ਪੰਜਾਬ ਵਿਧਾਨ ਸਭਾ ਚੋਣਾਂ: ਲੋਕਾਂ ਦੀਆਂ ਆਸਾਂ ’ਤੇ ਖਰਾ ਉੱਤਰਨਾ ‘ਆਪ’ ਲਈ ਵੱਡੀ ਚੁਣੌਤੀ
Friday, Mar 11, 2022 - 11:58 AM (IST)
ਜਲੰਧਰ (ਅਨਿਲ ਪਾਹਵਾ)- ਪੰਜਾਬ ’ਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਪਿਛਲੇ ਕਰੀਬ 2 ਮਹੀਨਿਆਂ ਤੋਂ ਚੋਣਾਂ ਨੂੰ ਲੈ ਕੇ ਚੱਲ ਰਹੀ ਜੱਦੋ-ਜਹਿਦ ਖ਼ਤਮ ਹੋ ਗਈ ਹੈ। ਸੂਬੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ‘ਹੂੰਝਾ ਫੇਰ’ ਬਹੁਮਤ ਦਿੱਤਾ ਹੈ, ਜਿਸ ਤੋਂ ਬਾਅਦ ਪੰਜਾਬ ’ਚ ਪਹਿਲੀ ਵਾਰ ਇੰਨੀ ਵੱਡੀ ਮਾਤਰਾ ’ਚ ਸੀਟਾਂ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਪਹਿਲੀ ਪਾਰਟੀ ਬਣ ਗਈ ਹੈ। ਦਿੱਲੀ ’ਚ ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਨੇ ਕਲੀਨ ਸਵੀਪ ਕੀਤਾ ਸੀ, ਕੁਝ ਉਹੋ ਜਿਹਾ ਹੀ ਨਜ਼ਾਰਾ ਪੰਜਾਬ ’ਚ ਵੀ ਵੇਖਣ ਨੂੰ ਮਿਲਿਆ। ਪੰਜਾਬ ’ਚ ਇਹ ਨਜ਼ਾਰਾ ਬਾਕੀ ਰਾਜਨੀਤਕ ਦਲਾਂ ਤੋਂ ਪ੍ਰੇਸ਼ਾਨ ਲੋਕਾਂ ਦੀ ਇਕ ਉਮੀਦ ਹੈ, ਜਿਸ ’ਤੇ ਖਰਾ ਉੱਤਰਨਾ ਹੁਣ ਆਮ ਆਦਮੀ ਪਾਰਟੀ ਲਈ ਬੇਹੱਦ ਜ਼ਰੂਰੀ ਹੋਵੇਗਾ।
ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਪੰਜਾਬ ’ਚ ਚੋਣਾਂ ਦੌਰਾਨ ਕਈ ਤਰ੍ਹਾਂ ਦੇ ਵਾਅਦੇ ਕੀਤੇ ਪਰ ਆਮ ਜਨਤਾ ਇਨ੍ਹਾਂ ਰਾਜਨੀਤਕ ਦਲਾਂ ਨੂੰ ਪਹਿਲਾਂ ਬਹੁਮਤ ਦੇ ਕੇ ਠੋਕ ਵਜਾ ਕੇ ਵੇਖ ਚੁੱਕੀ ਸੀ। ਪਹਿਲਾਂ ਅਕਾਲੀ ਦਲ-ਭਾਜਪਾ ਨੇ ਤੇ ਬਾਅਦ ’ਚ ਕਾਂਗਰਸ ਨੇ ਪਿਛਲੇ 10 ਸਾਲ ਸੱਤਾ ਚਲਾਈ ਅਤੇ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਜਨਤਾ ਜੋ ਚਾਹੁੰਦੀ ਸੀ ਉਹ ਨਹੀਂ ਹੋਇਆ ਅਤੇ ਜਨਤਾ ਜੋ ਨਹੀਂ ਚਾਹੁੰਦੀ ਸੀ ਉਹ ਸਭ ਕੁਝ ਹੋਇਆ, ਜਿਸ ਕਾਰਨ ਲੋਕ ਨਿਰਾਸ਼ ਹੋ ਗਏ ਅਤੇ ਉਨ੍ਹਾਂ ਨੇ ਤੀਸਰੇ ਬਦਲ ਦੇ ਤੌਰ ’ਤੇ ਆਮ ਆਦਮੀ ਪਾਰਟੀ ਨੂੰ ਬਹੁਮਤ ਦੇ ਦਿੱਤਾ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ ਨੇ ਪੰਜਾਬ ’ਚ ਕਾਂਗਰਸ ਦੀ ਲਾਜ ਬਚਾਈ, ਦੋਆਬਾ ’ਚ ‘ਆਪ’ ਨੇ ਜਮਾਈਆਂ ਜੜ੍ਹਾਂ
ਖ਼ੁਦ ਨੂੰ ਸਾਬਿਤ ਕਰਨ ਦਾ ਮੌਕਾ
ਹੁਣ ਆਮ ਆਦਮੀ ਪਾਰਟੀ ਕੋਲ ਇਕ ਵੱਡਾ ਮੌਕਾ ਹੈ, ਜਿਸ ’ਚ ਉਹ ਪੰਜਾਬ ਦੇ ਮਾਧਿਅਮ ਨਾਲ ਰਾਸ਼ਟਰੀ ਰਾਜਨੀਤੀ ’ਤੇ ਆਪਣਾ ਦਬਦਬਾ ਬਣਾ ਸਕਦੀ ਹੈ। ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉੱਤਰਨ ਲਈ ਪਾਰਟੀ ਨੂੰ ਉਸੇ ਤਰ੍ਹਾਂ ਕੰਮ ਕਰਨਾ ਹੋਵੇਗਾ, ਜਿਸ ਤਰ੍ਹਾਂ ਨਾਲ ਪਾਰਟੀ ਨੇ ਦਿੱਲੀ ’ਚ ਕੀਤਾ ਹੈ ਅਤੇ ਇਕ ਟੈਨਿਓਰ ਤੋਂ ਬਾਅਦ ਦੋਬਾਰਾ ਲੋਕਾਂ ਦਾ ਵੋਟ ਬੈਂਕ ਹਾਸਲ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਦਿੱਲੀ ਮਾਡਲ ਦੇ ਤੌਰ ’ਤੇ ਆਮ ਆਦਮੀ ਪਾਰਟੀ ਦੇ ਕੋਲ ਇਕ ਵੱਡਾ ਹਥਿਆਰ ਹੈ ਪਰ ਦਿੱਲੀ ’ਚ ਉੱਥੇ ਦੀ ਸਰਕਾਰ ਦੇ ਕੋਲ ਨਾ ਤਾਂ ਪੁਲਸ ਦੀ ਪਾਵਰ ਹੈ ਅਤੇ ਨਾ ਹੀ ਪ੍ਰਬੰਧਕੀ ਪਾਵਰ, ਜਿਸ ਕਾਰਨ ਸਮੇਂ-ਸਮੇਂ ’ਤੇ ਆਮ ਆਦਮੀ ਪਾਰਟੀ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪਾਰਟੀ ਕੋਲ ਲੋਕਾਂ ਦੀ ਅਦਾਲਤ ’ਚ ਜਾ ਕੇ ਇਨ੍ਹਾਂ ਮੁਸ਼ਕਿਲਾਂ ਦਾ ਵਾਸਤਾ ਦੇਣ ਦਾ ਇਕ ਬਹਾਨਾ ਵੀ ਬਣ ਜਾਂਦਾ ਹੈ ਪਰ ਪੰਜਾਬ ’ਚ ਅਜਿਹਾ ਕੁਝ ਨਹੀਂ ਹੋਵੇਗਾ। ਪੰਜਾਬ ’ਚ ਪਾਰਟੀ ਨੂੰ ਮਜ਼ਬੂਤੀ ਨਾਲ ਕੰਮ ਕਰਨਾ ਹੋਵੇਗਾ ਅਤੇ ਪੰਜਾਬ ਨੂੰ ਇਕ ਪਲੇਟਫਾਰਮ ਵਾਂਗ ਇਸਤੇਮਾਲ ਕਰਕੇ ਆਮ ਆਦਮੀ ਪਾਰਟੀ ਕੁਝ ਵੀ ਵੱਡਾ ਸੁਫ਼ਨਾ ਵੇਖ ਸਕਦੀ ਹੈ। ਪੰਜਾਬ ’ਚ ਬਹੁਤ ਸਾਰੇ ਕੰਮ ਹੋਣ ਵਾਲੇ ਹਨ, ਜੋ ਆਮ ਲੋਕਾਂ ਲਈ ਸਮੇਂ ਦੀ ਜ਼ਰੂਰਤ ਹੈ। ਖਾਸ ਕਰਕੇ ਸਿੱਖਿਆ ਅਤੇ ਹੈਲਥ ਦੇ ਮਾਮਲੇ ’ਚ ਸਰਕਾਰ ਨੂੰ ਵੱਡੇ ਕਦਮ ਚੁੱਕਣੇ ਹੋਣਗੇ ਤਾਂ ਕਿ ਲੋਕਾਂ ਦੀਆਂ ਪਾਰਟੀ ਪ੍ਰਤੀ ਜੋ ਆਸਾਂ-ਉਮੀਦਾਂ ਹਨ, ਉਨ੍ਹਾਂ ’ਤੇ ਉਹ ਖਰੀ ਉੱਤਰ ਸਕੇ।
ਇਹ ਵੀ ਪੜ੍ਹੋ: ਸ੍ਰੀ ਚਮਕੌਰ ਸਾਹਿਬ ਤੇ ਭਦੌੜ ਦੋਵੇਂ ਸੀਟਾਂ ਹਾਰ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਵਰਨਾ ਸਭ ਕੁਝ ਅਲੱਗ-ਥਲੱਗ
ਪੰਜਾਬ ’ਚ ਜੇਕਰ ਆਮ ਆਦਮੀ ਪਾਰਟੀ ਖ਼ੁਦ ਨੂੰ ਸਾਬਿਤ ਨਾ ਕਰ ਸਕੀ ਅਤੇ ਸੂਬੇ ਦੀ ਸੱਤਾ ’ਚ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਨਹੀਂ ਉੱਤਰ ਸਕੀ ਤਾਂ ਪੰਜਾਬ ਤਾਂ ਇਕ ਵਾਰ ਫਿਰ ਤੋਂ ਬੁਰੇ ਦੌਰ ’ਚ ਪਹੁੰਚ ਜਾਵੇਗਾ। ਨਾਲ ਹੀ ਆਮ ਆਦਮੀ ਪਾਰਟੀ ਵੀ ਇਕ ਸੁਨਹਿਰੀ ਮੌਕਾ ਗੁਆ ਦੇਵੇਗੀ। ਪੰਜਾਬ ’ਚ ਰਹਿ ਕੇ ਜੇਕਰ ਪਾਰਟੀ ਕੁਝ ਨਾ ਕਰ ਸਕੀ ਤਾਂ ਖ਼ੁਦ ਆਮ ਆਦਮੀ ਪਾਰਟੀ ਦੋਬਾਰਾ ਪੰਜਾਬ ’ਚ ਵੋਟ ਮੰਗਣ ਦੀ ਹਾਲਤ ’ਚ ਨਹੀਂ ਰਹਿ ਜਾਵੇਗੀ।
ਇਹ ਵੀ ਪੜ੍ਹੋ: ਭਦੌੜ ਹਲਕੇ ਤੋਂ ਵੱਡੇ ਫਰਕ ਨਾਲ ਹਾਰੇ CM ਚਰਨਜੀਤ ਸਿੰਘ ਚੰਨੀ, ‘ਆਪ’ ਉਮੀਦਵਾਰ ਲਾਭ ਸਿੰਘ ਰਹੇ ਜੇਤੂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