ਪੰਜਾਬ ਦੀਆਂ ਨਹਿਰਾਂ ''ਚ 29 ਅਕਤੂਬਰ ਤੋਂ 5 ਨਵੰਬਰ ਤੱਕ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ

Wednesday, Oct 28, 2020 - 08:34 PM (IST)

ਚੰਡੀਗੜ੍ਹ : ਪੰਜਾਬ ਜਲ ਸਰੋਤ ਵਿਭਾਗ ਵੱਲੋਂ ਹਾੜੀ ਦੀਆਂ ਫ਼ਸਲਾਂ ਦੀ ਬਿਜਾਈ ਲਈ ਸਿੰਜਾਈ ਵਾਸਤੇ 29 ਅਕਤੂਬਰ ਤੋਂ 5 ਨਵੰਬਰ, 2020 ਤੱਕ ਦਾ ਨਹਿਰੀ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਸਰਹਿੰਦ ਕੈਨਾਲ ਸਿਸਟਮ ਜਿਵੇਂ ਕਿ ਸਿੱਧਵਾਂ ਬ੍ਰਾਂਚ, ਬਠਿੰਡਾ ਬ੍ਰਾਂਚ, ਬਿਸਤ ਦੋਆਬ ਕੈਨਾਲ, ਪਟਿਆਲਾ ਫੀਡਰ ਅਤੇ ਅਬੋਹਰ ਬ੍ਰਾਂਚ ਕ੍ਰਮਵਾਰ ਪਹਿਲੀ, ਦੂਜੀ, ਤੀਜੀ, ਚੌਥੀ ਅਤੇ ਪੰਜਵੀਂ ਤਰਜੀਹ ਦੇ ਆਧਾਰ 'ਤੇ ਚੱਲਣਗੀਆਂ।
ਜਲ ਸਰੋਤ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਕਿ ਭਾਖੜਾ ਮੇਨ ਲਾਈਨ ਵਿੱਚੋਂ ਨਿਕਲਦੀਆਂ ਨਹਿਰਾਂ ਜੋ ਗਰੁੱਪ 'ਏ' ਵਿੱਚ ਹਨ ਨੂੰ ਪਹਿਲੀ ਤਰਜੀਹ ਦੇ ਆਧਾਰ 'ਤੇ ਪੂਰਾ ਪਾਣੀ ਮਿਲੇਗਾ। ਘੱਗਰ ਲਿੰਕ ਅਤੇ ਇਸ ਵਿੱਚ ਫੀਡ ਹੁੰਦੀ ਘੱਗਰ ਬ੍ਰਾਂਚ ਅਤੇ ਪਟਿਆਲਾ ਮਾਈਨਰ ਜੋ ਗਰੁੱਪ 'ਬੀ' ਵਿੱਚ ਹਨ, ਨੂੰ ਦੂਜੀ ਤਰਜੀਹ ਦੇ ਆਧਾਰ 'ਤੇ ਬਾਕੀ ਬਚਦਾ ਪਾਣੀ ਮਿਲੇਗਾ।
ਬੁਲਾਰੇ ਨੇ ਦੱਸਿਆ ਕਿ ਹਰੀਕੇ ਸਿਸਟਮ ਵਿੱਚੋਂ ਨਿਕਲਣ ਵਾਲੀਆਂ ਨਹਿਰਾਂ ਜੋ ਗਰੁੱਪ 'ਏ' ਵਿੱਚ ਹਨ, ਨੂੰ ਪਹਿਲੀ ਤਰਜੀਹ ਦੇ ਆਧਾਰ 'ਤੇ ਪੂਰਾ ਪਾਣੀ ਮਿਲੇਗਾ ਅਤੇ ਇਸ ਦੇ ਗਰੁੱਪ 'ਬੀ' ਦੇ ਰਜਬਾਹਿਆਂ ਨੂੰ ਦੂਜੀ ਤਰਜੀਹ ਦੇ ਆਧਾਰ 'ਤੇ ਬਾਕੀ ਬਚਦਾ ਪਾਣੀ ਮਿਲੇਗਾ। ਉਨ੍ਹਾਂ ਅੱਗੇ ਦੱਸਿਆ ਕਿ ਅੱਪਰ ਬਾਰੀ ਦੋਆਬ ਵਿੱਚੋਂ ਨਿਕਲਦੀ ਸਭਰਾਓਂ ਬ੍ਰਾਂਚ ਅਤੇ ਇਸ ਦੇ ਰਜਬਾਹਿਆਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਪਾਣੀ ਦਿੱਤਾ ਜਾਵੇਗਾ ਜਦੋਂਕਿ ਕਸੂਰ ਬ੍ਰਾਂਚ ਲੋਅਰ, ਮੇਨ ਬ੍ਰਾਂਚ ਲੋਅਰ ਤੇ ਇਸ ਦੇ ਰਜਬਾਹਿਆਂ ਅਤੇ ਲਾਹੌਰ ਬ੍ਰਾਂਚ ਨੂੰ ਕ੍ਰਮਵਾਰ ਬਾਕੀ ਬਚਦਾ ਪਾਣੀ ਮਿਲੇਗਾ।


Deepak Kumar

Content Editor

Related News