ਪੰਜਾਬ ਵਿਧਾਨ ਸਭਾ ਦੇ ''ਲਾਈਵ ਪ੍ਰਸਾਰਣ'' ਸਬੰਧੀ ਸਪੀਕਰ ਨੂੰ ਮਿਲੇ ''ਆਪ'' ਵਿਧਾਇਕ

02/08/2019 2:17:06 PM

ਚੰਡੀਗੜ੍ਹ (ਮਨਮੋਹਨ) : ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਸਮੇਤ ਕਈ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਦੇ ਲਾਈਵ ਪ੍ਰਸਾਰਣ ਦੇ ਮੁੱਦੇ 'ਤੇ ਸਪੀਕਰ ਰਾਣਾ ਕੇ. ਪੀ. ਨਾਲ ਮੁਲਾਕਾਤ ਕੀਤੀ। ਅਮਨ ਅਰੋੜਾ ਨੇ ਕਿਹਾ ਕਿ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਕਹਿੰਦੇ ਹਨ ਕਿ ਇਕ ਵਿਧਾਨ ਸਭਾ ਸੈਸ਼ਨ ਬੁਲਾਉਣ 'ਚ ਕਾਫੀ ਪੈਸਾ ਖਰਚ ਹੁੰਦਾ ਹੈ ਤਾਂ ਲੋਕ ਵੀ ਉਮੀਦ ਕਰਦੇ ਹਨ ਕਿ ਪੰਜਾਬ ਵਿਧਾਨ ਸਭਾ ਦਾ ਸਿੱਧਾ ਪ੍ਰਸਾਰਣ ਚਲਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ 2 ਵਾਰ ਸਪੀਕਰ ਨੂੰ ਕਹਿ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਵੀ ਕੇਸ ਕੀਤਾ ਹੈ, ਜਿਸ 'ਤੇ ਏ. ਜੀ. ਪੰਜਾਬ ਅਤੁਲ ਨੰਦਾ ਬਿਨਾ ਕਿਸੇ ਨੋਟਿਸ ਦੇ ਹਾਈਕੋਰਟ 'ਚ ਹਾਜ਼ਰ ਹੋਏ ਪਰ ਫਿਰ ਵੀ ਇਸ 'ਤੇ ਕੋਈ ਅਮਲ ਨਹੀਂ ਕੀਤਾ ਗਿਆ।

'ਮੇਰੀ ਵਿਧਾਨ ਸਭਾ, ਮੇਰਾ ਹੱਕ' ਨਾਂ ਤੋਂ ਸੋਸ਼ਲ ਮੀਡੀਆ 'ਤੇ ਮੁਹਿੰਮ ਚਲਾਉਣ ਵਾਲੇ ਅਮਨ ਅਰੋੜਾ ਨੇ ਕਿਹਾ ਕਿ ਇਨ੍ਹਾਂ ਨੂੰ ਹਰਿਆਣਾ ਵਿਧਾਨ ਸਭਾ ਤੋਂ ਸਿੱਖਣਾ ਚਾਹੀਦਾ ਹੈ, ਜੋ ਕਿ ਸਿੱਧਾ ਪ੍ਰਸਾਰਣ ਦਿਖਾਉਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹਰਿਆਣਾ ਅਜਿਹਾ ਕਰ ਸਕਦਾ ਹੈ ਤਾਂ ਫਿਰ ਪੰਜਾਬ ਸਰਕਾਰ ਨੂੰ ਕੀ ਡਰ ਹੈ। ਅਮਨ ਅਰੋੜਾ ਨੇ ਕਿਹਾ ਕਿ ਜਨਤਾ ਤੇ ਮੀਡੀਆ ਦੇ ਹੱਕਾਂ 'ਤੇ ਡਾਕਾ ਮਾਰਿਆ ਜਾ ਰਿਹਾ ਹੈ। ਅਮਨ ਅਰੋੜਾ ਨੇ ਕਿਹਾ ਕਿ ਲਾਈਵ ਟੈਲੀਕਾਸਟ ਨੂੰ ਲੈ ਕੇ ਸਪੀਕਰ ਵਲੋਂ ਹਾਂ ਪੱਖੀ ਕਾਰਵਾਈ ਦਾ ਉਨ੍ਹਾਂ ਨੂੰ ਭਰੋਸਾ ਦੁਆਇਆ ਗਿਆ ਹੈ।


Babita

Content Editor

Related News