ਪੰਜਾਬ ਦੀ ਖੁਸ਼ਹਾਲੀ ਦੇ ਰਾਖੇ ਸਰਕਾਰੀ ਸਕੀਮਾਂ ''ਤੇ ਰੱਖਣਗੇ ਨਜ਼ਰ : ਸ਼ੇਰਗਿੱਲ
Monday, Jan 29, 2018 - 07:56 AM (IST)
ਪਟਿਆਲਾ (ਰਾਣਾ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਲੈਫ. ਜਨਰਲ ਟੀ. ਐੱਸ. ਸ਼ੇਰਗਿੱਲ (ਸੇਵਾਮੁਕਤ) ਨੇ ਅੱਜ ਥਾਪਰ ਯੂਨੀਵਰਸਿਟੀ ਵਿਖੇ ਗਾਰਡੀਅਨਜ਼ ਆਫ ਗਵਰਨੈਂਸ ਦੀ ਟ੍ਰੇਨਿੰਗ ਵਿਚ ਆਪਣੇ ਵਿਚਾਰ ਸਾਂਝੇ ਕੀਤੇ ਹਨ। ਇਸ ਦੌਰਾਨ ਉਨ੍ਹਾਂ ਜ਼ਿਲਾ, ਤਹਿਸੀਲ ਅਤੇ ਪਿੰਡ ਪੱਧਰ 'ਤੇ ਤਾਇਨਾਤ ਕੀਤੇ ਜਾਣ ਵਾਲੇ ਸਾਬਕਾ ਫੌਜੀਆਂ ਨਾਲ ਗੱਲਬਾਤ ਕੀਤੀ। ਸ਼੍ਰੀ ਸ਼ੇਰਗਿੱਲ ਨੇ ਦੱਸਿਆ ਕਿ ਭਾਵੇਂ ਕੇਂਦਰ ਦੀ ਯੋਜਨਾ ਹੋਵੇ ਜਾਂ ਰਾਜ ਸਰਕਾਰ ਦੀ, ਅਕਸਰ ਵੇਖਿਆ ਜਾਂਦਾ ਹੈ ਕਿ 1 ਰੁਪਏ 'ਚੋਂ ਸਿਰਫ਼ 15 ਪੈਸੇ ਹੀ ਅਖੀਰਲੇ ਲਾਭਪਾਤਰੀ ਤੱਕ ਪੁਜੱਦੇ ਹਨ। ਜੇਕਰ ਇਹੋ ਪੈਸਾ ਠੀਕ ਤਰੀਕੇ ਨਾਲ ਲੱਗ ਜਾਵੇ ਤਾਂ 6 ਸਾਲ ਦਾ ਕੰਮ 1 ਸਾਲ ਵਿਚ ਹੋ ਸਕਦਾ ਹੈ। ਉਨ੍ਹਾਂ ਸਾਬਕਾ ਸੈਨਿਕਾਂ ਨੂੰ ਕਿਹਾ ਕਿ ਉਹ ਯੋਧੇ ਅਤੇ ਲੀਡਰ ਵੀ ਹਨ, ਇਸ ਕਰ ਕੇ ਉਨ੍ਹਾਂ ਨੂੰ ਚੁਣਿਆ ਗਿਆ ਹੈ। ਹੁਣ ਪੰਜਾਬ ਦੀ ਖੁਸ਼ਹਾਲੀ ਦੇ ਰਾਖਿਆਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਨਾ ਕੇਵਲ ਉਹ ਸਰਕਾਰੀ ਸਕੀਮਾਂ 'ਤੇ ਨਜ਼ਰ ਰੱਖਣ, ਬਲਕਿ ਪਿੰਡ ਪੱਧਰ 'ਤੇ ਸਰਕਾਰੀ ਯੋਜਨਾ ਨੂੰ ਲਾਗੂ ਕਰਨ ਵੇਲੇ ਦਿਖਾਈ ਦੇਣ ਵਾਲੀਆਂ ਕਮੀਆਂ 'ਤੇ ਵੀ ਨਜ਼ਰ ਰੱਖਣ। ਜੇਕਰ ਕੋਈ ਕੰਮ ਠੀਕ ਹੋ ਰਿਹਾ ਹੈ ਤਾਂ ਉਸਦੀ ਵੀ ਰਿਪੋਰਟ ਸਰਕਾਰ ਨੂੰ ਕਰਨ।
