ਬਰਿੰਦਰ ਸਿੰਘ ਢਿੱਲੋ ਬਣੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ
Saturday, Dec 07, 2019 - 07:16 PM (IST)
ਚੰਡੀਗੜ੍ਹ, (ਭੁੱਲਰ)— ਰੋਪੜ ਜ਼ਿਲ੍ਹੇ ਨਾਲ ਸਬੰਧਿਤ ਨੌਜਵਾਨ ਆਗੂ ਬਰਿੰਦਰ ਢਿੱਲੋਂ ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਬਣੇ ਹਨ। ਉਨ੍ਹਾਂ ਨੇ ਆਪਣੇ ਮੁਕਾਬਲੇ 'ਚ ਖੜ੍ਹੇ ਮੁੱਖ ਵਿਰੋਧੀ ਜਸਵਿੰਦਰ ਜੱਸੀ ਨੂੰ ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਜ਼ਿਲ੍ਹਾ ਤੇ ਬਲਾਕ ਪੱਧਰ ਦੇ ਅਹੁਦੇਦਾਰਾਂ ਦੀ ਚੋਣ ਮਗਰੋਂ ਅੱਜ ਚੰਡੀਗੜ੍ਹ 'ਚ ਪੰਜਾਬ ਪ੍ਰਦੇਸ਼ ਕਾਂਗਰਸ ਭਵਨ 'ਚ ਪ੍ਰਦੇਸ਼ ਯੂਥ ਕਾਂਗਰਸ ਦੇ ਪ੍ਰਧਾਨ ਦੀ ਚੋਣ ਦਾ ਕੰਮ ਪੂਰਾ ਹੋਇਆ। ਜ਼ਿਕਰਯੋਗ ਹੈ ਕਿ ਢਿੱਲੋਂ ਤੇ ਜੱਸੀ ਦੋਵੇਂ ਹੀ ਐੱਨ. ਐੱਸ. ਯੂ. ਆਈ. ਦੇ ਆਗੂ ਰਹੇ ਹਨ।
60 ਹਜ਼ਾਰ 'ਚੋਂ 29 ਹਜ਼ਾਰ ਵੋਟਾਂ ਮਿਲੀਆਂ ਢਿੱਲੋਂ ਨੂੰ
ਕੁੱਲ ਪੋਲ ਹੋਈਆਂ 60 ਹਜ਼ਾਰ ਵੋਟਾਂ 'ਚੋਂ 29 ਹਜ਼ਾਰ ਵੋਟਾਂ ਢਿੱਲੋਂ ਨੂੰ ਮਿਲੀਆਂ, ਜਦਕਿ ਦੂਜੇ ਨੰਬਰ 'ਤੇ ਰਹੇ ਜੱਸੀ ਨੂੰ ਸਿਰਫ਼ 8 ਹਜ਼ਾਰ ਵੋਟਾਂ ਹੀ ਮਿਲੀਆਂ। ਜੇਤੂ ਰਹੇ ਢਿੱਲੋਂ ਪਾਰਟੀ 'ਚ ਸਰਗਰਮ ਹੋਣ ਤੋਂ ਬਾਅਦ ਰੋਪੜ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜੇ ਸਨ ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੱਥੋਂ ਚੋਣ ਹਾਰ ਗਏ ਸਨ। ਢਿੱਲੋਂ ਨੂੰ ਸਪੀਕਰ ਰਾਣਾ ਕੇ. ਪੀ. ਸਿੰਘ ਦਾ ਸਮਰਥਨ ਪ੍ਰਾਪਤ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਉਨ੍ਹਾਂ ਨੂੰ ਹਮਾਇਤ ਮਿਲੀ, ਭਾਵੇਂ ਕਿ ਕੈਪਟਨ ਜ਼ਿਲਾ ਸੰਗਰੂਰ ਦੇ ਆਗੂ ਦਮਨ ਬਾਜਵਾ ਨੂੰ ਪ੍ਰਧਾਨ ਬਣਾਉਣ ਦੇ ਹੱਕ 'ਚ ਸਨ।
ਢਿੱਲੋਂ ਦੇ ਮੁਕਾਬਲੇ ਪ੍ਰਧਾਨਗੀ ਦੇ ਹੋਰ ਉਮੀਦਵਾਰਾਂ 'ਚ ਦੂਜੇ ਨੰਬਰ 'ਤੇ ਰਹਿਣ ਵਾਲੇ ਜੱਸੀ ਤੋਂ ਇਲਾਵਾ ਜ਼ਿਲਾ ਲੁਧਿਆਣਾ ਦੇ ਪਰਵਿੰਦਰ ਲਾਪਰਾਂ, ਇਕਬਾਲ ਗਰੇਵਾਲ, ਸੰਗਰੂਰ ਤੋਂ ਦਮਨ ਬਾਜਵਾ, ਪਟਿਆਲਾ ਨਾਲ ਸਬੰਧਿਤ ਧਨਵੰਤ ਜਿੰਮੀ ਤੇ ਵਨੇਸ਼ਵਰ ਵੀ ਸ਼ਾਮਿਲ ਸਨ। ਢਿੱਲੋਂ ਅਹੁਦਾ ਛੱਡ ਰਹੇ ਪ੍ਰਧਾਨ ਅਮਰਪ੍ਰੀਤ ਲਾਲੀ ਦੀ ਥਾਂ ਲੈਣਗੇ।
ਸਖਤ ਸੁਰੱਖਿਆ ਪ੍ਰਬੰਧਾਂ 'ਚ ਹੋਈ ਗਿਣਤੀ
ਪੰਜਾਬ ਕਾਂਗਰਸ ਭਵਨ 'ਚ ਅੱਜ ਦੇਰ ਸ਼ਾਮ ਤੱਕ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਗਿਣਤੀ ਦਾ ਕੰਮ ਹੋਇਆ। ਲੁਧਿਆਣਾ ਜ਼ਿਲੇ ਦੀ ਚੋਣ ਦੌਰਾਨ ਪਿਛਲੇ ਦਿਨੀਂ ਹੋਈ ਫਾਇਰਿੰਗ ਦੇ ਮੱਦੇਨਜ਼ਰ ਪੁਲਸ ਅੱਜ ਪਹਿਲਾਂ ਹੀ ਪੂਰੀ ਤਰ੍ਹਾਂ ਚੌਕਸ ਸੀ ਅਤੇ ਗਿਣਤੀ ਦਾ ਕੰਮ ਪੂਰਾ ਹੋਣ ਤੱਕ ਮੀਡੀਆ ਨੂੰ ਵੀ ਕਾਂਗਰਸ ਭਵਨ ਅੰਦਰ ਨਹੀਂ ਜਾਣ ਦਿੱਤਾ ਗਿਆ। ਜਿਉਂ ਹੀ ਬਰਿੰਦਰ ਢਿੱਲੋਂ ਨੂੰ ਜੇਤੂ ਐਲਾਨਿਆ ਗਿਆ ਤਾਂ ਕਾਂਗਰਸ ਭਵਨ ਦੇ ਬਾਹਰ ਖੜ੍ਹੇ ਢਿੱਲੋਂ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਹਾਰਾਂ ਨਾਲ ਲੱਦ ਦਿੱਤਾ। ਇਸ ਮੌਕੇ ਢਿੱਲੋਂ ਨੇ ਕਿਹਾ ਕਿ ਉਹ ਨੌਜਾਵਨਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਕੋਲ ਪੂਰੀ ਮਜ਼ਬੂਤੀ ਨਾਲ ਉਠਾਉਣਗੇ। ਉਨ੍ਹਾਂ ਸਮੂਹ ਆਗੂਆਂ ਨੂੰ ਮਤਭੇਦਾਂ ਤੋਂ ਉਪਰ ਉਠ ਕੇ ਨਾਲ ਲੈ ਕੇ ਚੱਲਣ ਦੀ ਗੱਲ ਵੀ ਆਖੀ।
ਜੱਸੀ ਨੇ ਲਾਏ ਵੋਟਾਂ 'ਚ ਗੜਬੜੀ ਦੇ ਦੋਸ਼
ਇਸੇ ਦੌਰਾਨ ਅੱਜ ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਪਹਿਲਾਂ ਢਿੱਲੋਂ ਦੇ ਮੁੱਖ ਵਿਰੋਧੀ ਉਮੀਦਵਾਰ ਜੱਸੀ ਨੇ ਦੋਸ਼ ਲਾਇਆ ਕਿ ਵੋਟਾਂ ਦੇ ਕੰਮ 'ਚ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ, ਵਿਧਾਇਕ ਕੁਲਬੀਰ ਜ਼ੀਰਾ ਅਤੇ ਬਰਿੰਦਰਮੀਤ ਪਾਹੜਾ ਦੇ ਦਖਲ ਕਾਰਨ ਗੜਬੜੀਆਂ ਹੋਈਆਂ ਹਨ। ਉਨ੍ਹਾਂ ਆਨਲਾਈਨ ਮੈਂਬਰਸ਼ਿਪ 'ਤੇ ਵੀ ਸਵਾਲ ਉਠਾਉਂਦਿਆਂ ਯੂਥ ਕਾਂਗਰਸ ਦੇ ਕੇਂਦਰੀ ਚੋਣ ਬੋਰਡ ਤੋਂ ਜਾਂਚ ਦੀ ਮੰਗ ਕੀਤੀ ਹੈ। ਵਿਧਾਇਕ ਪਾਹੜਾ ਤੇ ਜ਼ੀਰਾ ਨੇ ਜੱਸੀ ਵਲੋਂ ਲਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਕਿਹਾ ਕਿ ਕਿਸੇ ਤਰ੍ਹਾਂ ਦੀ ਗੜਬੜੀ ਨਹੀਂ ਹੋਈ ਬਲਕਿ ਕੰਮ ਕਰਨ ਵਾਲੇ ਸਰਗਰਮ ਨੇਤਾ ਹੀ ਆਪਣੇ ਬਲਬੂਤੇ 'ਤੇ ਚੋਣਾਂ 'ਚ ਸਫਲ ਹੋਏ ਹਨ।