ਵਿਵਾਦ ਥੋੜ੍ਹਾ ਠੰਡਾ ਹੋਇਆ ਪਰ ਇਸ ਗੀਤ ਦੇ ਗੀਤਕਾਰ ਬੀਰ ਸਿੰਘ ਆਪਣੇ ਸਟੈਂਡ ’ਤੇ ਖੜ੍ਹੇ ਰਹੇ ਤੇ ਉਨ੍ਹਾਂ ਨੇ ਮੁਆਫੀ ਨਹੀਂ ਮੰਗੀ।

PunjabKesari

4. ਟਿਕਟਾਕ ਸਟਾਰ ਨੂਰ ਦੀ ਟੀਮ

ਲੌਕਡਾਊਨ ’ਚ ਸਭ ਦਾ ਮਨੋਰੰਜਨ ਕਰਨ ਵਾਲੀ ਟਿਕਟਾਕ ਸਟਾਰ ਨੂਰ ਤੇ ਉਸ ਦੀ ਟੀਮ ਸੰਦੀਪ ਤੂਰ ਤੇ ਵਰਣ ਨੇ ਲੱਖਾਂ ਲੋਕਾਂ ਨੂੰ ਆਪਣਾ ਮੁਰੀਦ ਬਣਾਇਆ। ਗੰਭੀਰ ਸਮੇਂ ਦੌਰਾਨ ਵੀ ਇਨ੍ਹਾਂ ਵਲੋਂ ਲੋਕਾਂ ਨੂੰ ਹਸਾਉਣ ’ਚ ਕੋਈ ਕਸਰ ਨਹੀਂ ਛੱਡੀ ਗਈ ਪਰ ਜਿਵੇਂ ਹੀ ਇਹ ਮਸ਼ਹੂਰ ਹੋਏ ਤਾਂ ਟੀਮ ’ਚ ਵੀ ਫਿੱਕ ਪੈ ਗਈ। ਨਤੀਜਾ ਇਹ ਰਿਹਾ ਕਿ ਨੂਰ ਨੂੰ ਕਿਸੇ ਹੋਰ ਨਾਲ ਵੀਡੀਓਜ਼ ਬਣਾਉਣੀਆਂ ਪਈਆਂ ਤੇ ਸੰਦੀਪ ਤੂਰ ਤੇ ਵਰਣ ਵੀ ਵੱਖ ਹੋ ਕੇ ਵੀਡੀਓਜ਼ ਬਣਾਉਣ ਲੱਗ ਪਏ। ਇਨ੍ਹਾਂ ਦੀ ਟੀਮ ’ਚ ਵਿਵਾਦ ਤੇ ਦਰਾੜ ਦਾ ਕਾਰਨ ਪੈਸਿਆਂ ਨੂੰ ਲੈ ਕੇ ਸ਼ੁਰੂ ਹੋਇਆ ਪਰ ਕੁਝ ਸਮੇਂ ਬਾਅਦ ਨੂਰ, ਸੰਦੀਪ ਤੇ ਵਰਣ ਮੁੜ ਇਕੱਠੇ ਹੋ ਗਏ।

PunjabKesari

5. ਗੋਲਡੀ ਪੀ. ਪੀ. ਤੇ ਪੁਨੀਤ ਪੀ. ਪੀ.

