ਪੰਜਾਬ ਵਿਧਾਨ ਸਭਾ ਨੂੰ ਪੇਪਰਲੈੱਸ ਕਰਨ ਦੇ ਪ੍ਰੋਜੈਕਟ ਤਹਿਤ ਵਿਧਾਇਕਾਂ ਨੂੰ ਮਿਲਣਗੇ ਐਪਲ ਆਈਪੈਡ
Wednesday, Apr 26, 2023 - 08:43 AM (IST)
ਚੰਡੀਗੜ੍ਹ (ਰਮਨਜੀਤ ਸਿੰਘ): ਪੰਜਾਬ ਵਿਧਾਨ ਸਭਾ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ-ਪਹਿਲਾਂ ਪੇਪਰਲੈੱਸ ਕਾਰਵਾਈ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੋ ਜਾਵੇਗੀ। ਪੰਜਾਬ ਦੇ ਵਿਧਾਇਕਾਂ ਨੂੰ ਨਾ ਸਿਰਫ ਵਿਧਾਨ ਸਭਾ ਸਦਨ ਦੇ ਅੰਦਰ ਉਨ੍ਹਾਂ ਦੀਆਂ ਸੀਟਾਂ ’ਤੇ ਆਈਪੈਡ ਪ੍ਰੋ (12.9 ਇੰਚ) ਫਿਕਸ ਕੀਤੇ ਹੋਏ ਮਿਲਣਗੇ, ਸਗੋਂ ਇੱਕ ਆਈਪੈਡ ਵਾਧੂ ਵੀ ਉਪਲਬਧ ਕਰਵਾਇਆ ਜਾਵੇਗਾ। ਪੰਜਾਬ ਵਿਧਾਨ ਸਭਾ ਸਕੱਤਰੇਤ ਅਤੇ ਪੰਜਾਬ ਸਰਕਾਰ ਦੇ ਸਬੰਧਤ ਵਿਭਾਗਾਂ ਵਲੋਂ ਇਸ ਕਾਰਜ ਨੂੰ ਅਗਲੇ ਸੈਸ਼ਨ ਤੋਂ ਪਹਿਲਾਂ ਪੂਰਾ ਕਰਨ ਲਈ ਜੰਗੀ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬਣ ਦੇ ਕਤਲ ਦਾ ਮਾਮਲਾ, ਮੁਲਜ਼ਮ ਧਰਮ ਸਿੰਘ ਧਾਲੀਵਾਲ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
100 ਫੀਸਦੀ ਹਿੱਸਾ ਕੇਂਦਰ ਸਰਕਾਰ ਦਾ ਅਤੇ 40 ਫੀਸਦੀ ਪੰਜਾਬ
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਨੂੰ ਪੂਰੀ ਤਰ੍ਹਾਂ ਨਾਲ ਪੇਪਰਲੈੱਸ ਕਰਨ ਲਈ 271 ਆਈਪੈਡ ਪ੍ਰੋ (12.9 ਇੰਚ) ਖਰੀਦੇ ਜਾ ਰਹੇ ਹਨ। ਵਿਧਾਨ ਸਭਾ ਨੂੰ ਪੂਰੀ ਤਰ੍ਹਾਂ ਨਾਲ ਡਿਜ਼ੀਟਲਾਈਜ਼ ਕਰਨ ਦਾ ਪ੍ਰੋਜੈਕਟ 12 ਕਰੋੜ ਰੁਪਏ ਦਾ ਹੈ, ਜਿਸ ਵਿਚ 60 ਫੀਸਦੀ ਹਿੱਸਾ ਕੇਂਦਰ ਸਰਕਾਰ ਦਾ ਹੈ ਅਤੇ 40 ਫ਼ੀਸਦੀ ਹਿੱਸਾ ਪੰਜਾਬ ਵਲੋਂ ਦਿੱਤਾ ਗਿਆ ਹੈ। ਖਰੀਦੇ ਜਾ ਰਹੇ 271 ਐਪਲ ਆਈਪੈਡਜ਼ ਵਿਚੋਂ 152 ਆਈਪੈਡ ਵਿਧਾਨ ਸਭਾ ਸਦਨ ਅੰਦਰ ਵਿਧਾਇਕਾਂ ਦੀਆਂ ਸੀਟਾਂ ਦੇ ਨਾਲ-ਨਾਲ ਸਪੀਕਰ, ਡਿਪਟੀ ਸਪੀਕਰ, ਵਿਧਾਨ ਸਭਾ ਸਕੱਤਰ ਅਤੇ ਪ੍ਰੈੱਸ ਗੈਲਰੀ ਮੈਂਬਰਾਂ ਦੀਆਂ ਸੀਟਾਂ ’ਤੇ ਫਿਕਸ ਕੀਤੇ ਜਾਣਗੇ। ਇਹ ਸਾਰੇ ਆਈਪੈਡ ਵਾਈ-ਫਾਈ ਸਹੂਲਤ ਦੇ ਜ਼ਰੀਏ ਪੰਜਾਬ ਵਿਧਾਨ ਸਭਾ ਦੇ ਕੰਮਕਾਜ ਲਈ ਤਿਆਰ ਨੇਵਾ (ਨੈਸ਼ਨਲ ਈ-ਵਿਧਾਨ ਐਪ) ਦੇ ਨਾਲ ਕਨੈਕਟ ਹੋਣਗੇ। ਇਨ੍ਹਾਂ ਨੂੰ ਸੀਟਾਂ ’ਤੇ ਫਿਕਸ ਕਰਨ ਲਈ ਵੀ ਵਿਸ਼ੇਸ਼ ਤਰ੍ਹਾਂ ਦੇ ਸਟੈਂਡ ਹੋਣਗੇ, ਜਿਨ੍ਹਾਂ ਨੂੰ ਇੱਧਰ-ਉੱਧਰ ਲੋੜ ਮੁਤਾਬਕ ਘੁਮਾਇਆ ਵੀ ਜਾ ਸਕੇਗਾ, ਤਾਂ ਕਿ ਵਿਧਾਨ ਸਭਾ ਵਿਚ ਪੇਸ਼ ਹੋਣ ਵਾਲੇ ਬਿੱਲਾਂ, ਦਸਤਾਵੇਜ਼, ਰਿਪੋਰਟ ਅਤੇ ਸਵਾਲ-ਜਵਾਬ ਆਦਿ ਨੂੰ ਸੌਖ ਨਾਲ ਪੜ੍ਹਿਆ ਜਾ ਸਕੇ। ਨਵਾਂ ਸਿਸਟਮ ਹੋਣ ਕਾਰਨ ਖਰਾਬੀ ਕਾਰਨ ਵਿਧਾਇਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸਦੇ ਹੱਲ ਲਈ ਵਿਧਾਨ ਸਭਾ ਸੈਸ਼ਨ ਦੌਰਾਨ ਹਰ ਸਮੇਂ ਐਪਲ ਆਈਪੈਡ ਪ੍ਰੋ ਦੀ ਪੂਰੀ ਜਾਣਕਾਰੀ ਰੱਖਣ ਵਾਲਾ ਇੱਕ ਇੰਜੀਨੀਅਰ ਵਿਧਾਨ ਸਭਾ ਵਿਚ ਡਿਊਟੀ ’ਤੇ ਤਾਇਨਾਤ ਰਹੇਗਾ। ਇਸਦੇ ਨਾਲ ਹੀ ਐਪ ਨੂੰ ਡਿਵੈਲਪ ਕਰਨ ਵਾਲੇ ਨੈਸ਼ਨਲ ਇੰਫਾਰਮੇਟਿਕਸ ਸੈਂਟਰ ਦੇ ਇੰਜੀਨੀਅਰ ਵੀ ਮੌਜੂਦ ਰਹਿਣਗੇ।