ਸ਼੍ਰੀ ਸ਼ੇਰਗਿੱਲ ਨੇ ਕਿਹਾ ਕਿ ਸਰਕਾਰੀ ਯੋਜਨਾਵਾਂ 'ਚ ਭ੍ਰਿਸ਼ਟਾਚਾਰ ਨਾ ਹੋਵੇ, ਫੰਡ ਦਾ ਸੁਚੱਜਾ ਪ੍ਰਬੰਧ ਹੋਵੇ ਅਤੇ ਹਰ ਲਾਭਪਾਤਰੀ ਕੋਲ ਯੋਜਨਾ ਪਹੁੰਚੇ ਇਸ ਦੀ ਲਗਾਤਾਰ ਫੀਡ ਬੈਕ ਦੇਣ ਦਾ ਕੰਮ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਫੌਜੀਆਂ ਨੂੰ ਸੌਂਪਿਆ ਹੈ। ਇਸ ਮੌਕੇ ਗਾਰਡੀਅਨਜ਼ ਆਫ ਗਵਰਨੈਂਸ ਦੇ ਜ਼ਿਲਾ ਪ੍ਰਧਾਨ ਬ੍ਰਿਗੇਡੀਅਰ ਦਵਿੰਦਰ ਸਿੰਘ ਗਰੇਵਾਲ (ਸੇਵਾਮੁਕਤ) ਨੇ ਦੱਸਿਆ ਕਿ ਰਾਜ ਸਰਕਾਰ ਦੀਆਂ ਡੇਢ ਦਰਜਨ ਤੋਂ ਵੱਧ ਯੋਜਨਾਵਾਂ ਦੀ ਫੀਡ ਬੈਕ ਰਾਜ ਸਰਕਾਰ ਨੂੰ ਅਤੇ ਡਿਪਟੀ ਕਮਿਸ਼ਨਰ ਅਤੇ ਐੱਸ. ਡੀ. ਐੱਮ. ਪੱਧਰ 'ਤੇ ਦੇਣ ਲਈ ਪੰਜਾਬ ਦੀ ਖੁਸ਼ਹਾਲੀ ਦੇ ਇਨ੍ਹਾਂ ਰਾਖਿਆਂ ਨੂੰ ਇਕ ਮੋਬਾਇਲ ਐਪ ਰਾਹੀਂ ਫੀਡ ਬੈਕ ਭੇਜਣ ਦੀ ਟ੍ਰੇਨਿੰਗ ਦਿੱਤੀ ਗਈ ਹੈ। ਇਸ ਰਾਹੀਂ ਇਹ ਕਿਸੇ ਵੀ ਯੋਜਨਾ ਦੀ ਕਮੀ ਅਤੇ ਲਾਭਪਾਤਰੀ ਕੋਲ ਸਮੇਂ ਸਿਰ ਨਾ ਪੁੱਜਣ ਵਾਲੀ ਜਾਣਕਾਰੀ ਆਪਣੇ ਮੋਬਾਇਲ ਰਾਹੀਂ ਦੇ ਸਕਣਗੇ।
ਇਸ ਮੌਕੇ ਮਿਲਟਰੀ ਦੇ ਸਾਬਕਾ ਅਧਿਕਾਰੀ ਬਲਵਿੰਦਰ ਭਾਰਦਵਾਜ ਨੂੰ ਇਲਾਕੇ ਦੀਆਂ ਕਈ ਪਿੰਡਾਂ ਦੀ ਕਮਾਨ ਸੌਂਪੀ ਗਈ ਹੈ, ਜਿਥੇ ਉਹ ਸਮੁੱਚੀਆਂ ਸਰਕਾਰ ਦੀਆਂ ਸਕੀਮਾਂ ਪ੍ਰਤੀ ਸਰਕਾਰ ਤੱਕ ਜਾਣਕਾਰੀ ਪਹੁੰਚਾਉਣਗੇ, ਨੂੰ ਮੌਕੇ 'ਤੇ ਨਿਯੁਕਤੀ ਪੱਤਰ ਵੀ ਦਿੱਤਾ ਗਿਆ।