ਕੋਰੋਨਾ ਵਾਇਰਸ ਦੇ ਚਲਦਿਆਂ ਲੋੜਵੰਦਾਂ ਦੀ ਮਦਦ ਕਰਕੇ ਗੋਲਡੀ ਪੀ. ਪੀ. ਤੇ ਪੁਨੀਤ ਪੀ. ਪੀ. ਨੇ ਥੋੜ੍ਹੇ ਸਮੇਂ ’ਚ ਵੱਡਾ ਨਾਂ ਕਮਾਇਆ। ਹਾਲਾਂਕਿ ਨਾਂ ਕਮਾਉਣ ਦੇ ਨਾਲ-ਨਾਲ ਇਨ੍ਹਾਂ ਦੋਵਾਂ ’ਤੇ ਗੰਭੀਰ ਇਲਜ਼ਾਮ ਵੀ ਲੱਗੇ। ਵੱਖ-ਵੱਖ ਲੋਕਾਂ ਵਲੋਂ ਇਹ ਕਿਹਾ ਗਿਆ ਕਿ ਗੋਲਡੀ ਤੇ ਪੁਨੀਤ ਪੈਸਿਆਂ ਦੀ ਹੇਰਾ–ਫੇਰੀ ਕਰਦੇ ਹਨ। ਬਘੇਲ ਸਿੰਘ ਨਾਂ ਦੇ ਸ਼ਖਸ ਵਲੋਂ ਇਸ ਮੁੱਦੇ ਨੂੰ ਵੱਡੇ ਪੱਧਰ ’ਤੇ ਉਜਾਗਰ ਕੀਤਾ ਗਿਆ। ਵਾਰ-ਵਾਰ ਹਿਸਾਬ ਮੰਗਣ ਤੋਂ ਬਾਅਦ ਵੀ ਜਦੋਂ ਕੋਈ ਸਪੱਸ਼ਟੀਕਰਨ ਸਾਹਮਣੇ ਨਹੀਂ ਆਇਆ ਤਾਂ ਲੋਕਾਂ ਦਾ ਭਰੋਸਾ ਵੀ ਇਨ੍ਹਾਂ ਦੋਵਾਂ ਤੋਂ ਟੁੱਟਣ ਲੱਗਾ। ਹਾਲਾਂਕਿ ਜਦੋਂ ਮਾਮਲਾ ਥੋੜ੍ਹਾ ਠੰਡਾ ਹੋਇਆ ਤਾਂ ਪਹਿਲਾਂ ਪੁਨੀਤ ਪੀ. ਪੀ. ਤੇ ਫਿਰ ਗੋਲਡੀ ਪੀ. ਪੀ. ਵਲੋਂ ਹਿਸਾਬ ਦਿੱਤਾ ਗਿਆ।

PunjabKesari

6. ਗੁਰਦਾਸ ਮਾਨ

ਪਿਛਲੇ ਸਾਲ ਗੁਰਦਾਸ ਮਾਨ ਵਲੋਂ ਪੰਜਾਬੀ ਭਾਸ਼ਾ ਨੂੰ ਦਿੱਤੇ ਗਏ ਬਿਆਨ ਤੇ ਲਾਈਵ ਸ਼ੋਅ ਦੌਰਾਨ ਕੱਢੀ ਗਾਲ੍ਹ ਨੂੰ ਲੈ ਕੇ ਲੋਕਾਂ ਦੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਲੋਕਾਂ ਦਾ ਵਿਰੋਧ ਤੇ ਗੁੱਸਾ ਗੁਰਦਾਸ ਮਾਨ ਲਈ ਇੰਨਾ ਵੱਧ ਗਿਆ ਕਿ ਅੱਜ ਤਕ ਉਨ੍ਹਾਂ ’ਚ ਗੁਰਦਾਸ ਮਾਨ ਲਈ ਰੋਸ ਦੇਖਣ ਨੂੰ ਮਿਲ ਰਿਹਾ ਹੈ। ਇਸ ਸਾਲ ਜਦੋਂ ਗੁਰਦਾਸ ਮਾਨ ਆਪਣਾ ਜਨਮਦਿਨ ਮਨਾਉਣ ਅੰਮ੍ਰਿਤਸਰ ਪੁੱਜੇ ਤਾਂ ਉਥੇ ਸਿੱਖਾਂ ਵਲੋਂ ਕਾਲੀਆਂ ਝੰਡੀਆਂ ਨਾਲ ਗੁਰਦਾਸ ਮਾਨ ਦਾ ਵਿਰੋਧ ਕੀਤਾ ਗਿਆ। ਇਹੀ ਨਹੀਂ ਹਾਲ ਹੀ ’ਚ ਕਿਸਾਨ ਅੰਦੋਲਨ ਦੌਰਾਨ ਦਿੱਲੀ ਪਹੁੰਚੇ ਗੁਰਦਾਸ ਮਾਨ ਨੂੰ ਵੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਆਲਮ ਇਹ ਰਿਹਾ ਕਿ ਗੁਰਦਾਸ ਮਾਨ ਨੂੰ ਸਟੇਜ ਤੋਂ ਸੰਬੋਧਨ ਕਰਨ ਤੋਂ ਵੀ ਰੋਕ ਦਿੱਤਾ ਗਿਆ। ਹਾਲਾਂਕਿ ਇਸ ਦੌਰਾਨ ਲੋਕ ਦੋ ਧੜਿਆਂ ’ਚ ਵੰਡੇ ਨਜ਼ਰ ਆਏ। ਇਕ ਪਾਸੇ ਜਿਥੇ ਲੋਕ ਗੁਰਦਾਸ ਮਾਨ ਦਾ ਵਿਰੋਧ ਕਰ ਰਹੇ ਸਨ, ਉਥੇ ਦੂਜੇ ਪਾਸੇ ਕੁਝ ਲੋਕ ਗੁਰਦਾਸ ਮਾਨ ਦੇ ਹੱਕ ’ਚ ਵੀ ਖੜ੍ਹੇ।