ਯੂਜ਼ਰ ਆਈ. ਡੀ. ਅਤੇ ਪਾਸਵਰਡ ਨਾਲ ਪ੍ਰੋਟੈਕਟਡ ਹੋਵੇਗਾ ਸਿਸਟਮ
ਸਦਨ ਵਿਚ ਮੌਜੂਦ ਸੀਟਾਂ ’ਤੇ ਫਿਕਸ ਕੀਤੇ ਜਾਣ ਵਾਲੇ ਐਪਲ ਆਈਪੈਡ ਅਤੇ ਵਿਧਾਇਕਾਂ ਨੂੰ ਆਪਣੇ ਨਾਲ ਕੈਰੀ ਕਰਨ ਲਈ ਦਿੱਤੇ ਜਾਣ ਵਾਲੇ ਐਪਲ ਆਈਪੈਡ, ਸਾਰੇ ਯੂਜ਼ਰ ਆਈ. ਡੀ. ਅਤੇ ਪਾਸਵਰਡ ਨਾਲ ਪ੍ਰੋਟੈਕਟਡ ਹੋਣਗੇ। ਮਹੱਤਵਪੂਰਨ ਜਾਣਕਾਰੀ ਅਤੇ ਦਸਤਾਵੇਜ਼ਾਂ ਦੇ ਨਾਲ-ਨਾਲ ਵਿਧਾਇਕਾਂ ਵਲੋਂ ਵਿਧਾਨ ਸਭਾ ਸਕੱਤਰੇਤ ਨਾਲ ਕੀਤੇ ਜਾਣ ਵਾਲੇ ਸੰਪਾਦਕ ਦਾ ਵੀ ਕੁਝ ਹਿੱਸਾ ਇਸ ਐਪ ਵਿਚ ਮੌਜੂਦ ਰਹੇਗਾ, ਜਿਸ ਕਾਰਨ ਇਸ ਨੂੰ ਸੁਰੱਖਿਅਤ ਤਰੀਕੇ ਨਾਲ ਇਸਤੇਮਾਲ ਕਰਨ ਲਈ ਤਿਆਰ ਕੀਤਾ ਜਾ ਰਿਹਾ ਹੈ।
ਵਿਧਾਇਕਾਂ ਨੂੰ ਮਿਲੇਗੀ ਟ੍ਰੇਨਿੰਗ
ਅਗਲੇ ਵਿਧਾਨ ਸਭਾ ਸੈਸ਼ਨ ਨੂੰ ਪੂਰੀ ਤਰ੍ਹਾਂ ਨਾਲ ਪੇਪਰਲੈੱਸ ਕਰਨ ਲਈ ਚੱਲ ਰਹੀ ਪ੍ਰਕਿਰਿਆ ਦੌਰਾਨ ਹੀ ਪੰਜਾਬ ਵਿਧਾਨ ਸਭਾ ਵਲੋਂ ਵਿਧਾਇਕਾਂ ਦੀ ਟ੍ਰੇਨਿੰਗ ਕਰਵਾਈ ਜਾਣੀ ਹੈ। ਇਹ ਟ੍ਰੇਨਿੰਗ ਪੰਜਾਬ ਵਿਧਾਨ ਸਭਾ ਸਕੱਤਰੇਤ, ਪੰਜਾਬ ਸਰਕਾਰ ਦੇ ਪ੍ਰਬੰਧਕੀ ਸੁਧਾਰ ਵਿਭਾਗ ਅਤੇ ਕੇਂਦਰ ਸਰਕਾਰ ਦੇ ਐੱਨ. ਆਈ. ਸੀ. ਦੇ ਮਾਹਿਰਾਂ ਨਾਲ ਮਿਲ ਕੇ ਕਰਵਾਈ ਜਾਣੀ ਹੈ। ਸੰਭਾਵਨਾ ਹੈ ਕਿ ਇਸ ਟ੍ਰੇਨਿੰਗ ਲਈ ਸੰਸਦ ਦੇ ਮਾਹਿਰ ਵੀ ਬੁਲਾਏ ਜਾਣਗੇ, ਕਿਉਂਕਿ ਉੱਥੇ ਨੇਵਾ ਐਪ ਦੇ ਸਬੰਧ ਵਿਚ ਕਾਫ਼ੀ ਸਮੇਂ ਤੋਂ ਕੰਮ ਚੱਲ ਰਿਹਾ ਹੈ।
ਹਰ ਵਿਧਾਨ ਸਭਾ ਸੈਸ਼ਨ ਦੌਰਾਨ 21 ਲੱਖ ਰੁਪਏ ਦੀ ਬਚਤ ਹੋਵੇਗੀ
