ਪੰਜਾਬ ਦੇ ਪਿੰਡਾਂ ਲਈ ਚਿੰਤਾ ਭਰੀ ਖ਼ਬਰ, ਦਰਜਨਾਂ ਪਿੰਡਾਂ ਵਿਚ ਛਾਇਆ ਹਨ੍ਹੇਰਾ
Tuesday, Apr 01, 2025 - 11:15 AM (IST)

ਮਲੋਟ (ਜੁਨੇਜਾ) : ਡੱਬਵਾਲੀ ਮਲੋਟ ਨੈਸ਼ਨਲ ਹਾਈਵੇਅ 9 ਸਮੇਤ ਸ਼ਾਹ ਮਾਰਗਾਂ ਨੂੰ ਜੋੜਨ ਲਈ ਭਾਰਤ ਮਾਲਾ ਪ੍ਰਾਜੈਕਟ ਅਧੀਨ ਬਣ ਰਹੇ ਰਿੰਗ ਰੋਡ ਤੇ ਪਿੰਡ ਕਿੰਗਰਾ ਕੋਲ ਗੁਜ਼ਰਦੀਆਂ ਹਾਈ ਵੋਲਟੇਜ਼ ਤਾਰਾਂ ਨਾਲ ਉਸਾਰੀ ਕੰਪਨੀ ਦੇ ਮਿੱਟੀ ਢੋਹਣ ਵਾਲੇ ਟਿੱਪਰ ਦੇ ਟਕਰਾਉਣ ਕਾਰਨ ਖੰਭੇ ਦੀਆਂ ਤਾਰਾਂ ਡਿੱਗ ਪਈਆਂ। ਜਿਸ ਕਰਕੇ ਦਿਹਾਤੀ ਫੀਡਰਾਂ ਨਾਲ ਸਬੰਧਤ 30 ਪਿੰਡਾਂ ਦੀ ਬਿਜਲੀ ਗੁੱਲ ਹੋ ਗਈ ਹੈ। ਉਧਰ ਬਿਜਲੀ ਰਿਪੇਅਰ ਕਰ ਰਹੇ ਹਾਈਵੇਅ ਦੇ ਠੇਕਾ ਮੁਲਾਜ਼ਮ ਦੀ ਖੰਭੇ ਤੋਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਠੇਕਾ ਕਰਮਚਾਰੀ ਦੀ ਪਛਾਣ ਦਰਸ਼ਨ ਸਿੰਘ (30) ਪੁੱਤਰ ਸਾਧੂ ਸਿੰਘ ਵਾਸੀ ਜਲਾਲੇਆਣਾ ਵਜੋਂ ਹੋਈ ਹੈ। ਇਹ ਹਾਦਸਾ ਰਾਤ ਕਰੀਬ 11:00 ਵਜੇ ਵਾਪਰਿਆ ਜਦੋਂ ਲਾਈਨਾਂ ਦੀ ਰਿਪੇਅਰ ਕੀਤੀ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਬਿਜਲੀ ਰਿਪੇਅਰ ਕੰਪਨੀ ਵੱਲੋਂ ਯੋਗ ਪ੍ਰਬੰਧਾਂ ਦੀ ਬਜਾਏ ਜਗਾੜੂ ਤਰੀਕੇ ਨਾਲ ਕਰਵਾਏ ਕੰਮ ਕਾਰਨ ਕਰਮਚਾਰੀ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬੀਓ ਸਾਵਧਾਨ, ਕੱਲ੍ਹ ਤੋਂ ਲੱਗੇਗਾ ਮੋਟਾ ਜੁਰਮਾਨਾ, ਪਹਿਲਾਂ ਪੜ੍ਹ ਲਵੋ ਪੂਰੀ ਖ਼ਬਰ
ਕੰਮ ਲਈ ਕਰੇਨ ਨਾਲ ਲੱਗਦੀ ਲਿਫਟ ਤੋਂ ਬਗੈਰ ਹੀ ਕਰਮਚਾਰੀ ਕੰਮ ਕਰ ਰਿਹਾ ਸੀ ਕਿ ਅਚਾਨਕ ਉਹ ਮੂਧੇ ਮੂੰਹ ਸੜਕ ’ਤੇ ਡਿੱਗਾ। ਜਿਸ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ। ਜਿਥੇ ਪੁੱਜਣ ਦੌਰਾਨ ਉਸ ਦੀ ਮੌਤ ਹੋ ਗਈ। ਮੌਕੇ ’ਤੇ ਪੁੱਜੇ ਬਿਜਲੀ ਬੋਰਡ ਦੇ ਉੱਚ ਅਧਕਾਰੀਆਂ ਨੇ ਇਸ ਹਾਦਸੇ ਨੂੰ ਨੈਸ਼ਨਲ ਹਾਈਵੇਅ ਦੀ ਅਣਗਹਿਲੀ ਦੱਸਿਆ ਤੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ 30 ਦੇ ਕਰੀਬ ਪਿੰਡਾਂ ਦੀ ਬਿਜਲੀ ਬੰਦ ਪਈ ਹੈ। ਸਪਲਾਈ ਨੂੰ ਚਾਲੂ ਕਰਨ ਲਈ ਯਤਨ ਕੀਤੇ ਜਾ ਰਹੇ ਸਨ ਕਿ ਇਹ ਹਾਦਸਾ ਵਾਪਰ ਗਿਆ। ਮ੍ਰਿਤਕ ਦੇ ਰਿਸ਼ਤੇਦਾਰ ਪ੍ਰਿੰਸ ਅਤੇ ਛਿੰਦਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਤੜਕੇ 4 ਵਜੇ ਜਾਣਕਾਰੀ ਦਿੱਤੀ ਗਈ ਕਿ ਹਾਦਸਾ ਵਾਪਰ ਗਿਆ ਹੈ ਉਹ ਆਏ ਤਾਂ ਉਸ ਵਕਤ ਦਰਸ਼ਨ ਸਿੰਘ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦਰਸ਼ਨ ਸਿੰਘ ਦਾ ਵਿਆਹ ਸਾਲ ਪਹਿਲਾਂ ਹੋਇਆ ਸੀ ਜਿਸ ਦੀ ਪਤਨੀ ਗਰਭਵਤੀ ਸੀ। ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਗਈ ਹੈ। ਸਿਟੀ ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਵਾਰਸਾਂ ਦੇ ਬਿਆਨ ਦਰਜ ਕਰਕੇ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦੇਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਮਨਾਕ ਘਟਨਾ, ਸਕੂਲ ਲੈ ਕੇ ਜਾਂਦੇ ਆਟੋ ਵਾਲੇ ਨੇ ਗਰਭਵਤੀ ਕੀਤੀ ਕੁੜੀ
ਉਧਰ ਬਿਜਲੀ ਸਪਲਾਈ ਬੰਦ ਹੋਣ ਕਾਰਨ ਇੰਡਸਟਰੀ ਫੋਕਲ ਪੁਆਇੰਟ ਦੇ ਪ੍ਰਧਾਨ ਵਰਿੰਦਰ ਸਿੰਘ ਸਮੇਤ ਉਦਯੋਗਾਂ ਵਾਲਿਆਂ ਨੇ ਦੱਸਿਆ ਕਿ ਇਹ ਸਭ ਕੁਝ ਨੈਸ਼ਨਲ ਹਾਈਵੇਅ ਵਾਲਿਆਂ ਦੀ ਅਣਗਹਿਲੀ ਦੇ ਕਾਰਨ ਵਾਪਰਿਆ ਹੈ। ਜਿਨ੍ਹਾਂ ਨੇ ਨਿਰਮਾਣ ਅਧੀਨ ਅਧੂਰੇ ਪੁਲ ’ਤੇ ਆਵਾਜਾਈ ਨੂੰ ਰੋਕਣ ਦੀ ਬਜਾਏ ਚਾਲੂ ਰੱਖਿਆ ਤੇ ਪੁਲ ਦੇ ਨਿਰਮਾਣ ਤੋਂ ਪਹਿਲਾਂ ਹਾਈਵੋਲਟੇਜ਼ ਵਾਲੀਆਂ ਤਾਰਾਂ ਉੱਚੀਆਂ ਨਹੀਂ ਕੀਤੀਆਂ। ਕੰਪਨੀ ਵੱਲੋਂ ਪੁਲ ਤਾਂ ਬਣਾ ਦਿੱਤਾ ਗਿਆ ਪਰ ਤਾਰਾਂ ਉਚੀਆਂ ਨਹੀ ਕੀਤੀਆਂ ਜਿਸ ਕਾਰਨ ਟਿੱਪਰ ਦੇ ਟਕਰਾਉਣ ਕਾਰਨ ਸਮੁੱਚੇ ਖੇਤਰ ਦੀ ਬਿਜਲੀ ਸਪਲਾਈ ਬੰਦ ਹੋ ਗਈ। ਕਰੀਬ 30 ਪਿੰਡਾਂ ਦੀ ਖੇਤੀ ਤੇ ਘਰੇਲੂ ਬਿਜਲੀ ਬੰਦ ਹੋ ਗਈ।
