ਰੂਪਨਗਰ ਜ਼ਿਲ੍ਹੇ ਦੇ 2 ਦਰਜਨ ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਖੁੱਲ੍ਹੇਗਾ’ ਅੱਜ
Thursday, Mar 10, 2022 - 08:06 AM (IST)
 
            
            ਰੂਪਨਗਰ (ਵਿਜੇ)-ਵਿਧਾਨ ਸਭਾ ਚੋਣਾਂ-2022 ਰੂਪਨਗਰ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਤੋਂ 2 ਦਰਜਨ ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਅੱਜ ਖੁੱਲ੍ਹਣ ਜਾ ਰਿਹਾ ਹੈ, ਜਿਸ ਨੂੰ ਲੈ ਕੇ ਜ਼ਿਲ੍ਹੇ ਦੇ ਲੋਕ ਬੇਸਵਰੀ ਨਾਲ ਉਡੀਕ ਕਰ ਰਹੇ ਸਨ। 20 ਫਰਵਰੀ 2022 ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ 49-ਸ੍ਰੀ ਅਨੰਦਪੁਰ ਸਾਹਿਬ, ਵਿਧਾਨ ਸਭਾ ਹਲਕਾ 50-ਰੂਪਨਗਰ ਅਤੇ ਵਿਧਾਨ ਸਭਾ ਹਲਕਾ 51-ਸ੍ਰੀ ਚਮਕੌਰ ਸਾਹਿਬ ਤੋਂ 2 ਦਰਜਨ ਤੋਂ ਵੱਧ ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ’ਚੋਂ ਵਿਧਾਇਕ ਅਹੁਦੇ ਦਾ ਤਾਜ 3 ਵਿਅਕਤੀਆਂ ’ਤੇ ਸਜਣ ਜਾ ਰਿਹਾ ਹੈ। ਇਸ ਵਾਰ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਬਾਦਲ-ਬਸਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਹੈ। ਇਸ ਵਾਰ ਵਿਧਾਨ ਸਭਾ ਚੋਣਾਂ ਦਾ ਇਹ ਮੁਕਾਬਲਾ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਬਰਦਸਤ ਹੈ ਕਿਉਂਕਿ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਸੀ ਪਰ ਈ. ਵੀ. ਐੱਮ. ਮਸ਼ੀਨਾਂ ’ਚ ਬੰਦ ਉਮੀਦਵਾਰ ਦੀ ਕਿਸਮਤ ਦਾ ਪਿਟਾਰਾ ਖੁੱਲ੍ਹਣ ਤੋਂ ਬਾਅਦ ਅੱਜ ਪ੍ਰਤੱਖ ਹੋ ਜਾਵੇਗਾ ਕਿ ਵਿਧਾਇਕ ਅਹੁਦੇ ਦਾ ਤਾਜ ਕਿਹੜੇ-ਕਿਹੜੇ ਵਿਅਕਤੀ ਦੇ ਸਿਰ ਸਜਦਾ ਹੈ, ਜਿਨ੍ਹਾਂ ’ਚੋਂ ਉਮੀਦਵਾਰ ਚਰਨਜੀਤ ਸਿੰਘ ਚੰਨੀ ਪੰਜਾਬ, ਰਾਣਾ ਕੇ. ਪੀ. ਸਿੰਘ ਸਪੀਕਰ ਪੰਜਾਬ ਵਿਧਾਨ ਸਭਾ, ਡਾ. ਦਲਜੀਤ ਸਿੰਘ ਚੀਮਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਇਕਬਾਲ ਸਿੰਘ ਲਾਲਪੁਰਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਦੇ ਨਾਂ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਰਕੇ ਹੌਟ ਸੀਟ ਬਣੀ ਵਿਧਾਨ ਸਭਾ ਹਲਕਾ ਮਾਨਸਾ, 'ਜਗ ਬਾਣੀ' 'ਤੇ ਜਾਣੋ ਪਲ-ਪਲ ਦੀ ਖ਼ਬਰ