PunjabKesari

7. ਬੱਬੂ ਮਾਨ

ਇਸ ਸਾਲ ਬੱਬੂ ਮਾਨ ਦਾ ਜਿਥੇ ਸਿੱਧੂ ਮੂਸੇ ਵਾਲਾ ਨਾਲ ਵਿਵਾਦ ਰਿਹਾ, ਉਥੇ ਆਪਣੀ ਇਕ ਵੀਡੀਓ ਕਰਕੇ ਵੀ ਬੱਬੂ ਮਾਨ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਅਸਲ ’ਚ ਬੱਬੂ ਮਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਬੇਹੱਦ ਵਾਇਰਲ ਹੋਈ, ਜਿਸ ’ਚ ਉਹ ਮਰਾਸੀ ਭਾਈਚਾਰੇ ਦੀਆਂ ਔਰਤਾਂ ਨੂੰ ਲੈ ਕੇ ਬੋਲ ਰਹੇ ਸਨ। ਇਸ ਵੀਡੀਓ ਦਾ ਮਰਾਸੀ ਭਾਈਚਾਰੇ ਵਲੋਂ ਸਖਤ ਵਿਰੋਧ ਕੀਤਾ ਗਿਆ ਤੇ ਬੱਬੂ ਮਾਨ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਗਈ।

PunjabKesari

8. ਦਿਲਜੀਤ ਦੋਸਾਂਝ

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਇਸ ਸਾਲ ਸਭ ਤੋਂ ਵੱਡਾ ਵਿਵਾਦ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨਾਲ ਦੇਖਣ ਨੂੰ ਮਿਲਿਆ। ਦਿਲਜੀਤ ਆਪਣੇ ਨਿਮਰ ਤੇ ਸ਼ਾਂਤ ਸੁਭਾਅ ਲਈ ਜਾਣੇ ਜਾਂਦੇ ਹਨ ਤੇ ਵਿਵਾਦਾਂ ਤੋਂ ਦੂਰ ਹੀ ਰਹਿੰਦੇ ਹਨ ਪਰ ਕੰਗਨਾ ਵਲੋਂ ਕਿਸਾਨ ਅੰਦੋਲਨ ਖਿਲਾਫ ਬੋਲਣ ਦੇ ਚਲਦਿਆਂ ਦਿਲਜੀਤ ਨੇ ਉਸ ਦੀ ਰੱਜ ਕੇ ਝਾੜ ਪਾਈ। ਦੋਵਾਂ ਵਲੋਂ ਇਕ-ਦੂਜੇ ਨੂੰ ਟਵੀਟਸ ਰਾਹੀਂ ਜੁਆਬ ਦੇਣ ਦਾ ਸਿਲਸਿਲਾ ਵੀ ਚੱਲਦਾ ਰਿਹਾ। ਹਾਲਾਂਕਿ ਇਸ ਵਿਵਾਦ ਵਿਚਾਲੇ ਜ਼ਿਆਦਾਤਰ ਲੋਕਾਂ ਨੇ ਦਿਲਜੀਤ ਦੋਸਾਂਝ ਦਾ ਸਾਥ ਦਿੱਤਾ ਤੇ ਕੰਗਨਾ ਰਣੌਤ ’ਤੇ ਆਪਣੀ ਭੜਾਸ ਕੱਢੀ। ਕੰਗਨਾ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਨੇ ਵੀ ਦਿਲਜੀਤ ਦੋਸਾਂਝ ਨਾਲ ਵਿਵਾਦ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਪਰ ਦਿਲਜੀਤ ਵਲੋਂ ਉਸ ਨੂੰ ਤਰਜੀਹ ਨਹੀਂ ਦਿੱਤੀ ਗਈ।

