ਪੰਜਾਬ ਵਿਧਾਨ ਸਭਾ ਚੋਣਾਂ 2022: ‘ਆਪ’ ਵੱਲੋਂ ਪੰਜਾਬ ’ਚ 34 ਰਿਜ਼ਰਵ ਸੀਟਾਂ ’ਚੋਂ 26 ’ਤੇ ਕਬਜ਼ਾ
Saturday, Mar 12, 2022 - 06:31 PM (IST)
ਜਲੰਧਰ (ਧਵਨ)- ਪੰਜਾਬ ਦੇ ਚੋਣ ਨਤੀਜਿਆਂ ਦਾ ਵਿਸ਼ੇਸ਼ਣ ਕਰਨ ਤੋਂ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ’ਚ ਕੁੱਲ ਰਿਜ਼ਰਵ 34 ਸੀਟਾਂ ’ਚੋਂ 26 ਸੀਟਾਂ ’ਤੇ ਕਬਜ਼ਾ ਜਮਾਇਆ ਹੈ। ਕਾਂਗਰਸ ਨੇ ਵਿਧਾਨ ਸਭਾ ਚੋਣਾਂ ਤੋਂ 3-4 ਮਹੀਨੇ ਪਹਿਲਾਂ ਪੰਜਾਬ ’ਚ ਐੱਸ. ਸੀ. ਸੀ. ਐੱਮ. ਦਾ ਕਾਰਡ ਖੇਡਿਆ ਸੀ ਜੋ ਅਸਰ ਵਿਖਾਉਣ ’ਚ ਅਸਫ਼ਲ ਰਿਹਾ। ਪੰਜਾਬ ’ਚ 34 ਰਿਜ਼ਰਵ ਸੀਟਾਂ ਸਨ, ਜਿਨ੍ਹਾਂ ’ਚੋਂ ਆਮ ਆਦਮੀ ਪਾਰਟੀ 26 ਅਤੇ ਅਕਾਲੀ ਦਲ-ਬਸਪਾ ਗਠਜੋੜ 2 ਸੀਟਾਂ ’ਤੇ ਜਿੱਤ ਹਾਸਲ ਕਰਨ ’ਚ ਕਾਮਯਾਬ ਰਿਹਾ। ਕਾਂਗਰਸ ਦਾ ਐੱਸ. ਸੀ. ਕਾਰਡ ਵੀ ਉਸ ਨੂੰ ਸੱਤਾ ’ਚ ਵਾਪਸੀ ਨਹੀਂ ਕਰਵਾ ਸਕਿਆ ਹੈ। ਕਾਂਗਰਸ ਨੂੰ ਸਿਰਫ਼ 6 ਰਿਜ਼ਰਵ ਸੀਟਾਂ ’ਤੇ ਜਿੱਤ ਹਾਸਲ ਹੋਈ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 2 ਰਿਜ਼ਰਵ ਸੀਟਾਂ ਸ੍ਰੀ ਚਮਕੌਰ ਸਾਹਿਬ ਅਤੇ ਭਦੌੜ ਤੋਂ ਚੋਣ ਲੜੇ ਸਨ ਪਰ ਇਨ੍ਹਾਂ ਦੋਵਾਂ ਸੀਟਾਂ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ।
ਇਹ ਵੀ ਪੜ੍ਹੋ:ਟਾਂਡਾ ਵਿਖੇ ਗਊਆਂ ਦੇ ਕਤਲ ਦਾ ਮਾਮਲਾ ਭਖਿਆ, ਹਿੰਦੂ ਸੰਗਠਨਾਂ ਵੱਲੋਂ ਜਲੰਧਰ-ਜੰਮੂ ਨੈਸ਼ਨਲ ਹਾਈਵੇਅ ਜਾਮ
ਕਾਂਗਰਸ ਇਹ ਮੰਨ ਕੇ ਚੱਲ ਰਹੀ ਸੀ ਕਿ ਦੋਆਬਾ ’ਚ ਰਿਜ਼ਰਵ ਸੀਟਾਂ ’ਤੇ ਉਸ ਨੂੰ ਚੰਗੀ ਸਫ਼ਲਤਾ ਮਿਲ ਜਾਵੇਗੀ ਪਰ ਦੋਆਬਾ ’ਚ ਵੀ ਐੱਸ. ਸੀ. ਕਾਰਡ ਸਫ਼ਲ ਹੁੰਦਾ ਹੋਇਆ ਵਿਖਾਈ ਨਹੀਂ ਦਿੱਤਾ। ਇਸ ਨਾਲ ਪੰਜਾਬ ’ਚ ਕਾਂਗਰਸ ਦੀ ਰਣਨੀਤੀ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਗਏ ਹਨ। ਕਾਂਗਰਸੀ ਚਾਹੇ ਇਹ ਕਹਿ ਰਹੇ ਹਨ ਕਿ ਐੱਸ. ਸੀ. ਕਾਰਡ ਨੂੰ ਫੇਲ ਕਰਨ ’ਚ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹਨ ਪਰ ਇਸ ਗੱਲ ਤੋਂ ਮਨ੍ਹਾ ਨਹੀਂ ਕੀਤਾ ਜਾ ਸਕਦਾ ਹੈ ਕਿ ਚਾਹੇ ਸਿੱਧੂ ਦੀ ਬਿਆਨਬਾਜ਼ੀ ਜਾਰੀ ਸੀ ਪਰ ਇਸ ਦੇ ਬਾਵਜੂਦ ਐੱਸ. ਸੀ. ਭਾਈਚਾਰੇ ਨੇ ਕਾਂਗਰਸ ਦੇ ਪੱਖ ’ਚ ਦਾਅ ਨਹੀਂ ਖੇਡਿਆ। ਰਿਜ਼ਰਵ ਸੀਟਾਂ ’ਤੇ ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਨੂੰ ਸਫ਼ਲਤਾ ਮਿਲੀ ਹੈ, ਉਹ ਵੀ ਕਾਂਗਰਸ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਪੈਦਾ ਕਰ ਰਹੀ ਹੈ।
ਇਹ ਵੀ ਪੜ੍ਹੋ: ਰੇਲ ਗੱਡੀ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, 4 ਦਿਨ ਰੱਦ ਰਹਿਣਗੀਆਂ ਇਹ ਟਰੇਨਾਂ
ਦੂਜੇ ਪਾਸੇ ਆਮ ਆਦਮੀ ਪਾਰਟੀ ਐੱਸ. ਸੀ. ਭਾਈਚਾਰੇ ਅੰਦਰ ਸੰਨ੍ਹ ਲਾਉਣ ’ਚ ਸਫ਼ਲ ਹੋ ਗਈ ਹੈ। ਕਾਂਗਰਸੀ ਨੇਤਾਵਾਂ ਦੀ ਜੇਕਰ ਮੰਨੀਏ ਤਾਂ ਰਿਜ਼ਰਵ ਸੀਟਾਂ ’ਤੇ ਵੀ ਆਮ ਆਦਮੀ ਪਾਰਟੀ ਬੰਪਰ ਜਿੱਤ ਹਾਸਲ ਕਰਨ ’ਚ ਸਫ਼ਲ ਹੋਈ ਹੈ। ਕਾਂਗਰਸ ਨੇ ਤਾਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਐੱਸ. ਸੀ. ਕਾਰਡ ’ਤੇ ਜ਼ੋਰ ਦਿੰਦੇ ਹੋਏ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰ ਦਿੱਤਾ ਸੀ। ਇਸ ਦਾ ਵੀ ਐੱਸ. ਸੀ. ਵੋਟਰਾਂ ’ਤੇ ਜ਼ਿਆਦਾ ਅਸਰ ਨਹੀਂ ਵੇਖਿਆ ਗਿਆ। ਇਸ ਤੋਂ ਬਾਅਦ ਐੱਸ. ਸੀ. ਕਾਂਗਰਸੀ ਨੇਤਾਵਾਂ ਅੰਦਰ ਭਾਰੀ ਹਲਚਲ ਮਚੀ ਹੋਈ ਹੈ।
ਇਹ ਵੀ ਪੜ੍ਹੋ: ਫਗਵਾੜਾ 'ਚ ਵੱਡੀ ਵਾਰਦਾਤ, ਲੁਟੇਰਿਆਂ ਨੇ SBI ਦਾ ATM ਤੋੜ ਕੇ ਲੁੱਟੀ 23 ਲੱਖ ਦੀ ਨਕਦੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