ਲੁਧਿਆਣਾ ਪਹੁੰਚੇ Diljit Dosanjh ਨੇ ਯਾਦ ਕੀਤੀਆਂ ਪੁਰਾਣੀਆਂ ਯਾਦਾਂ, ਘੰਟਾ ਘਰ ਕੋਲ ਖਿਚਵਾਈਆਂ ਤਸਵੀਰਾਂ
Saturday, Jun 22, 2024 - 12:45 PM (IST)
ਜਲੰਧਰ - ਪੰਜਾਬੀ ਫ਼ਿਲਮ ‘ਜੱਟ ਐਂਡ ਜੂਲੀਅਟ 3’ 27 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਇਕੱਠਿਆਂ 6ਵੀਂ ਫ਼ਿਲਮ ਹੈ। ਇਸ ਤੋਂ ਪਹਿਲਾਂ ਦੋਵੇਂ ‘ਜਿਨ੍ਹੇ ਮੇਰਾ ਦਿਲ ਲੁੱਟਿਆ’, ‘ਜੱਟ ਐਂਡ ਜੂਲੀਅਟ 1’, ‘ਜੱਟ ਐਂਡ ਜੂਲੀਅਟ 2’, ‘ਸਰਦਾਰ ਜੀ’ ਤੇ ‘ਛੜਾ’ ਵਰਗੀਆਂ ਸੁਪਰਹਿੱਟ ਪੰਜਾਬੀ ਫ਼ਿਲਮਾਂ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ। ਅੱਜ ਦੇ ਸਮੇਂ ’ਚ ਦਿਲਜੀਤ ਦੋਸਾਂਝ ਪੰਜਾਬ ਤੇ ਭਾਰਤ ਹੀ ਨਹੀਂ, ਸਗੋਂ ਦੁਨੀਆ ਭਰ ’ਚ ਮਸ਼ਹੂਰ ਹਨ। ਦਿਲਜੀਤ ਦੋਸਾਂਝ ਨੇ ਹਾਲ ਹੀ ’ਚ ਅਜਿਹੇ ਕਈ ਖ਼ਿਤਾਬ ਹਾਸਲ ਕੀਤੇ ਹਨ, ਜਿਨ੍ਹਾਂ ਨੇ ਪੰਜਾਬੀਆਂ ਦਾ ਨਾਂ ਰੌਸ਼ਨ ਕੀਤਾ ਹੈ।
ਦੱਸ ਦਈਏ ਕਿ ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਨੀਰੂ ਬਾਜਵਾ ਨਾਲ ਲੁਧਿਆਣਾ 'ਚ ਘੁੰਮਦੇ ਨਜ਼ਰ ਆ ਰਹੇ ਹਨ। ਦਰਅਸਲ, ਦਿਲਜੀਤ ਦੋਸਾਂਝ ਨੇ ਲੁਧਿਆਣਾ ਦੇ ਘੰਟਾ ਘਰ ਖੜ੍ਹੇ ਹੋ ਕੇ ਤਸਵੀਰਾਂ ਵੀ ਕਲਿੱਕ ਕਰਵਾਈਆਂ, ਜੋ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਉਥੇ ਕੁਲਚੇ ਛੋਲੇ ਵੀ ਖਾਦੇ।
ਉਥੇ ਜੇਕਰ ਨੀਰੂ ਬਾਜਵਾ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਪ੍ਰਸਿੱਧੀ ਕਿਸੇ ਤੋਂ ਲੁਕੀ ਨਹੀਂ ਹੈ। ਹਰ ਫ਼ਿਲਮ ’ਚ ਵੱਖਰਾ ਤਜਰਬਾ ਕਰਨ ਵਾਲੀ ਨੀਰੂ ਬਾਜਵਾ ਇਸ ਵਾਰ ਆਪਣੇ ਮਸ਼ਹੂਰ ਪੂਜਾ ਦੇ ਕਿਰਦਾਰ ’ਚ ਵਾਪਸੀ ਕਰਨ ਜਾ ਰਹੀ ਹੈ। ਆਖਰੀ ਵਾਰ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਨੂੰ ਇਕੱਠਿਆਂ ‘ਛੜਾ’ ਫ਼ਿਲਮ ’ਚ ਦੇਖਿਆ ਗਿਆ ਸੀ, ਜੋ ਸਾਲ 2019 ’ਚ ਰਿਲੀਜ਼ ਹੋਈ ਸੀ ਤੇ ਇਹ ਫ਼ਿਲਮ ਬਲਾਕਬਸਟਰ ਸਾਬਿਤ ਹੋਈ ਸੀ।