ਪੰਜਾਬ ਵਿਧਾਨ ਸਭਾ ਨੂੰ ਡਿਜੀਟਾਈਜ਼ ਕਰਨ ਦੀ ਕੋਸ਼ਿਸ਼ ਪਿਛਲੀ ਸਰਕਾਰ ਦੇ ਸਮੇਂ ਤੋਂ ਹੀ ਚੱਲ ਰਹੀ ਹੈ ਪਰ ਹੁਣ ਤੱਕ ਇਹ ਸਿਰੇ ਨਹੀਂ ਚੜ੍ਹ ਸਕੀ ਸੀ। ਸੱਤਾ ਤਬਦੀਲੀ ਤੋਂ ਬਾਅਦ ਬੀਤੇ ਸਾਲ ਵਿਧਾਨ ਸਭਾ ਸੈਸ਼ਨ ਦੌਰਾਨ ਹੀ ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਡਿਜ਼ੀਟਲਾਈਜੇਸ਼ਨ ਕਰਨ ਦਾ ਜ਼ਿਕਰ ਕੀਤਾ ਸੀ ਅਤੇ ਦੱਸਿਆ ਸੀ ਕਿ ਇਸ ਨਾਲ ਨਾ ਸਿਰਫ ਹਰ ਵਿਧਾਨ ਸਭਾ ਸੈਸ਼ਨ ਦੌਰਾਨ 21 ਲੱਖ ਰੁਪਏ ਦੀ ਬਚਤ ਹੋਵੇਗੀ, ਸਗੋਂ ਡਿਜੀਟਲਾਈਜੇਸ਼ਨ ਕਾਰਨ ਤਕਰੀਬਨ ਹਰ ਸੈਸ਼ਨ ਦੌਰਾਨ ਇਸਤੇਮਾਲ ਹੋਣ ਵਾਲੇ 34 ਟਨ ਕਾਗਜ਼ ਦੀ ਵੀ ਬਚਤ ਹੋਵੇਗੀ, ਜੋ ਕਿ ਦਰੱਖਤਾਂ ਦੀ ਕਟਾਈ ਨਾ ਹੋਣ ਕਾਰਨ ਵਾਤਾਵਰਣ ਦੀ ਬਿਹਤਰੀ ਦੇ ਕੰਮ ਆਵੇਗੀ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਪੰਜਾਬ ਵਿਧਾਨ ਸਭਾ ਦੇ ਕੰਮਕਾਜ ਨੂੰ ਮੌਜੂਦਾ ਦੌਰ ਨਾਲ ਚਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਨਾਲ ਨਾ ਸਿਰਫ ਕਾਗਜ਼ ਦੀ ਬਚਤ ਦੇ ਜ਼ਰੀਏ ਵਾਤਾਵਰਣ ਸੁਰੱਖਿਆ ਵਿਚ ਯੋਗਦਾਨ ਪਵੇਗਾ, ਸਗੋਂ ਵਿਧਾਇਕਾਂ ਦੀ ਕਾਰਜਪ੍ਰਣਾਲੀ ਨੂੰ ਆਸਾਨ ਬਣਾਇਆ ਜਾ ਸਕੇਗਾ। ਵਿਧਾਇਕਾਂ ਨੂੰ ਇਸਦੇ ਇਸਤੇਮਾਲ ਵਿਚ ਪੂਰੀ ਤਰ੍ਹਾਂ ਜਾਣੂੰ ਕਰਵਾਉਣ ਲਈ ਛੇਤੀ ਹੀ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਹੋਵੇਗਾ।
ਇਹ ਵੀ ਪੜ੍ਹੋ: ਜੁੜਵਾਂ ਲੱਗਦੀਆਂ ਹਨ ਮਾਵਾਂ-ਧੀਆਂ ; 25 ਸਾਲ ਦਾ ਫਰਕ ਪਰ ਦੱਸ ਨਹੀਂ ਸਕਦਾ ਕੋਈ ਵੀ!