PunjabKesari

9. ਸ਼ੈਰੀ ਮਾਨ

ਪੰਜਾਬੀ ਗਾਇਕ ਸ਼ੈਰੀ ਮਾਨ ਵੀ ਇਸ ਸਾਲ ਵਿਵਾਦਾਂ ’ਚ ਰਹੇ। ਅਸਲ ’ਚ ਸ਼ੈਰੀ ਮਾਨ ਦੀ ਸ਼ਰਾਬ ਪੀ ਕੇ ਵਾਇਰਲ ਹੋਈ ਵੀਡੀਓ ਦਾ ਲੋਕਾਂ ਵਲੋਂ ਵਿਰੋਧ ਕੀਤਾ ਗਿਆ। ਜਿਥੇ ਸ਼ਰਾਬ ਪੀ ਕੇ ਸ਼ੈਰੀ ਮਾਨ ਨੇ ਲਾਈਵ ਦੌਰਾਨ ਗਾਲ੍ਹਾਂ ਕੱਢੀਆਂ, ਉਥੇ ਪੰਜਾਬੀ ਗਾਇਕ ਮਨਪ੍ਰੀਤ ਮੰਨਾ ਵਲੋਂ ਸ਼ੈਰੀ ਮਾਨ ਦੇ ਲਾਈਵ ਦੌਰਾਨ ਗਾਇਕ ਗਗਨ ਕੋਕਰੀ ’ਤੇ ਗੰਭੀਰ ਦੋਸ਼ ਲਗਾਏ ਗਏ। ਹਾਲਾਂਕਿ ਸ਼ੈਰੀ ਤੇ ਮਨਪ੍ਰੀਤ ਵਲੋਂ ਬਾਅਦ ’ਚ ਇਹ ਵੀਡੀਓਜ਼ ਡਿਲੀਟ ਕਰ ਦਿੱਤੀਆਂ ਗਈਆਂ ਤੇ ਸ਼ਰਾਬ ਪੀਣ ਤੋਂ ਤੌਬਾ ਕੀਤੀ ਗਈ ਪਰ ਬਾਅਦ ’ਚ ਉਹ ਮੁੜ ਸ਼ਰਾਬ ਪੀ ਕੇ ਲਾਈਵ ਹੋਣ ਲੱਗ ਪਏ।

PunjabKesari

10. ਯੋਗਰਾਜ ਸਿੰਘ

ਆਪਣੇ ਬੇਧੜਕ ਬਿਆਨਾਂ ਕਾਰਨ ਚਰਚਾ ’ਚ ਰਹਿਣ ਵਾਲੇ ਅਦਾਕਾਰ ਯੋਗਰਾਜ ਸਿੰਘ ਨੂੰ ਵੀ ਇਸ ਸਾਲ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ। ਅਸਲ ’ਚ ਕਿਸਾਨ ਅੰਦੋਲਨ ਦੌਰਾਨ ਯੋਗਰਾਜ ਸਿੰਘ ਨੇ ਹਿੰਦੂ ਭਾਈਚਾਰੇ ਦੀਆਂ ਔਰਤਾਂ ਲਈ ਮਾੜੀ ਸ਼ਬਦਾਵਲੀ ਵਰਤੀ ਸੀ, ਜਿਸ ਦਾ ਹਰ ਪਾਸੇ ਵਿਰੋਧ ਦੇਖਣ ਨੂੰ ਮਿਲਿਆ। ਲੋਕਾਂ ਵਲੋਂ ਯੋਗਰਾਜ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਉੱਠਣੀ ਸ਼ੁਰੂ ਹੋ ਗਈ। ਇਕ ਬਾਲੀਵੁੱਡ ਫ਼ਿਲਮ ’ਚੋਂ ਵੀ ਯੋਗਰਾਜ ਨੂੰ ਆਪਣੇ ਬਿਆਨ ਕਰਕੇ ਬਾਹਰ ਦਾ ਰਸਤਾ ਦੇਖਣਾ ਪਿਆ। ਉਥੇ ਯੋਗਰਾਜ ਸਿੰਘ ਦੇ ਪੁੱਤ ਯੁਵਰਾਜ ਸਿੰਘ ਵਲੋਂ ਵੀ ਆਪਣੇ ਪਿਤਾ ਦੇ ਬਿਆਨ ਦਾ ਵਿਰੋਧ ਕੀਤਾ ਗਿਆ।

