ਪੰਜਾਬ ਵਿਧਾਨ ਸਭਾ 'ਚ ਗੂੰਜੇਗਾ ਨਸ਼ਿਆਂ ਦਾ ਮੁੱਦਾ, 22 ਤਾਰੀਖ਼ ਨੂੰ ਖੁੱਲ੍ਹ ਕੇ ਹੋਵੇਗੀ ਚਰਚਾ
Saturday, Mar 11, 2023 - 01:05 PM (IST)
ਚੰਡੀਗੜ੍ਹ : ਪੰਜਾਬ ਇਸ ਸਮੇਂ ਬੁਰੀ ਤਰ੍ਹਾਂ ਨਸ਼ਿਆਂ ਦੀ ਦਲਦਲ 'ਚ ਫਸਿਆ ਹੋਇਆ ਹੈ ਅਤੇ ਨਸ਼ਿਆਂ ਕਾਰਨ ਰੋਜ਼ਾਨਾ ਕਈ ਘਰ ਉੱਜੜ ਚੁੱਕੇ ਹਨ। ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਵੀ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਛਿੜੀ। ਸਦਨ 'ਚ ਬੋਲਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਗੁਰੂਆਂ ਦੀ ਪਵਿੱਤਰ ਧਰਤੀ ਅੰਮ੍ਰਿਤਸਰ, ਗੋਇੰਦਵਾਲ ਸਾਹਿਬ, ਤਰਨਤਾਰਨ ਅਤੇ ਖਡੂਰ ਸਾਹਿਬ 'ਚ ਸਭ ਤੋਂ ਜ਼ਿਆਦਾ ਨਸ਼ਿਆਂ ਦਾ ਕਹਿਰ ਹੈ ਅਤੇ ਕਈ ਘਰਾਂ ਦੇ ਚਿਰਾਗ ਨਸ਼ਿਆਂ ਦੇ ਬੁਝਾ ਦਿੱਤੇ ਹਨ।
ਇਹ ਵੀ ਪੜ੍ਹੋ : ਸਦਨ 'ਚ ਪ੍ਰਤਾਪ ਸਿੰਘ ਬਾਜਵਾ ਨੇ ਖਹਿਰਾ ਨੂੰ ਮਿਲੀ ਧਮਕੀ ਦਾ ਮੁੱਦਾ ਚੁੱਕਿਆ, ਸਪੀਕਰ ਨੂੰ ਕੀਤੀ ਮੰਗ
ਡਾ. ਬਲਬੀਰ ਸਿੰਘ ਵੱਲੋਂ ਨਸ਼ਿਆਂ ਦੇ ਮੁੱਦੇ 'ਤੇ ਵਿਧਾਨ ਸਭਾ 'ਚ ਚਰਚਾ ਕੀਤੇ ਜਾਣ ਦੀ ਮੰਗ ਸਦਨ ਅੱਗੇ ਰੱਖੀ ਗਈ। ਇਸ ਦੌਰਾਨ ਸਪੀਕਰ ਨੇ ਸਭ ਦੀ ਸਹਿਮਤੀ ਨਾਲ ਫ਼ੈਸਲਾ ਦਿੱਤਾ ਕਿ 22 ਮਾਰਚ ਨੂੰ ਹੋਣ ਵਾਲੀ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਨਸ਼ਿਆਂ ਦੇ ਮੁੱਦੇ 'ਤੇ ਚਰਚਾ ਕੀਤੀ ਜਾਵੇਗੀ। ਪਹਿਲਾਂ ਸਪੀਕਰ ਵੱਲੋਂ ਇਕ ਘੰਟੇ ਲਈ ਇਹ ਵਿਚਾਰ ਕਰਨ ਦੀ ਗੱਲ ਕਹੀ ਗਈ ਪਰ ਬਾਅਦ 'ਚ ਉਨ੍ਹਾਂ ਨੇ ਕਿਹਾ ਕਿ 22 ਮਾਰਚ ਨੂੰ ਸਦਨ ਅੰਦਰ 2 ਘੰਟੇ ਨਸ਼ਿਆਂ ਦੇ ਮੁੱਦੇ 'ਤੇ ਵਿਚਾਰ-ਚਰਚਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਬਜਟ ਸੈਸ਼ਨ ਮਗਰੋਂ ਪੰਜਾਬ ਸਰਕਾਰ ਖ਼ਿਲਾਫ਼ ਹਾਈਕੋਰਟ ਜਾਵੇਗੀ ਕਾਂਗਰਸ, ਜਾਣੋ ਕੀ ਹੈ ਪੂਰਾ ਮਾਮਲਾ
ਡਾ. ਬਲਬੀਰ ਸਿੰਘ ਨੇ ਇਹ ਵੀ ਕਿਹਾ ਕਿ ਗੁਰਦਾਸਪੁਰ ਅਤੇ ਡੇਰਾ ਬਾਬਾ ਨਾਨਕ ਜਿਹੇ ਇਲਾਕਿਆਂ 'ਚ ਅਜੇ ਵੀ ਲੋਕਾਂ ਨੂੰ ਕੁੜੀਆਂ ਨੂੰ ਕੁੱਖ 'ਚ ਮਾਰ ਦਿੱਤਾ ਜਾਂਦਾ ਹੈ ਅਤੇ ਇੱਥੇ 1000 ਮੁੰਡਿਆਂ ਪਿੱਛੇ ਸਿਰਫ 887 ਕੁੜੀਆਂ ਹਨ, ਜੋ ਕਿ ਇਕ ਗੰਭੀਰ ਵਿਸ਼ਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