ਇਸ ਤੋਂ ਇਲਾਵਾ ਜੇਕਰ ‘ਜੱਟ ਐਂਡ ਜੂਲੀਅਟ’ ਫਰੈਂਚਾਇਜ਼ੀ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਆਖਰੀ ਫ਼ਿਲਮ ਯਾਨੀ ‘ਜੱਟ ਐਂਡ ਜੂਲੀਅਟ 2’ ਸਾਲ 2013 ’ਚ ਰਿਲੀਜ਼ ਹੋਈ ਸੀ, ਯਾਨੀ ਕਿ 11 ਸਾਲਾਂ ਬਾਅਦ ਇਸ ਫਰੈਂਚਾਇਜ਼ੀ ਦਾ ਤੀਜਾ ਭਾਗ ‘ਜੱਟ ਐਂਡ ਜੂਲੀਅਟ 3’ ਰਿਲੀਜ਼ ਹੋਣ ਜਾ ਰਿਹਾ ਹੈ ਪਰ ਕਹਿੰਦੇ ਹਨ ਕਿ ਦੇਰ ਆਏ ਦਰੁਸਤ ਆਏ ਤੇ ਇਹੀ ਚੀਜ਼ ‘ਜੱਟ ਐਂਡ ਜੂਲੀਅਟ 3’ ਨਾਲ ਹੋਈ ਹੈ।
ਫ਼ਿਲਮ ਦਾ ਟਰੇਲਰ ਸ਼ਾਨਦਾਰ ਹੈ, ਜਿਹੜਾ ਅੱਜ ਦੇ ਮਾਹੌਲ ਦੀ ਟੈਕਨਾਲੋਜੀ ਤੇ ਟੀਮ ਨਾਲ ਮਿਲ ਕੇ ਬਣਾਇਆ ਗਿਆ ਹੈ, ਜੋ ਦਰਸ਼ਕਾਂ ਨੂੰ ਸ਼ਾਨਦਾਰ ਕੁਆਲਿਟੀ ਦੇਣ ਦੀ ਗਾਰੰਟੀ ਦੇ ਰਿਹਾ ਹੈ। ਇਸ ਦੇ ਨਾਲ ਹੀ ਹਰ ਫ਼ਿਲਮ ਨਾਲ ਆਪਣੀ ਅਦਾਕਾਰੀ ਨੂੰ ਹੋਰ ਵੀ ਮਜ਼ਬੂਤ ਕਰ ਚੁੱਕੇ ਦਿਲਜੀਤ ਤੇ ਨੀਰੂ ਹਰ ਸੀਨ ਨੂੰ ਆਪਣੇ ਟੈਲੰਟ ਨਾਲ ਭਰ ਰਹੇ ਹਨ।
ਫ਼ਿਲਮ ’ਚ ਪੁਰਾਣੇ ਕਿਰਦਾਰਾਂ ਦੇ ਨਾਲ-ਨਾਲ ਬਹੁਤ ਸਾਰੇ ਨਵੇਂ ਕਿਰਦਾਰ ਵੀ ਦੇਖਣ ਨੂੰ ਮਿਲਣ ਵਾਲੇ ਹਨ, ਖ਼ਾਸ ਕਰਕੇ ਲਹਿੰਦੇ ਪੰਜਾਬ ਦੇ ਨਾਸਿਰ ਚਿਨਓਟੀ ਤੇ ਅਕਰਮ ਉਦਾਸ, ਜਿਨ੍ਹਾਂ ਨੂੰ ਕਾਮੇਡੀ ਦੇ ਦਿੱਗਜ ਮੰਨਿਆ ਜਾਂਦਾ ਹੈ। ਇਨ੍ਹਾਂ ਤੋਂ ਇਲਾਵਾ ਜੈਸਮੀਨ ਬਾਜਵਾ, ਰਾਣਾ ਰਣਬੀਰ, ਬੀ. ਐੱਨ. ਸ਼ਰਮਾ, ਗੁਰਮੀਤ ਸਾਜਨ ਤੇ ਸਤਵੰਤ ਕੌਰ ਵਰਗੇ ਕਲਾਕਾਰ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੇ ਹਨ।
ਫ਼ਿਲਮ ਦੇ ਲੇਖਕ ਤੇ ਡਾਇਰੈਕਟਰ ਜਗਦੀਪ ਸਿੱਧੂ ਹਨ, ਜੋ ‘ਛੜਾ’ ਫ਼ਿਲਮ ’ਚ ਦਿਲਜੀਤ ਤੇ ਨੀਰੂ ਨਾਲ ਪਹਿਲਾਂ ਵੀ ਕੰਮ ਕਰ ਚੁੱਕੇ ਹਨ। ਇਨ੍ਹਾਂ ਤਿੰਨਾਂ ਦੀ ਕੈਮਿਸਟਰੀ ਬਾਕਮਾਲ ਹੈ, ਜੋ ‘ਛੜਾ’ ਫ਼ਿਲਮ ’ਚ ਵੀ ਦੇਖਣ ਨੂੰ ਮਿਲੀ ਸੀ। ਉਥੇ ਜਗਦੀਪ ਸਿੱਧੂ ਪੰਜਾਬੀ ਫ਼ਿਲਮ ਜਗਤ ਨੂੰ ਸ਼ਾਨਦਾਰ ਫ਼ਿਲਮ ਦੇ ਚੁੱਕੇ ਹਨ, ਜਿਨ੍ਹਾਂ ’ਚ ‘ਕਿਸਮਤ’, ‘ਨਿੱਕਾ ਜ਼ੈਲਦਾਰ’ ਤੇ ‘ਹਰਜੀਤਾ’ ਸ਼ਾਮਲ ਹਨ।
ਅਜਿਹੇ ’ਚ ਬਹੁਤ ਸਾਰੀਆਂ ਉਮੀਦਾਂ ‘ਜੱਟ ਐਂਡ ਜੂਲੀਅਟ 3’ ਫ਼ਿਲਮ ਨਾਲ ਜੁੜੀਆਂ ਹੋਈਆਂ ਹਨ। ਫ਼ਿਲਮ 27 ਜੂਨ, 2024 ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ, ਜੋ ਉਮੀਦ ਹੈ ਕਿ ਫ਼ਿਲਮੀ ਦਰਸ਼ਕਾਂ ਦੀਆਂ ਉਮੀਦਾਂ ’ਤੇ ਖ਼ਰੀ ਉਤਰੇਗੀ।