PunjabKesari

11. ਭਾਰਤੀ ਸਿੰਘ-ਹਰਸ਼ ਲਿੰਬਾਚੀਆ

ਪੰਜਾਬ ਦੀ ਕਾਮੇਡੀ ਕੁਈਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਨੂੰ ਡਰੱਗਸ ਮਾਮਲੇ ’ਚ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ। ਪਿਛਲੇ ਮਹੀਨੇ ਭਾਰਤੀ ਸਿੰਘ ਦੇ ਘਰ ਐੱਨ. ਸੀ. ਬੀ. ਨੇ ਰੇਡ ਕੀਤੀ ਤੇ ਇਸ ਦੌਰਾਨ ਗਾਂਜਾ ਬਰਾਮਦ ਹੋਇਆ। ਦੋਵਾਂ ਨੂੰ ਐੱਨ. ਸੀ. ਬੀ. ਵਲੋਂ ਗ੍ਰਿਫਤਾਰ ਕੀਤਾ ਗਿਆ ਤੇ ਕਈ ਘੰਟਿਆਂ ਤਕ ਪੁੱਛਗਿੱਛ ਕੀਤੀ ਗਈ। ਹਾਲਾਂਕਿ ਬਾਅਦ ’ਚ ਦੋਵਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਰਿਹਾਈ ਤੋਂ ਬਾਅਦ ਇਹ ਚਰਚਾ ਵੀ ਰਹੀ ਕਿ ਭਾਰਤੀ ਸਿੰਘ ਨੂੰ ‘ਦਿ ਕਪਿਲ ਸ਼ਰਮਾ ਸ਼ੋਅ’ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਪਰ ਕੁਝ ਸਮੇਂ ਬਾਅਦ ਭਾਰਤੀ ਸਿੰਘ ਵਲੋਂ ਸੈੱਟ ਤੋਂ ਤਸਵੀਰ ਸਾਂਝੀ ਕਰਕੇ ਇਨ੍ਹਾਂ ਅਫਵਾਹਾਂ ’ਤੇ ਵੀ ਰੋਕ ਲਗਾ ਦਿੱਤੀ ਗਈ।

PunjabKesari

12. ਮੈਂਡੀ ਤੱਖਰ

ਮੈਂਡੀ ਤੱਖਰ ਨੂੰ ਆਪਣੀ ਫੇਕ ਵੀਡੀਓ ਕਾਰਨ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ। ਅਸਲ ’ਚ ਕਿਸੇ ਸ਼ਖਸ ਵਲੋਂ ਮੈਂਡੀ ਤੱਖਰ ਦੇ ਚਿਹਰੇ ਦੀ ਵਰਤੋਂ ਇਕ ਅਸ਼ਲੀਲ ਵੀਡੀਓ ’ਚ ਕੀਤੀ ਗਈ। ਇਸ ਵੀਡੀਓ ਦਾ ਮਕਸਦ ਮੈਂਡੀ ਤੱਖਰ ਦੀ ਸਾਖ ਨੂੰ ਖਰਾਬ ਕਰਨਾ ਸੀ। ਮੈਂਡੀ ਨੇ ਇਸ ਮੁੱਦੇ ਦਾ ਡੱਟ ਕੇ ਸਾਹਮਣਾ ਕੀਤਾ ਤੇ ਫੇਕ ਵੀਡੀਓ ਵਾਇਰਲ ਕਰਨ ਵਾਲਿਆਂ ’ਤੇ ਸਾਈਬਰ ਸੈੱਲ ’ਚ ਸ਼ਿਕਾਇਤ ਵੀ ਦਰਜ ਕਰਵਾਈ। ਉਥੇ ਪੂਰੀ ਪੰਜਾਬੀ ਇੰਡਸਟਰੀ ਨੇ ਮੈਂਡੀ ਤੱਖਰ ਦਾ ਸਾਥ ਦਿੱਤਾ ਤੇ ਹੌਸਲਾ ਵਧਾਇਆ।

PunjabKesari

13. ਸੋਨਮ ਬਾਜਵਾ

ਮੈਂਡੀ ਤੱਖਰ ਦੇ ਨਾਲ ਸੋਨਮ ਬਾਜਵਾ ਨਾਲ ਵੀ ਅਜਿਹਾ ਕੁਝ ਹੀ ਦੇਖਣ ਨੂੰ ਮਿਲਿਆ। ਸੋਨਮ ਬਾਜਵਾ ਨਾਲ ਮਿਲਦੀ ਕਿਸੇ ਦੂਜੀ ਲੜਕੀ ਦੀ ਵੀਡੀਓ ਕੁਝ ਇੰਸਟਾਗ੍ਰਾਮ ਅਕਾਊਂਟਸ ਵਲੋਂ ਵਾਇਰਲ ਕੀਤੀ ਗਈ। ਜਦੋਂ ਸੋਨਮ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਸੋਨਮ ਬਾਜਵਾ ਨੂੰ ਇਹ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ। ਸੋਨਮ ਬਾਜਵਾ ਨੇ ਹਿੰਮਤ ਨਾਲ ਕੰਮ ਲੈਂਦਿਆਂ ਉਕਤ ਇੰਸਟਾਗ੍ਰਾਮ ਅਕਾਊਂਟਸ ਦੇ ਸਕ੍ਰੀਨਸ਼ਾਟਸ ਸ਼ੇਅਰ ਕੀਤੇ ਤੇ ਲੋਕਾਂ ਤਕ ਫੇਕ ਵੀਡੀਓ ਦੀ ਸੱਚਾਈ ਸਾਹਮਣੇ ਲਿਆਂਦੀ।

PunjabKesari

ਨੋਟ– ਇਨ੍ਹਾਂ ਵਿਵਾਦਾਂ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News