63 ਪਾਰਟੀਆਂ ਤਾਇਨਾਤ, ਸਾਰੀ ਪ੍ਰਕਿਰਿਆ ਦੀ ਹੋਵੇਗੀ ਵੀਡੀਓਗ੍ਰਾਫ਼ੀ
ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਸਰਕਾਰੀ ਕਾਲਜ ਰੂਪਨਗਰ ਵਿਖੇ ਵਿਧਾਨ ਸਭਾ ਚੋਣਾਂ-2022 ਰੂਪਨਗਰ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਦੀ ਵੋਟਾਂ ਦੀ ਗਿਣਤੀ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। 10 ਮਾਰਚ ਨੂੰ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ, ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਸ਼ੁਰੂ ਹੋਈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਵਿਧਾਨ ਸਭਾ ਹਲਕਾ 49- ਸ੍ਰੀ ਅਨੰਦਪੁਰ ਸਾਹਿਬ, 50-ਰੂਪਨਗਰ ਅਤੇ 51-ਸ੍ਰੀ ਚਮਕੌਰ ਸਾਹਿਬ ਦੇ ਵੋਟਾਂ ਦੀ ਗਿਣਤੀ ਲਈ 14 ਵੱਖ-ਵੱਖ ਪਾਰਟੀਆਂ ਪ੍ਰਤੀ ਹਲਕਾ ਤਾਇਨਾਤ ਕੀਤੀ ਗਈਆਂ ਹਨ, ਜਦੋਂਕਿ 7 ਪਾਰਟੀਆਂ ਪ੍ਰਤੀ ਹਲਕਾ ਰਿਜ਼ਰਵ ਰੱਖੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਲਈ ਕੁੱਲ 63 ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਅੱਜ ਸਰਕਾਰੀ ਕਾਲਜ ਰੂਪਨਗਰ ਅਧਿਆਪਕਾਂ/ਬੱਚਿਆਂ ਲਈ ਰਹੇਗਾ ਬੰਦ
ਸੋਨਾਲੀ ਗਿਰੀ ਜ਼ਿਲਾ ਮੈਜਿਸਟਰੇਟ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿਖੇ ਵਿਧਾਨ ਸਭਾ ਹਲਕਾ 49-ਸ੍ਰੀ ਅਨੰਦਪੁਰ ਸਾਹਿਬ, ਵਿਧਾਨ ਸਭਾ ਹਲਕਾ 50-ਰੂਪਨਗਰ ਅਤੇ ਵਿਧਾਨ ਸਭਾ ਹਲਕਾ 51-ਸ੍ਰੀ ਚਮਕੌਰ ਸਾਹਿਬ ਦੇ ਸਟਰਾਂਗ ਰੂਮ ਸਰਕਾਰੀ ਕਾਲਜ, ਰੂਪਨਗਰ ਵਿਚ ਬਣਾਏ ਗਏ ਹਨ ਅਤੇ 10 ਮਾਰਚ 2022 ਨੂੰ ਤਿੰਨੇ ਵਿਧਾਨ ਸਭਾ ਹਲਕਿਆਂ ਦੇ ਵੋਟਾਂ ਦੀ ਗਿਣਤੀ ਵੀ ਸਰਕਾਰੀ ਕਾਲਜ, ਰੂਪਨਗਰ ਵਿਖੇ ਕੀਤੀ ਜਾਣੀ ਹੈ, ਜਿਸ ਲਈ 10 ਮਾਰਚ ਨੂੰ ਸਰਕਾਰੀ ਕਾਲਜ ਰੂਪਨਗਰ ਅਧਿਆਪਕਾਂ/ਬੱਚਿਆਂ ਲਈ ਬੰਦ ਰਹੇਗਾ। ਸੋਨਾਲੀ ਗਿਰੀ ਨੇ ਅੱਗੇ ਦੱਸਿਆ ਸਰਕਾਰੀ ਕਾਲਜ, ਰੂਪਨਗਰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ: ਤਾਂ ਕੀ ਕਾਂਗਰਸ ਤੇ ਭਾਜਪਾ ਦਾ ਇਹ ਦਾਅ ਹੋ ਗਿਆ ਹੈ ਫਲਾਪ ?
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            