ਮਸਕਟ 'ਚ ਪੰਜਾਬੀ ਵਿਅਕਤੀ ਦੀ ਮੌਤ
Monday, Nov 18, 2019 - 11:30 PM (IST)

ਹਾਜੀਪੁਰ, (ਜੋਸ਼ੀ)— ਹਾਜੀਪੁਰ ਦੇ ਇਕ ਵਿਅਕਤੀ ਦੀ ਵਿਦੇਸ਼ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਨਾਲ ਉਸ ਦੇ ਘਰ 'ਚ ਸੋਗ ਦੀ ਲਹਿਰ ਛਾ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਜੀਪੁਰ ਦਾ ਵਰਿੰਦਰ ਪਾਲ ਉਰਫ ਪਾਲੀ (48) ਪੁੱਤਰ ਬਾਲਕ ਰਾਮ, ਜੋ ਕਿ ਪਿਛਲੇ 10 ਸਾਲਾਂ ਤੋਂ ਮਸਕਟ 'ਚ ਨੌਕਰੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ, ਦੀ ਮੌਤ ਦੀ ਮੋਬਾਇਲ 'ਤੇ ਸੂਚਨਾ ਮਿਲੀ ਤਾਂ ਪਰਿਵਾਰ 'ਤੇ ਜਿਵੇਂ ਮੁਸ਼ਕਲਾਂ ਦਾ ਪਹਾੜ ਹੀ ਟੁੱਟ ਪਿਆ। ਇਸ ਘਟਨਾ ਨਾਲ ਪੂਰੇ ਸ਼ਹਿਰ 'ਚ ਸੋਗ ਦੀ ਲਹਿਰ ਦੌੜ ਗਈ ਹੈ। ਵਰਿੰਦਰ ਪਾਲ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇਕ ਪੁੱਤਰ ਛੱਡ ਗਿਆ ਹੈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਭਿੱਜੀਆਂ ਅੱਖਾਂ ਨਾਲ ਦੱਸਿਆ ਕਿ ਉਹ 2 ਮਹੀਨੇ ਪਹਿਲਾਂ ਹੀ ਛੁੱਟੀ ਕੱਟ ਕੇ ਗਿਆ ਸੀ। ਸੋਮਵਾਰ ਸਵੇਰੇ ਠੀਕ 7 ਵਜੇ ਉਸ ਨਾਲ ਗੱਲ ਹੋਈ ਤਾਂ ਉਸ ਨੇ ਕਿਹਾ ਕਿ ਉਸ ਨੇ ਖਾਣਾ ਤਿਆਰ ਕਰ ਲਿਆ ਹੈ। ਬਸ ਨਹਾ ਧੋ ਕੇ ਡਿਊਟੀ 'ਤੇ ਜਾ ਰਿਹਾ ਹੈ। ਵਿਦੇਸ਼ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਲੀ ਨੂੰ ਨਹਾਉਣ ਸਮੇਂ ਦਿਲ ਦਾ ਦੌਰਾ ਪੈ ਗਿਆ। ਬਾਥਰੂਮ ਦਾ ਦਰਵਾਜ਼ਾ ਤੋੜ ਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਲਿਜਾਣ ਸਮੇਂ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਦੱਸਿਆ ਕਿ ਪਾਲੀ ਮਸਕਟ ਵਿਚ ਜੀ. ਪੀ. ਐੱਸ. ਪੈਟਰੋਲੀਅਮ ਕੈਮੀਕਲ ਸਰਵਿਸ ਕੰਪਨੀ ਵਿਚ ਕੰਮ ਕਰਦਾ ਸੀ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਵਿਦੇਸ਼ ਮੰਤਰਾਲਾ ਨਾਲ ਗੱਲ ਕਰ ਕੇ ਵਰਿੰਦਰ ਪਾਲ ਦੀ ਲਾਸ਼ ਨੂੰ ਜਲਦ ਭਾਰਤ ਲਿਆਂਦਾ ਜਾਵੇ।