ਇਹ ਵੀ ਪੜ੍ਹੋ : ਡੇਰਾ ਰਾਧਾ ਸੁਆਮੀ ਸਤਿਸੰਗ ਨੂੰ ਲੈ ਕੇ ਵੱਡੀ ਖ਼ਬਰ, ਟੁੱਟ ਗਏ ਰਿਕਾਰਡ
ਉਨ੍ਹਾਂ ਦੱਸਿਆ ਕਿ ਫੋਕਲ ਪੁਆਇੰਟ ’ਚ ਚੱਲ ਰਹੀ ਇੰਡਸਟਰੀ ਦਾ ਬਿਜਲੀ ਬੰਦ ਹੋਣ ਕਾਰਨ ਕਰੋੜਾਂ ਦਾ ਨੁਕਸਾਨ ਹੋ ਗਿਆ ਤੇ ਕੰਪਨੀ ਤੇ ਐੱਨ. ਐੱਚ. ਆਈ. ਏ. ਦੇ ਅਧਿਕਾਰੀਆਂ ਨੇ ਬਿਜਲੀ ਸਪਲਾਈ ਲਈ ਰਾਤ ਦੇ ਵਕਤ ਕੀਤੇ ਜਾ ਰਹੇ ਕੰਮ ਦੇ ਯੋਗ ਪ੍ਰਬੰਧਾਂ ਦੀ ਘਾਟ ਕਰ ਕੇ ਨੌਜਵਾਨ ਕੰਟਰੈਕਟ ਮੁਲਾਜ਼ਮ ਦੀ ਪੋਲ ਤੋਂ ਡਿੱਗਣ ਕਾਰਨ ਮੌਤ ਹੋ ਗਈ। ਉਧਰ ਐੱਨ. ਐੱਚ. ਆਈ. ਏ. ਦੇ ਅਧਿਕਾਰੀ ਵਿੱਕੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੁਲ ’ਤੇ ਆਵਾਜਾਈ ਬੰਦ ਕਰਨ ਲਈ ਕਰੈਸ਼ਰ ਮਿੱਟੀ ਆਦਿ ਲਾ ਕੇ ਬੰਦ ਕੀਤਾ ਹੋਇਆ ਹੈ ਪਰ ਫਿਰ ਵੀ ਕੋਈ ਵਹੀਕਲ ਦੇ ਪੁਲ ’ਤੇ ਚੜ੍ਹਣ ਕਾਰਨ ਹਾਈਵੋਲਟੇਜ਼ ਤਾਰਾਂ ਨਾਲ ਟਕਰਾਉਣ ਕਾਰਨ ਬਿਜਲੀ ਪ੍ਰਭਾਵਿਤ ਹੋਈ ਹੈ। ਜਿਸ ਨੂੰ ਠੀਕ ਕਰਨ ਲਈ ਪੀ. ਐੱਸ. ਪੀ. ਸੀ. ਐੱਲ . ਰਾਹੀਂ ਬਿਜਲੀ ਸਪਲਾਈ ਬਹਾਲ ਕਰਨ ਲਈ ਕੰਮ ਕੀਤਾ ਜਾ ਰਿਹਾ ਸੀ, ਜਿਸ ਕਾਰਨ ਹਾਦਸਾ ਵਾਪਰ ਗਿਆ ਤੇ ਇਕ ਮੁਲਾਜ਼ਮ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇੰਡਸਟਰੀ ਫੋਕਲ ਪੁਆਇੰਟ ਤੇ ਦਾਨੇਵਾਲਾ ਦੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਬਿਨਾਂ ਕੰਮ ਪੂਰਾ ਹੋਣ ’ਤੇ ਪੁਲ ਚੱਲ ਰਿਹਾ ਸੀ। ਹੁਣ ਹਾਦਸਾ ਹੋਣ ਤੋਂ ਬਾਅਦ ਮਿੱਟੀ ਸੁੱਟ ਕਿ ਸੜਕ ਬੰਦ ਕਰਨ ਦਾ ਡਰਾਮਾ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਭਰ ਦੇ ਸਕੂਲਾਂ ਦਾ ਸਮਾਂ ਬਦਲਿਆ, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e